ਘੱਗਰ ਦਾ ਪਾਣੀ ਚੜ੍ਹਨ ਕਾਰਨ ਲੋਕਾਂ ਦੀ ਚਿੰਤਾ ਵਧੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਅਗਸਤ
ਘੱਗਰ ਦਰਿਆ ਵਿੱਚ ਵਧ ਰਹੇ ਪਾਣੀ ਦੇ ਪੱਧਰ ਨੇ ਲੋਕਾਂ ਨੂੰ ਫਿਕਰਾਂ ’ਚ ਪਾ ਦਿੱਤਾ ਹੈ। ਭਾਵੇਂ ਘੱਗਰ ’ਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ ਤਿੰਨ ਫੁੱਟ ਹੇਠਾਂ ਹੈ ਪਰ ਪਿਛਲੇ ਮਹੀਨੇ ਹੜ੍ਹ ਦੀ ਮਾਰ ਹੇਠ ਲੋਕਾਂ ਨੂੰ ਮੁੜ ਘੱਗਰ ਦਾ ਡਰ ਸਤਾਉਣ ਲੱਗਾ ਹੈ। ਦੂਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸ ਹੁੰਦਿਆਂ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਅੱਜ ਤਿਆਰੀਆਂ ਬਾਰੇ ਸਮੀਖਿਆ ਮੀਟਿੰਗ ਕੀਤੀ। ਜਾਣਕਾਰੀ ਅਨੁਸਾਰ ਖਨੌਰੀ ਸਾਈਫ਼ਨ ’ਤੇ ਘੱਗਰ ਦਰਿਆ ’ਚ ਪਾਣੀ ਦਾ ਪੱਧਰ ਅੱਜ ਸ਼ਾਮ ਛੇ ਵਜੇ ਤੱਕ 745.2 ਫੁੱਟ ’ਤੇ ਪੁੱਜ ਗਿਆ ਹੈ ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 3 ਫੁੱਟ ਹੇਠਾਂ ਹੈ। ਜ਼ਿਕਰਯੋਗ ਹੈ ਕਿ ਬੀਤੀ 4 ਅਗਸਤ ਨੂੰ ਘੱਗਰ ’ਚ ਪਾਣੀ ਦਾ ਪੱਧਰ ਘਟ ਕੇ 737.6 ਫੁੱਟ ’ਤੇ ਪੁੱਜ ਗਿਆ ਸੀ। ਡੀਸੀ ਜਤਿੰਦਰ ਜ਼ੋਰਵਾਲ ਨੇ ਅੱਜ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਸਮੂਹ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਥਾਰ ਵਿੱਚ ਮੀਟਿੰਗ ਕੀਤੀ। ਉਨ੍ਹਾਂ ਐਸ.ਡੀ.ਐਮ ਮੂਨਕ ਨੂੰ ਹਦਾਇਤ ਕੀਤੀ ਕਿ ਘੱਗਰ ਦੇ ਨੇੜੇ ਵਸੇ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਜਾਣ ਬਾਰੇ ਮੁਨਾਦੀ ਕਰਵਾਈ ਜਾਵੇ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਬੰਸ ਸਿੰਘ ਚਹਿਲ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕੇ ਦੇ ਜ਼ਿਆਦਾਤਰ ਰਕਬੇ ਵਿਚ ਮੁੜ ਝੋਨੇ ਦੀ ਲੁਆਈ ਹੋ ਚੁੱਕੀ ਹੈ, ਜੋ ਹੁਣ ਰੁਕ ਗਈ ਹੈ।