For the best experience, open
https://m.punjabitribuneonline.com
on your mobile browser.
Advertisement

ਕੰਪਨੀ ਸਰਕਾਰ ਨੇ ਮਿਟਾਈ ਕੈਥਲ ਰਿਆਸਤ ਦੀ ਹੋਂਦ

12:22 PM Oct 27, 2024 IST
ਕੰਪਨੀ ਸਰਕਾਰ ਨੇ ਮਿਟਾਈ ਕੈਥਲ ਰਿਆਸਤ ਦੀ ਹੋਂਦ
ਕੈਥਲ ਦੇ ਕਿਲ੍ਹੇ ਦੀ ਇੱਕ ਝਲਕ
Advertisement
ਗੁਰਦੇਵ ਸਿੰਘ ਸਿੱਧੂ

ਮਾਲਵੇ ਦੀਆਂ ਸਿੱਖ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ ਵਾਂਗ ਕੈਥਲੀਏ ਵੀ ਸਿੱਧੂ ਗੋਤੀਏ ਸਨ। ਇਨ੍ਹਾਂ ਦੇ ਵਡੇਰੇ ਭਾਈ ਭਗਤੂ ਨੂੰ ਗੁਰੂ ਅਰਜਨ ਦੇਵ ਜੀ ਨੇ ਮਾਲਵੇ ਦੇ ਇਲਾਕੇ ਵਿੱਚ ਸਿੱਖੀ ਦੇ ਪ੍ਰਚਾਰ ਅਤੇ ਸੰਗਤ ਦਾ ਗੁਰੂਘਰ ਨਾਲ ਸੰਪਰਕ ਬਣਾਈ ਰੱਖਣ ਵਾਸਤੇ ਮਸੰਦ ਥਾਪਿਆ ਜਿਸ ਤੋਂ ਉਸ ਦੇ ਵੰਸ਼ਜਾਂ ਨੂੰ ‘ਭਾਈ ਕੇ’ ਕਿਹਾ ਜਾਣ ਲੱਗਾ। ਭਾਈ ਭਗਤੂ ਤੋਂ ਚੌਥੀ ਪੀੜ੍ਹੀ ਵਿੱਚ ਭਾਈ ਦਿਆਲ ਸਿੰਘ ਦਾ ਪੁੱਤਰ ਭਾਈ ਗੁਰਬਖਸ਼ ਸਿੰਘ ਪਰਿਵਾਰ ਦਾ ਮੁਖੀ ਬਣਿਆ। ਉਹ ਬੜਾ ਸੂਰਬੀਰ ਸੀ। ਭਾਈ ਭਗਤੂ ਦੇ ਵੰਸ਼ਜ ਅਤੇ ਸਿੱਧੂ ਭਾਈਚਾਰੇ ਵਿੱਚੋਂ ਹੋਣ ਕਾਰਨ ਪਟਿਆਲੇ ਦਾ ਰਾਜਾ ਆਲਾ ਸਿੰਘ ਅਤੇ ਹੋਰ ਸਿੱਖ ਸਰਦਾਰ ਉਸ ਦਾ ਬਹੁਤ ਸਤਿਕਾਰ ਕਰਦੇ ਸਨ ਜਿਨ੍ਹਾਂ ਦੀ ਮਦਦ ਨਾਲ ਉਸ ਨੇ ਬਠਿੰਡੇ ਦੇ ਇਲਾਕੇ ਉੱਤੇ ਕਬਜ਼ਾ ਕੀਤਾ। ਬੁਲਾਢੇ ਦਾ ਇਲਾਕਾ ਰਾਜਾ ਆਲਾ ਸਿੰਘ ਨੇ ਜਿੱਤ ਕੇ ਉਸ ਨੂੰ ਭੇਟ ਕੀਤਾ। ਭਾਈ ਗੁਰਬਖਸ਼ ਸਿੰਘ ਦੇ 1766 ਈਸਵੀ ਵਿੱਚ ਸੁਰਗਵਾਸ ਹੋਣ ਪਿੱਛੋਂ ਉਸ ਦਾ ਸਥਾਨ ਭਾਈ ਬੁੱਢਾ ਸਿੰਘ ਅਤੇ ਫਿਰ ਉਸ ਦੇ ਪੁੱਤਰ ਦੇਸੂ ਸਿੰਘ ਨੂੰ ਮਿਲਿਆ।

