ਸ਼ੇਰਪੁਰ ਦੇ ਖ਼ਰੀਦ ਕੇਂਦਰਾਂ ’ਚ ਸਾਫ਼-ਸਫ਼ਾਈ ਦਾ ਹਾਲ ਮਾੜਾ
ਬੀਰਬਲ ਰਿਸ਼ੀ
ਸ਼ੇਰਪੁਰ, 9 ਅਕਤੂਬਰ
ਮਾਰਕੀਟ ਕਮੇਟੀ ਸ਼ੇਰਪੁਰ ਨਾਲ ਸਬੰਧਤ ਖ਼ਰੀਦ ਕੇਂਦਰਾਂ ’ਚ ਸਾਫ਼-ਸਫ਼ਾਈ ਦੀ ਅਣਹੋਂਦ ਨੇ ਸਰਕਾਰੀ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਜਦੋਂਕਿ ਪੇਂਡੂ ਖ਼ਰੀਦ ਕੇਂਦਰ ਰੰਗੀਆਂ ਵਿੱਚ ਝੋਨੇ ਦੀ ਆਮਦ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਕਿਸਾਨ ਝੋਨਾ ਲਿਆਉਣ ਲਈ ਤਿਆਰ ਬੈਠੇ ਹਨ। ਮਾਰਕੀਟ ਕਮੇਟੀ ਦੇ ਵੱਡੇ ਖ਼ਰੀਦ ਕੇਂਦਰ ਮੂਲੋਵਾਲ ਵਿੱਚ ਗੰਦਗੀ ਕਾਫ਼ੀ ਜ਼ਿਆਦਾ ਹੈ ਅਤੇ ਫੜ੍ਹ ਦੀ ਵੀ ਸਾਫ਼-ਸਫ਼ਾਈ ਨਹੀਂ ਹੋਈ। ਇੱਥੇ ਕਿਸਾਨਾਂ, ਮਜ਼ਦੂਰਾਂ ਲਈ ਕੋਈ ਪਖਾਨਿਆਂ ਦੇ ਪ੍ਰਬੰਧ ਵੀ ਨਹੀਂ ਹਨ।
ਪਿੰਡ ਰੰਗੀਆਂ ਦੇ ਖ਼ਰੀਦ ਕੇਂਦਰ ਵਿੱਚ ਇੱਕ ਪਾਸੇ ਝੋਨੇ ਦੀਆਂ ਕੁੱਝ ਟਰਾਲੀਆਂ ਲਹਿ ਚੁੱਕੀਆਂ ਸਨ ਅਤੇ ਦੂਜੇ ਪਾਸੇ ਇੱਕਾ-ਦੁੱਕਾ ਮਜ਼ਦੂਰ ਆਪਣਾ ਆਲਾ-ਦੁਆਲਾ ਸੁਆਰਦੇ ਨਜ਼ਰ ਆ ਰਹੇ ਸਨ। ਪਿੰਡ ਸਲੇਮਪੁਰ ਦੇ ਖ਼ਰੀਦ ਕੇਂਦਰ ਵਿੱਚ ਲੱਗੇ ਬਿਜਲੀ ਟਾਵਰਾਂ ਹੇਠਲੇ ਹਿੱਸੇ ਵਿੱਚ ਆਲੇ-ਦੁਆਲੇ ਦਾ ਫੂਸ-ਪਰਾਲ ਅਤੇ ਮਿੱਟੀ ਦੇ ਢੇਰ ਲੱਗੇ ਹੋਏ ਹਨ। ਪਿੰਡ ਬਾਦਸ਼ਾਹਪੁਰ ਵਿੱਚ ਪਾਥੀਆਂ ਵਿਖਾਈ ਦੇ ਰਿਹਾ ਹੈ। ਬਾਦਸ਼ਾਹਪੁਰ ਦੀ ਬਣ ਰਹੀ ਸੜਕ ਦੇ ਮੱਦੇਨਜ਼ਰ ਖ਼ਰੀਦ ਕੇਂਦਰ ਵਿੱਚ ਬ਼ਜਰੀ ਦੇ ਢੇਰ ਵੀ ਲੱਗੇ ਪਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਤੇ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਕਿਹਾ ਕਿ ਮਾਰਕੀਟ ਕਮੇਟੀ ਬਕਾਇਦਾ ਸਾਫ਼-ਸਫ਼ਾਈ ਦੇ ਟੈਂਡਰ ਜਾਰੀ ਕਰਦੀ ਹੈ ਪਰ ਪਹਿਲੀ ਰਵਾਇਤ ਅਨੁਸਾਰ ਮੰਡੀਆਂ ਦੀ ਸਫ਼ਾਈ ਆੜ੍ਹਤੀਏ ਆਪੋ-ਆਪਣੇ ਫੜ੍ਹ ਆਪਣੇ ਮੰਡੀ ਮਜ਼ਦੂਰਾਂ ਤੋਂ ਸਾਫ਼ ਕਰਵਾਉਂਦੇ ਹਨ। ਉਨ੍ਹਾਂ ਮੰਗ ਕੀਤੀ ਪੂਰੇ ਮਾਮਲੇ ਦੀ ਪੜਤਾਲ ਕਰਵਾਈ ਜਾਵੇ ਅਤੇ ਮੰਡੀਆਂ ਵਿੱਚ ਪਖਾਨੇ, ਲਾਈਟਾਂ ਤੇ ਪਾਣੀ ਸਮੇਤ ਸਮੁੱਚੇ ਪ੍ਰਬੰਧ ਕੀਤੇ ਜਾਣ।
ਉਧਰ ਮਾਰਕੀਟ ਕਮੇਟੀ ਸ਼ੇਰਪੁਰ ਦੇ ਸੈਕਟਰੀ ਡੀਨਪਾਲ ਨੇ ਉਪਰੋਕਤ ਦੋਸ਼ ਰੱਦ ਕਰਦਿਆਂ ਕਿਹਾ ਕਿ ਉਹ ਮੰਡੀਆਂ ਦੀ ਸਫ਼ਾਈ ਪੂਰੀ ਰੀਝ ਨਾਲ ਕਰਵਾ ਰਹੇ ਹਨ। ਜਦੋਂ ਉਨ੍ਹਾਂ ਦੇ ਧਿਆਨ ਵਿੱਚ ਮੂਲੋਵਾਲ, ਬਾਦਸ਼ਾਹਪੁਰ ਮੰਡੀਆਂ ਦੀ ਸਫ਼ਾਈ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਹੁਣੇ ਆਪਣੇ ਮੁਲਾਜ਼ਮ ਭੇਜ ਰਹੇ ਹਨ।