ਡਕਾਲਾ ਤੋਂ ਕਰਹਾਲੀ ਸਾਹਿਬ ਲਿੰਕ ਸੜਕ ਦੀ ਹਾਲਤ ਖਸਤਾ
ਮਾਨਵਜੋਤ ਭਿੰਡਰ
ਡਕਾਲਾ, 23 ਸਤੰਬਰ
ਡਕਾਲਾ ਤੋਂ ਕਰਹਾਲੀ ਸਾਹਿਬ ਲਿੰਕ ਸੜਕ ਦੀ ਹਾਲਤ ਖਸਤਾ ਹੈ। ਮੀਂਹ ਦੇ ਦਿਨਾਂ ਵਿੱਚ ਤਾਂ ਇਸ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ। ਕਈ ਥਾਵਾਂ ਉੱਤੇ ਡੂੰਘੇ ਖੱਡੇ ਪਏ ਹੋਏ ਹਨ| ਕੁਝ ਮਹੀਨੇ ਪਹਿਲਾਂ ਸਬੰਧਿਤ ਹਲਕਾ ਸਮਾਣਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਰਹਾਲੀ ਸਾਹਿਬ ਹੋਈ ਇਕੱਤਰਤਾ ਦੌਰਾਨ ਸੜਕ ਦੇ ਟੈਂਡਰ ਜਾਰੀ ਹੋਣ ਦੀ ਗੱਲ ਆਖੀ ਸੀ ਪ੍ਰੰਤੂ ਇਹ ਗੱਲ ਅੱਗੇ ਨਹੀਂ ਵਧ ਸਕੀ।
ਮਾਰਕੀਟ ਕਮੇਟੀ ਡਕਾਲਾ ਦੇ ਸਾਬਕਾ ਚੇਅਰਮੈਨ ਮਦਨਜੀਤ ਡਕਾਲਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਬਠੋਈ ਤੇ ਮੋਹਨ ਸਿੰਘ ਕਰਤਾਰਪੁਰ ਨੇ ਮੰਗ ਕੀਤੀ ਕਿ ‘ਆਪ’ ਸਰਕਾਰ ਨੂੰ ਖਸਤਾ ਹਾਲ ਸੜਕ ਦੀ ਸਾਰ ਲੈਣੀ ਚਾਹੀਦੀ ਹੈ, ਚੋਣਾਂ ਵੇਲੇ ਤੇ ਬਾਅਦ ਵਿੱਚ ਕੀਤਾ ਵਾਅਦਾ ਨਿਭਾਉਣਾ ਚਾਹੀਦਾ ਹੈ| ਸੜਕ ਦੀ ਦੁਰਦਸ਼ਾ ਸਬੰਧੀ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਜਦੋਂ ਫੋਨ ਉੱਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਸਿਰਫ ਇਹੀ ਹੀ ਆਖਿਆ ਕਿ ਉਹ ਇਨੀਂ ਦਿਨੀਂ ਕਿਸੇ ਹੋਰ ਰੁਝੇਵੇਂ ਵਿੱਚ ਹਨ ਤੇ ਸੜਕ ਦਾ ਜੋ ਵੀ ਸਟੇਟਸ ਹੈ, ਉਸ ਸਬੰਧੀ ਅਗਲੇ ਦਿਨਾਂ ’ਚ ਜਾਣਕਾਰੀ ਦੇ ਦੇਣਗੇ।
ਭਵਾਨੀਗੜ੍ਹ-ਨਾਭਾ ਮੁੱਖ ਸੜਕ ਨੇ ਛੱਪੜ ਦਾ ਰੂਪ ਧਾਰਿਆ
ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੇ ਮੀਂਹ ਪੈਣ ਕਾਰਨ ਭਵਾਨੀਗੜ੍ਹ-ਨਾਭਾ ਮਾਰਗ ’ਤੇ ਅੱਜ ਛੱਪੜ ਦਾ ਰੂਪ ਧਾਰਨ ਕਰ ਗਈ ਜਿਸ ਕਾਰਨ ਦੁਕਾਨਦਾਰਾਂ ਅਤੇ ਵਾਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ਦੀ ਮੁਰੰਮਤ ਨਾ ਹੋਣ ਕਾਰਨ ਇਹ ਸੜਕ ਥਾਂ ਥਾਂ ਤੋਂ ਟੁੱਟੀ ਪਈ ਹੈ। ਇਸ ਸੜਕ ’ਤੇ ਬਾਲਦ ਕੈਂਚੀਆਂ ਵਿੱਚ ਸੈਂਕੜੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ। ਦੁਕਾਨਦਾਰਾਂ ਅਤੇ ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਦੀ ਮੁਰੰਮਤ ਲਈ ਕਈ ਵਾਰ ਆਵਾਜ਼ ਉਠਾਈ ਗਈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸੇ ਦੌਰਾਨ ਅੱਜ ਭਾਰੀ ਮੀਂਹ ਪੈਣ ਨਾਲ ਦੁਬਾਰਾ ਫਿਰ ਦੁਕਾਨਦਾਰਾਂ ਅਤੇ ਲੋਕਾਂ ਨੂੰ ਵਕ਼ਤ ਪੈ ਗਿਆ ਹੈ। ਇਸ ਸਬੰਧੀ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਲਈ ਪੈਸੇ ਸੈਕਸ਼ਨ ਹੋ ਗਏ ਹਨ ਅਤੇ ਜਲਦੀ ਹੀ ਟੈਂਡਰ ਪੈ ਕੇ ਕੰਮ ਸ਼ੁਰੂ ਹੋ ਜਾਵੇਗਾ।