Advertisement

ਭਾਈ ਦੇਸੂ ਸਿੰਘ ਨੇ ਆਪਣੇ ਵਡੇਰਿਆਂ ਦੀਆਂ ਜਿੱਤਾਂ ਨੂੰ ਅੱਗੇ ਵਧਾਇਆ। ਅਫ਼ਗ਼ਾਨ ਹਾਕਮ ਭੀਖ ਬਖ਼ਸ਼ ਤੇ ਨਿਆਮਤ ਖਾਂ, ਅਹਿਮਦ ਸ਼ਾਹ ਦੇ ਹਮਲਿਆਂ ਦੌਰਾਨ ਕੈਥਲ ਦਾ ਇਲਾਕਾ ਮੱਲ ਕੇ ਬੈਠ ਗਏ ਸਨ। ਕੈਥਲ ਫ਼ਤਹਿ ਕਰਨ ਵਾਸਤੇ ਭਾਈ ਦੇਸੂ ਸਿੰਘ ਨੇ ਹੋਰ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਕੈਥਲ ਨੂੰ ਘੇਰਾ ਪਾ ਲਿਆ। ਪਠਾਣ ਹਾਕਮਾਂ ਨੇ ਇੱਕ ਹਫ਼ਤਾ ਮੁਕਾਬਲਾ ਕੀਤਾ, ਪਰ ਫਿਰ ਸ਼ਹਿਰ ਛੱਡ ਕੇ ਨੱਸ ਗਏ। ਇਸ ਜਿੱਤ ਪਿੱਛੋਂ ਭਾਈ ਦੇਸੂ ਸਿੰਘ ਨੇ ਕੈਥਲ ਨੂੰ ਆਪਣਾ ਮੁੱਖ ਸਥਾਨ ਬਣਾਇਆ। ਕਰਨਾਲ ਜ਼ਿਲ੍ਹਾ ਗਜ਼ਟੀਅਰ ਵਿੱਚ ਲਿਖੇ ਅਨੁਸਾਰ ਉਸ ਨੇ ਕੈਥਲ ਵਿੱਚ ਕਿਲ੍ਹਾ ਬਣਵਾਉਣ ਦੇ ਨਾਲ ਨਾਲ ਰਿਆਸਤ ਅੰਦਰ ਢੁੱਕਵੇਂ ਟਿਕਾਣਿਆਂ ਉੱਤੇ ਛੋਟੇ ਕਿਲ੍ਹੇ ਬਣਵਾਏ। ਉਸ ਨੇ ਮਾਂਗਨਾਂ ਤੋਂ ਕੈਥਲ ਤੱਕ ਪਾਣੀ ਦਾ ਨਾਲਾ ਬਣਵਾਇਆ ਅਤੇ ਖੇਤੀ ਦੀ ਲੋੜ ਪੂਰੀ ਕਰਨ ਵਾਸਤੇ ਸਰਸਵਤੀ ਦਰਿਆ ਉੱਤੇ ਕਈ ਥਾਂ ਕੱਚੇ ਬੰਨ੍ਹ ਬਣਵਾਏ। ਇਸ ਨਾਲ ਰਿਆਸਤ ਵਿੱਚ ਖੁਸ਼ਹਾਲੀ ਆਈ ਅਤੇ ਰਿਆਸਤ ਦਾ ਖ਼ਜ਼ਾਨਾ ਵੀ ਭਰਿਆ। ਕਿਹਾ ਜਾਂਦਾ ਹੈ ਕਿ ਉਸ ਦੇ ਖ਼ਜ਼ਾਨੇ ਵਿੱਚ ਦਸ ਲੱਖ ਰੁਪਏ ਜਮ੍ਹਾਂ ਸਨ। ਉਸ ਦੀ ਅਮੀਰੀ ਤੋਂ ਖਾਰ ਖਾਂਦੇ ਪਟਿਆਲਾ ਅਤੇ ਜੀਂਦ ਦੇ ਰਾਜੇ ਨੇ ਉਸ ਵਿਰੁੱਧ ਦਿੱਲੀ ਦੇ ਬਾਦਸ਼ਾਹ ਦੇ ਕੰਨ ਭਰੇ ਤਾਂ ਬਾਦਸ਼ਾਹ ਨੇ ਬਹਾਨੇ ਨਾਲ ਭਾਈ ਦੇਸੂ ਸਿੰਘ ਨੂੰ ਦਿੱਲੀ ਬੁਲਾ ਕੇ ਕੈਦ ਕਰ ਲਿਆ। ਉਸ ਵੱਲੋਂ ਅੱਠ ਲੱਖ ਰੁਪਿਆ ਦੇਣ ਦਾ ਵਾਅਦਾ ਕਰਨ ਉੱਤੇ ਉਸ ਦੀ ਬੰਦਖਲਾਸੀ ਹੋਈ। ਛੇ ਲੱਖ ਰੁਪਏ ਉਸ ਨੇ ਤੁਰੰਤ ਦਿੱਤਾ ਅਤੇ ਦੋ ਲੱਖ ਰੁਪਏ ਦੇਣ ਤੱਕ ਆਪਣੇ ਪੁੱਤਰ ਲਾਲ ਸਿੰਘ ਨੂੰ ਬਾਦਸ਼ਾਹ ਕੋਲ ਛੱਡਿਆ।

