26 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਨੇ ਕੰਪਿਊਟਰ ਅਧਿਆਪਕ
ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਸਤੰਬਰ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇਥੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਦਿਨ-ਰਾਤ ਦਾ ਪੱਕਾ ਮੋਰਚਾ ਲਗਾ ਕੇ ਸ਼ੁਰੂ ਕੀਤੀ ਬੇਮਿਆਦੀ ਲੜੀਵਾਰ ਭੁੱਖ ਹੜਤਾਲ 26ਵੇਂ ਦਿਨ ਵੀ ਜਾਰੀ ਰਹੀ। 26ਵੇਂ ਦਿਨ ਕੰਪਿਊਟਰ ਅਧਿਆਪਕ ਸੁਮਿਤ ਕੁਮਾਰ ਪਟਿਆਲਾ ਅਤੇ ਸੁਖਵਿੰਦਰ ਸਿੰਘ ਪਟਿਆਲਾ ਭੁੱਖ ਹੜਤਾਲ ’ਤੇ ਬੈਠੇ ਜਦਕਿ ਵੱਖ-ਵੱਖ ਸਟੇਸ਼ਨਾਂ ਤੋਂ ਕੰਪਿਊਟਰ ਅਧਿਆਪਕਾਂ ਨੇ ਪੱਕੇ ਮੋਰਚੇ ਦੇ ਧਰਨੇ ਵਿੱਚ ਸ਼ਮੂਲੀਅਤ ਕਰ ਕੇ ਭੁੱਖ ਹੜਤਾਲੀ ਅਧਿਆਪਕਾਂ ਦਾ ਹੌਸਲਾ ਵਧਾਇਆ ਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਆਵਾਜ਼ ਬੁਲੰਦ ਕੀਤੀ।
ਉਧਰ ਅੱਜ ਭੁੱਖ ਹੜਤਾਲੀ ਕੈਂਪ ਵਿੱਚ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ 28 ਸਤੰਬਰ ਨੂੰ ਖਟਕੜ ਕਲਾਂ ਵਿੱਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਮਹਾ ਰੈਲੀ ਦੀ ਵਿਊਂਤਬੰਦੀ ਉਲੀਕੀ ਗਈ ਅਤੇ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੂੰ ਮਹਾ ਰੈਲੀ ਵਿੱਚ ਖਟਕੜ ਕਲਾਂ ਪੁੱਜਣ ਦਾ ਸੱਦਾ ਦਿੱਤਾ ਗਿਆ। ਕੰਪਿਊਟਰ ਅਧਿਆਪਕਾਂ ਦੇ ਸੂਬਾਈ ਵਫ਼ਦ ਦੀ ਭਲਕੇ 27 ਸਤੰਬਰ ਨੂੰ ਚੰਡੀਗੜ੍ਹ ਵਿੱਚ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਹੈ ਜਿਸ ਉਪਰ ਕੰਪਿਊਟਰ ਅਧਿਆਪਕਾਂ ਦੀ ਟੇਕ ਹੈ। ਜ਼ਿਕਰਯੋਗ ਹੈ ਕਿ ਬੀਤੀ ਪਹਿਲੀ ਸਤੰਬਰ ਤੋਂ ਕੰਪਿਊਟਰ ਅਧਿਆਪਕ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਬੇਮਿਆਦੀ ਭੁੱਖ ਹੜਤਾਲ ’ਤੇ ਬੈਠੇ ਹਨ। ਨਿੱਤ ਦਿਨ ਉਲੀਕੇ ਪ੍ਰੋਗਰਾਮ ਦੇ ਤਹਿਤ ਪੰਜਾਬ ਦੇ ਕਿਸੇ ਇੱਕ ਜਾਂ ਦੋ ਜ਼ਿਲ੍ਹਿਆਂ ਤੋਂ ਆਪਣੀ ਵਾਰੀ ਅਨੁਸਾਰ ਕੰਪਿਊਟਰ ਅਧਿਆਪਕ ਭੁੱਖ ਹੜਤਾਲੀ ਕੈਂਪ ਵਿੱਚ ਸ਼ਾਮਲ ਹੋ ਕੇ ਸੰਘਰਸ਼ ਵਿਚ ਬਣਦਾ ਹਿੱਸਾ ਪਾ ਰਹੇ ਹਨ।