ਜਲੰਧਰ-ਹੁਸ਼ਿਆਰਪੁਰ ਸੜਕ ਦੀ ਹਾਲਤ ਖਸਤਾ
ਪੱਤਰ ਪ੍ਰੇਰਕ
ਜਲੰਧਰ, 7 ਅਗਸਤ
ਢਾਈ ਮਹੀਨੇ ਪਹਿਲਾਂ ਮੁੱਖ ਮੰਤਰੀ ਨੇ ਜਿਸ ਸੜਕ ਦੀ ਮੁਰੰਮਤ ਦੇ ਕੰਮ ਦਾ ਆਰੰਭ ਸ਼ੁਰੂ ਕਰਵਾਇਆ ਸੀ, ਉਸੇ ਸੜਕ ਦਾ ਜ਼ਿਆਦਾਤਰ ਹਿੱਸਾ ਟੋਇਆਂ ’ਚ ਤਬਦੀਲ ਹੈ। 18 ਮਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ-ਹੁਸ਼ਿਆਰਪੁਰ ਰੋਡ ਦੀ ਮੁਰੰਮਤ ਦੇ ਕੰਮ ਦਾ ਆਰੰਭ ਕੀਤਾ ਗਿਆ ਸੀ ਤੇ ਢਾਈ ਮਹੀਨੇ ਬੀਤੇ ਜਾਣ ਦੇ ਬਾਵਜੂਦ ਹਾਲੇ ਤਕ ਸਿਰਫ ਆਦਮਪੁਰ ਕਸਬੇ ਦੀਆਂ ਅੰਦਰੂਨੀ ਸੜਕਾਂ ਦੀ ਹੀ ਕੁਝ ਹੱਦ ਤਕ ਮੁਰੰਮਤ ਹੋ ਸਕੀ ਹੈ। ਆਦਮਪੁਰ ਨੂੰ ਛੱਡ ਕੇ ਜਲੰਧਰ-ਹੁਸ਼ਿਆਰਪੁਰ ਰੋਡ ਦਾ ਜ਼ਿਆਦਾ ਹਿੱਸਾ ਹੁਣ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਬਾਰਿਸ਼ ਦਾ ਪਾਣੀ ਟੋਇਆਂ ’ਚ ਤਬਦੀਲ ਹੋ ਚੁੱਕੀ ਸੜਕ ’ਤੇ ਖੜ੍ਹਾ ਹੈ ਤੇ ਦੁਪਹੀਆ ਵਾਹਨਾਂ ਤਕ ਨੂੰ ਕੱਢਣ ਲਈ ਰਾਹ ਨਹੀਂ ਮਿਲ ਰਿਹਾ। ਹਾਲਾਂਕਿ ਆਦਮਪੁਰ ’ਚ ਹੀ ਹਾਲੇ ਤਕ ਹੁਣ ਡਾਊਨ ਟਰੈਫਿਕ ਲਈ ਮੁਕੰਮਲ ਸੜਕ ਦਾ ਨਿਰਮਾਣ ਨਹੀਂ ਹੋ ਸਕਿਆ ਤੇ ਆਦਮਪੁਰ ’ਚ ਵੀ ਕੁਝ ਅਜਿਹਾ ਬਾਕੀ ਬਚਿਆ ਹੋਇਆ ਹੈ ਜਿਸ ’ਤੇ ਪ੍ਰੀਮਿਕਸ ਵਿਛਾਈ ਜਾਣੀ ਹੈ। ਜਲੰਧਰ ਸੰਸਦੀ ਚੋਣ ਪ੍ਰਚਾਰ ਦੌਰਾਨ ਆਦਮਪੁਰ ’ਚ ਕੱਢੇ ਗਏ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਲਾਕੇ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਛੇਤੀ ਸੜਕ ਦਾ ਨਿਰਮਾਣ ਕਰਵਾਇਆ ਜਾਵੇਗਾ। ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਲੰਮਾ ਪਿੰਡ ਚੌਕ ਤੋਂ ਹੀ ਸ਼ੁਰੂ ਹੋ ਰਹੀਆਂ ਹਨ ਤੇ ਲੰਮਾ ਪਿੰਡ ਤੋਂ ਜੰਡੂ-ਸਿੰਘਾ ਤੇ ਆਦਮਪੁਰ ਵਿਚਾਲੇ ਸੜਕ ਬਦਹਾਲ ਨਜ਼ਰ ਆ ਰਹੀ ਹੈ। ਆਦਮਪੁਰ ਨੂੰ ਪਾਰ ਕਰਦਿਆਂ ਹੀ ਖੁਰਦਪੁਰ, ਕਠਾਰ, ਨਸਰਾਲਾ, ਪਿਪਲਾਂਵਾਲਾ ਸੜਕ ਦੀ ਬਦਹਾਲੀ ਰਾਹਗੀਰਾਂ ਨੂੰ ਰੱਜ ਕੇ ਪ੍ਰੇਸ਼ਾਨ ਕਰ ਰਹੀ ਹੈ। ਮੁੱਖ ਮੰਤਰੀ ਵੱਲੋਂ 13.74 ਕਰੋੜ ਦੀ ਲਾਗਤ ਨਾਲ ਲਗਪਗ 40 ਕਿਲੋਮੀਟਰ ਲੰਬੀ ਜਲੰਧਰ-ਹੁਸ਼ਿਆਰਪੁਰ-ਚੋਹਾਲ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਸੜਕ ਦੀ ਬਦਹਾਲੀ ਕਾਰਨ ਜਲੰਧਰ ਤੋਂ ਹੁਸ਼ਿਆਰਪੁਰ ਵੱਲ ਜਾਣ ਵਾਲੇ ਲੋਕ ਹੁਣ ਵਾਇਆ ਫਗਵਾੜਾ ਜਾਣੇ ਸ਼ੁਰੂ ਹੋ ਗਏ ਹੈ।
ਸਾਉਣ ਦੇ ਮਹੀਨੇ ’ਚ ਮਾਤਾ ਚਿੰਤਪੁਰਨੀ ਦਰਬਾਰ ’ਚ ਮੱਥਾ ਟੇਕਣ ਲਈ ਭਾਰੀ ਗਿਣਤੀ ’ਚ ਸ਼ਰਧਾਲੂ ਰਾਜਸਥਾਨ, ਮਾਲਵੇ ਤੇ ਦੁਆਬੇ ਤੋਂ ਇਸ ਰੋਡ ਤੋਂ ਹੁੰਦੇ ਹੋਏ ਹਿਮਾਚਲ ਪ੍ਰਦੇਸ਼ ’ਚ ਪ੍ਰਵੇਸ਼ ਕਰਦੇ ਹਨ ਪਰ ਸੜਕ ਦੀ ਵਜ੍ਹਾ ਨਾਲ ਸ਼ਰਧਾਲੂਆਂ ਨੇ ਵੀ ਹੁਣ ਇਸ ਰਸਤਿਓਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ ਤੇ ਲਗਪਗ 20 ਕਿਲੋਮੀਟਰ ਦਾ ਵਾਧੂ ਫ਼ਾਸਲਾ ਤੈਅ ਕਰਨ ਤੋਂ ਬਾਅਦ ਸ਼ਰਧਾਲੂ ਹੁਸ਼ਿਆਰਪੁਰ ਪੁੱਜਦੇ ਹਨ ਜਿਸ ਕਾਰਨ ਸੰਗਤਾਂ ਦਾ ਸਰਕਾਰ ਪ੍ਰਤੀ ਕਾਫੀ ਰੋਸ ਪਾਇਆ ਜਾ ਰਿਹਾ ਹੈ।