Advertisement

ਭਾਈ ਲਾਲ ਸਿੰਘ ਦਾ ਰਾਜ ਕਾਲ

1779 ਦੇ ਨੇੜੇ ਭਾਈ ਦੇਸੂ ਸਿੰਘ ਦੀ ਮੌਤ ਹੋਈ ਤਾਂ ਲਾਲ ਸਿੰਘ ਦੀ ਮਾਤਾ ਮਾਈ ਭਾਗਾਂ ਨੇ ਬਾਦਸ਼ਾਹ ਨੂੰ ਦੇਣੀ ਬਣਦੀ ਰਕਮ ਤਾਰ ਕੇ ਲਾਲ ਸਿੰਘ ਨੂੰ ਛੁਡਾ ਲਿਆ ਤਾਂ ਉਸ ਨੇ ਗੱਦੀ ਸਾਂਭ ਲਈ। ਭਾਈ ਲਾਲ ਸਿੰਘ ਨੇ ਕੈਥਲ ਦੇ ਆਲੇ-ਦੁਆਲੇ ਬਹੁਤ ਸਾਰਾ ਨਵਾਂ ਇਲਾਕਾ ਜਿੱਤ ਕੇ ਆਪਣੇ ਰਾਜ ਵਿੱਚ ਮਿਲਾਇਆ। ਹਾਂਸੀ ਰਾਜ ਦਾ ਮਾਲਕ ਜਾਰਜ ਟੌਮਸ ਰਿਆਸਤ ਜੀਂਦ ਦਾ ਇਲਾਕਾ ਹਥਿਆਉਣ ਲਈ ਸ਼ਰਾਰਤਾਂ ਕਰਦਾ ਰਹਿੰਦਾ ਸੀ। ਅਜਿਹੇ ਮੌਕਿਆਂ ਉੱਤੇ ਭਾਈ ਲਾਲ ਸਿੰਘ ਰਾਜਾ ਭਾਗ ਸਿੰਘ ਨਾਲ ਡਟ ਕੇ ਖੜ੍ਹਾ ਹੋਇਆ। ਇਸ ਲਈ ਜਦ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਮਿਸਟਰ ਪੈਰਨ ਨੇ ਹਾਂਸੀ ਉੱਤੇ ਹਮਲਾ ਕੀਤਾ ਤਾਂ ਉਸ ਨੇ ਪੈਰਨ ਦੀ ਮਦਦ ਕੀਤੀ। ਸਿੱਟੇ ਵਜੋਂ ਉਸ ਨੂੰ ਸੁਲਾਰ ਦਾ ਪਰਗਣਾ, ਇੱਕ ਸਾਲ ਦਾ ਮਾਲੀਆ ਨਜ਼ਰਾਨੇ ਵਜੋਂ ਦੇਣ ਦੀ ਸ਼ਰਤ ਉੱਤੇ, ਤੋਹਫ਼ੇ ਵਿੱਚ ਮਿਲਿਆ। ਉਸ ਨੇ ਭਾਈ ਦੇਸੂ ਸਿੰਘ ਵੱਲੋਂ ਬਣਾਏ ਮਿੱਟੀ ਦੇ ਕਿਲ੍ਹੇ ਦੀ ਥਾਂ ਪੱਕਾ ਕਿਲ੍ਹਾ ਬਣਵਾਇਆ। ਦੂਰੋਂ ਦਿਸਣ ਵਾਲੇ ਮੀਨਾਰ ਉਸ ਦੀ ਸ਼ਾਨ ਨੂੰ ਦੋਬਾਲਾ ਕਰਦੇ ਸਨ।
