ਭਲੂਰ-ਮਾਹਲਾ ਸੰਪਰਕ ਸੜਕ ਦੀ ਹਾਲਤ ਖਸਤਾ
ਪੱਤਰ ਪ੍ਰੇਰਕ
ਸਮਾਲਸਰ, 23 ਜੂਨ
ਭਲੂਰ ਤੋਂ ਮਾਹਲਾਂ ਕਲਾਂ ਨੂੰ ਜਾਂਦੀ ਸੜਕ ਬੁਰੀ ਤਰ੍ਹਾਂ ਟੁੱਟ ਭੱਜ ਚੁੱਕੀ ਹੈ। ਪੂਰੀ ਸੜਕ ਵਿੱਚ ਵੱਡੇ ਵੱਡੇ ਟੋਏ ਪੈ ਚੁੱਕੇ ਹਨ ਜਿਸ ਨਾਲ ਰੋਜ਼ਾਨਾ ਹੀ ਨਿੱਕੇ ਮੋਟੇ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਕੋਈ ਵੱਡਾ ਹਾਦਸਾ ਵਾਪਰਨ ਦਾ ਖਦਸ਼ਾ ਹੈ। ਭਲੂਰ ਦੇ ਮਿਸਤਰੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਇਹ ਸੜਕ ਬਣੀ ਸੀ ਜੋ ਕਿ 18 ਫੁੱਟ ਦੀ ਬਜਾਏ 12 ਫੁੱਟ ਚੌੜੀ ਹੀ ਬਣਾਈ ਗਈ ਸੀ। ਇਸ ਸੜਕ ‘ਤੇ ਪੰਜ ਇੱਟਾਂ ਭੱਠੇ ਲੱਗੇ ਹੋਏ ਹਨ। ਇਸ ਤੋਂ ਇਲਾਵਾ ਦੂਸਰੇ ਪਿੰਡਾਂ ਤੋਂ ਸਕੂਲੀ ਬੱਚਿਆਂ ਦੇ ਆਉਣ ਜਾਣ ਵਾਲੇ ਵਾਹਨ ਅਤੇ ਮੁੱਦਕੀ ਬਾਘਾਪੁਰਾਣਾ ਮੁੱਖ ਸੜਕ ਨਾਲ ਜੋੜਨ ਵਾਲਾ ਰਾਸਤਾ ਹੋਣ ਕਰਕੇ ਰਾਹਗੀਰ ਵੀ ਵੱਡੀ ਗਿਣਤੀ ਵਿੱਚ ਇਸ ਰਸਤੇ ਆਉਦੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਪੰਜ ਸਾਲ ਤੋਂ ਬਾਅਦ ਕਿਸੇ ਠੇਕੇਦਾਰ ਨੇ ਵੀ ਇਸ ਦੀ ਸਾਰ ਨਹੀ ਲਈ। ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੱਲੋਂ ਵੀ ਸੜਕ ਦੀ ਹਾਲਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਭਲੂਰ ਅਤੇ ਮਾਹਲਾ ਦੇ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸੜਕ ਦੀ ਤੁਰੰਤ ਰਿਪੇਅਰ ਕਰਵਾਈ ਜਾਵੇ।