ਕਰੋੜਾਂ ਰੁਪਏ ਦੀ ਲਾਗਤ ਨਾਲ ਬਣੇ ਨੂਰਾ ਮਾਹੀ ਬੱਸ ਅੱਡੇ ਦੀ ਹਾਲਤ ਖਸਤਾ
ਸੰਤੋਖ ਗਿੱਲ
ਰਾਏਕੋਟ, 30 ਜੂਨ
ਇੱਥੇ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਬਣਾਏ ਨੂਰਾ ਮਾਹੀ ਬੱਸ ਅੱਡੇ ਦੀ ਹਾਲਤ ਕੱਖੋਂ ਹੌਲੀ ਹੋ ਗਈ ਹੈ। ਯਾਤਰੀਆਂ ਦੀ ਸਹੂਲਤ ਲਈ ਬਣਾਏ ਪਖਾਨਿਆਂ ਦੀ ਸਫ਼ਾਈ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਫ਼ਾਈ ਕਾਮਿਆਂ ਨੇ ਬਹੁਤੇ ਪਖਾਨਿਆਂ ਨੂੰ ਤਾਲੇ ਜੜ੍ਹ ਦਿੱਤੇ ਹਨ ਅਤੇ ਸਾਫ਼-ਸਫ਼ਾਈ ਦਾ ਟੰਟਾ ਹੀ ਮੁਕਾ ਦਿੱਤਾ ਹੈ। ਹੋਰ ਤਾਂ ਹੋਰ ਅਪੰਗ ਯਾਤਰੀਆਂ ਲਈ ਬਣੇ ਪਖਾਨੇ ਨੂੰ ਤਾਲਾ ਲਾ ਕੇ ਆਪਣਾ ਸਟੋਰ ਬਣਾ ਲਿਆ ਹੈ। ਅਤਿ ਦੀ ਗਰਮੀ ਦੌਰਾਨ ਟੂਟੀਆਂ ਦਾ ਪਾਣੀ ਬੇਰੋਕ ਵਗਦਾ ਹੈ, ਜਿਸ ਕਾਰਨ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਹੇਠ ਚਿੱਕੜ ਹੀ ਰਹਿੰਦਾ ਹੈ। ਕੂੜੇ ਦੀ ਸੰਭਾਲ ਲਈ ਰੱਖੇ ਕੂੜਾਦਾਨ ਇੱਧਰ-ਉੱਧਰ ਰੁੜ੍ਹੇ ਫਿਰਦੇ ਹਨ ਅਤੇ ਇਸ ਵਰਤਾਰੇ ਤੋਂ ਪ੍ਰਸ਼ਾਸਨ ਬੇਖ਼ਬਰ ਹੈ।
ਜ਼ਿਕਰਯੋਗ ਹੈ ਕਿ ਰਾਏਕੋਟ ਦਾ ਨੂਰਾ ਮਾਹੀ ਬੱਸ ਅੱਡਾ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਕਰੋੜਾਂ ਰੁਪਏ ਦੀ ਲਾਗਤ ਨਾਲ ਕਰੀਬ ਤਿੰਨ ਸਾਲ ਪਹਿਲਾਂ ਬਣਿਆ ਸੀ ਪਰ ਸਥਾਨਕ ਨਗਰ ਕੌਂਸਲ ਵੱਲੋਂ ਇਸ ਦੀ ਸਾਂਭ-ਸੰਭਾਲ ਵੱਲ ਬਹੁਤੀ ਤਵੱਜੋਂ ਨਾ ਦਿੱਤੇ ਜਾਣ ਕਾਰਨ ਇਸ ਦੀ ਹਾਲਤ ਬਦਤਰ ਬਣੀ ਹੋਈ ਹੈ। ਬੱਸ ਅੱਡੇ ਉੱਪਰ ਆਪਣੀ ਬੱਸ ਦੀ ਉਡੀਕ ਕਰ ਰਹੇ ਯਾਤਰੀਆਂ ਨੇ ਦੱਸਿਆ ਕਿ ਇੱਕ ਪਾਸੇ ਦੇ ਸਾਰੇ ਪਖਾਨਿਆਂ ਨੂੰ ਤਾਂ ਸਫ਼ਾਈ ਕਾਮਿਆਂ ਨੇ ਪੱਕੇ ਤੌਰ ’ਤੇ ਹੀ ਤਾਲੇ ਲਾ ਰੱਖੇ ਹਨ ਅਤੇ ਬੇਰੋਕ ਚੱਲ ਰਹੀਆਂ ਪੀਣ ਵਾਲੇ ਪਾਣੀਆਂ ਦੀਆਂ ਟੂਟੀਆਂ ਕਾਰਨ ਪਾਣੀ ਦੀ ਬਰਬਾਦੀ ਤਾਂ ਹੁੰਦੀ ਹੀ ਹੈ ਸਗੋਂ ਉਨ੍ਹਾਂ ਦੇ ਹੇਠਾਂ ਚਿੱਕੜ ਕਾਰਨ ਯਾਤਰੀਆਂ ਨੂੰ ਗਰਮੀ ਦੇ ਮੌਸਮ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਸੰਪਰਕ ਕਰਨ ’ਤੇ ਨਗਰ ਕੌਂਸਲ ਰਾਏਕੋਟ ਦਾ ਵਾਧੂ ਚਾਰਜ ਸੰਭਾਲ ਰਹੇ ਕਾਰਜਸਾਧਕ ਅਫ਼ਸਰ ਇੰਜੀਨੀਅਰ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਖ਼ੁਦ ਮੌਕੇ ਦਾ ਦੌਰਾ ਕਰਨਗੇ ਅਤੇ ਯਾਤਰੀਆਂ ਲਈ ਸਭ ਸਹੂਲਤਾਂ ਦੇਣ ਲਈ ਨਗਰ ਕੌਂਸਲ ਵਚਨਬੱਧ ਹੈ।