ਭਾਈ ਲਾਲ ਸਿੰਘ ਨੇ ਅੰਗਰੇਜ਼ਾਂ ਨਾਲ ਵੀ ਚੰਗੇ ਸਬੰਧ ਬਣਾਏ। ਉਸ ਨੇ ਅੰਗਰੇਜ਼ੀ ਸੈਨਾ ਨਾਲ ਰਲ ਕੇ ਮਰਹੱਟੇ ਜਸਵੰਤ ਰਾਓ ਹੋਲਕਰ ਦਾ ਦਰਿਆ ਸਤਲੁਜ ਤੱਕ ਪਿੱਛਾ ਕੀਤਾ। ਅੰਗਰੇਜ਼ ਸਰਕਾਰ ਨੇ ਇਸ ਮਦਦ ਬਦਲੇ ਉਸ ਨੂੰ ਸਨਦ ਬਖ਼ਸ਼ੀ। 1809 ਵਿੱਚ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਰਾਹੀਂ ਮਿੱਤਰਤਾ ਸੰਧੀ ਕਰ ਕੇ ਭਾਈ ਲਾਲ ਸਿੰਘ ਨੇ ਕੰਪਨੀ ਦੀ ਸਰਪ੍ਰਸਤੀ ਹਾਸਿਲ ਕਰ ਲਈ। ਭਾਈ ਲਾਲ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਨਿੱਘੇ ਸਬੰਧ ਬਣਾਏ ਹੋਏ ਸਨ।
ਭਾਈ ਲਾਲ ਸਿੰਘ ਆਪਣੇ ਪੁਰਖਿਆਂ ਤੋਂ ਵੀ ਵੱਧ ਬਹਾਦਰ ਅਤੇ ਸਮਝਦਾਰ ਸਿੱਧ ਹੋਇਆ। ਉਨ੍ਹੀਵੀਂ ਸਦੀ ਦੇ ਸ਼ੁਰੂ ਵਿੱਚ ਉਹ ਸਤਲੁਜ ਤੋਂ ਪੂਰਬ ਵੱਲ ਪਟਿਆਲੇ ਵਾਲੇ ਰਾਜੇ ਤੋਂ ਦੂਜੇ ਨੰਬਰ ਉੱਤੇ ਗਿਣਿਆ ਜਾਂਦਾ ਸੀ ਜਿਸ ਕਾਰਨ ਸਾਰੇ ਸਿੱਖ ਰਾਜੇ ਅਤੇ ਸਰਦਾਰ ਉਸ ਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਸਨ। ਉਸ ਨੇ 33 ਸਾਲ ਰਾਜ ਕੀਤਾ ਅਤੇ 1818 ਵਿੱਚ ਉਨੰਜਾ ਸਾਲ ਦੀ ਉਮਰ ਭੋਗ ਕੇ ਸੁਰਗਵਾਸ ਹੋਇਆ।

