ਤਿੰਨ ਰੋਜ਼ਾ ਫੁਟਬਾਲ ਕੱਪ ਲਈ ਮੁਕਾਬਲੇ ਆਰੰਭ
ਫਿਲੌਰ: ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ’ਚ 7ਵਾਂ ਫੁਟਬਾਲ ਕੱਪ ਅੱਜ ਆਰੰਭ ਹੋ ਗਿਆ। ਸਾਬਕਾ ਸੰਸਦੀ ਸਕੱਤਰ ਗੁਰਬਿੰਦਰ ਸਿੰਘ ਅਟਵਾਲ ਦੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਦਾ ਰਸਮੀ ਉਦਘਾਟਨ ਹਲਕਾ ਫਿਲੌਰ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਫੀਤਾ ਕੱਟ ਕੇ ਕੀਤਾ। ਕਲੱਬ ਮੈਂਬਰਾਂ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਓਪਨ ਪੱਧਰ ਦੀਆ 16 ਅਤੇ ਅੰਡਰ 16 ਦੀਆਂ 8 ਟੀਮਾਂ ਭਾਗ ਲੈਣਗੀਆਂ। ਇਸ ਤੋਂ ਇਲਾਵਾ 40 ਸਾਲਾਂ ਖਿਡਾਰੀਆਂ ਦਾ ਵੀ ਸ਼ੋਅ ਮੈਚ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਦਸਿਆ ਕਿ ਮੁੱਖ ਮਹਿਮਾਨ ਵਜੋਂ ਖੇਡ ਮੰਤਰੀ ਮੀਤ ਹੇਅਰ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਬਾਸੀ ਗਾਉਂਦਾ ਪੰਜਾਬ ਰੇਡੀਓ ਕੈਨੇਡਾ ਤੋਂ ਇਲਾਵਾ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ ਅਤੇ ਹੋਰ ਪਤਵੰਤੇ ਸੱਜਣ ਪਹੁੰਚਣਗੇ। ਟੂਰਨਾਮੈਂਟ ਦੇ ਅਖੀਰਲੇ ਦਿਨ ਪ੍ਰਸਿੱਧ ਗਾਇਕ ਹੁਨਰ ਸਿੱਧੂ, ਜੀ ਖਾਨ, ਇੰਦਰ ਨਾਗਰਾ ਆਪਣੇ ਗੀਤਾਂ ਰਾਹੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਬਾਬਾ ਸ਼ੰਭੂ ਰਾਮ ਚੇਅਰਮੈਨ, ਪ੍ਰਧਾਨ ਮਨੀ ਧਾਲੀਵਾਲ, ਜਨਰਲ ਸਕੱਤਰ ਜਗਦੀਸ਼ ਲਾਲ, ਟੀਮ ਮੈਨੇਜਰ ਅਤੇ ਸਲਾਹਕਾਰ ਪਰਮਜੀਤ ਚੌਹਾਨ ਹਾਜ਼ਰ ਸਨ। -ਪੱਤਰ ਪ੍ਰੇਰਕ