ਭਾਈ ਉਦੈ ਸਿੰਘ ਦਾ ਸਮਾਂ

ਲਾਲ ਸਿੰਘ ਤੋਂ ਪਿੱਛੋਂ ਰਾਜ ਗੱਦੀ ਉਦੈ ਸਿੰਘ ਨੂੰ ਸੌਂਪੀ ਗਈ। ਭਾਈ ਉਦੈ ਸਿੰਘ ਕੋਮਲ ਕਲਾਵਾਂ ਪ੍ਰਤੀ ਲਗਾਅ ਰੱਖਦਾ ਸੀ। ਉਸ ਨੇ ਕੈਥਲ ਅਤੇ ਪਿਹੋਵਾ ਵਿੱਚ ਸੁੰਦਰ ਭਵਨ ਨਿਰਮਾਣ ਕਰਵਾਏ। ਕੈਥਲ ਦੇ ਕਿਲ੍ਹੇ ਨੂੰ ਵਧਾਉਣ ਅਤੇ ਉਸ ਦੀ ਸਜਾਵਟ ਕਰਨ ਦੇ ਨਾਲ-ਨਾਲ ਉਸ ਨੇ ਕਰਨਾਲ ਵਿੱਚ ਅੰਗਰੇਜ਼ ਅਫਸਰ ਔਕਟਰਲੋਨੀ ਦੀ ਕੋਠੀ ਦੀ ਤਰਜ਼ ਉੱਤੇ ਆਪਣਾ ਮਹਿਲ ਬਣਵਾ ਕੇ ਇੱਥੋਂ ਬਿਦਕਿਆਰ ਤੀਰਥ ਤੱਕ ਜਾਣ ਲਈ ਪੁਲ ਬਣਵਾਇਆ। ਉਸ ਨੇ ਸਰਸਵਤੀ ਨਦੀ ਉੱਤੇ ਪੱਕਾ ਬੰਨ੍ਹ ਲਵਾਇਆ ਜਿਸ ਨਾਲ ਕੈਥਲ ਤੋਂ 16 ਮੀਲ ਦੂਰ ਤੱਕ ਦੇ ਪਿੰਡਾਂ ਵਿੱਚ ਖੇਤੀ ਲਈ ਪਾਣੀ ਪੁੱਜਦਾ ਹੋਇਆ। ਉਸ ਨੇ ਗੁਰ ਪ੍ਰਤਾਪ ਸੂਰਜ ਅਤੇ ਹੋਰ ਉੱਤਮ ਗ੍ਰੰਥ ਰਚਣ ਵਾਲੇ ਪ੍ਰਸਿੱਧ ਵਿਦਵਾਨ ਭਾਈ ਸੰਤੋਖ ਸਿੰਘ ਨੂੰ ਸਰਪ੍ਰਸਤੀ ਬਖ਼ਸ਼ੀ।
ਭਾਈ ਉਦੈ ਸਿੰਘ 1837 ਵਿੱਚ ਬਿਮਾਰ ਹੋ ਕੇ ਮੰਜੇ ਉੱਤੇ ਪੈ ਗਿਆ। ਭਾਈ ਉਦੈ ਸਿੰਘ ਦੀਆਂ ਦੋ ਸ਼ਾਦੀਆਂ ਹੋਈਆਂ, ਪਰ ਬਾਲ ਕੋਈ ਨਾ ਹੋਇਆ। 1839 ਦੇ ਨੇੜੇ ਉਹ ਗੰਭੀਰ ਬਿਮਾਰ ਹੋ ਗਿਆ ਤਾਂ ਉਸ ਦੀ ਸਿਹਤ ਦਾ ਪਤਾ ਲੈਣ ਆਏ ਪਟਿਆਲੇ ਦੇ ਮਹਾਰਾਜਾ ਕਰਮ ਸਿੰਘ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਆਰਨੌਲੀ ਵਾਲੇ ਨਿਕਟ ਪਰਿਵਾਰ ਵਿੱਚੋਂ ਕਿਸੇ ਨੂੰ ਮੁਤਬੰਨਾ ਬਣਾ ਲਵੇ, ਪਰ ਭਾਈ ਉਦੈ ਸਿੰਘ ਨੂੰ ਇਹ ਸਲਾਹ ਪਸੰਦ ਨਾ ਆਈ।

ਕੈਥਲ ਰਿਆਸਤ ਉੱਤੇ ਅੰਗਰੇਜ਼ਾਂ ਦੀ ਨਜ਼ਰ

1843 ਤੱਕ ਪੁੱਜਦਿਆਂ ਇਹ ਪ੍ਰਤੀਤ ਹੋਣ ਲੱਗਾ ਕਿ ਭਾਈ ਉਦੈ ਸਿੰਘ ਬਹੁਤਾ ਸਮਾਂ ਜੀਵਤ ਨਹੀਂ ਰਹੇਗਾ। ਇਹ ਵੇਖਦਿਆਂ ਗਵਰਨਰ ਜਨਰਲ ਦੇ ਅੰਬਾਲਾ ਸਥਿਤ ਏਜੰਟ ਮਿਸਟਰ ਕਲਾਰਕ ਨੇ ਭਾਈ ਉਦੈ ਸਿੰਘ ਦੀ ਮੌਤ ਹੋਣ ਪਿੱਛੋਂ ਜੀਂਦ ਰਿਆਸਤ ਦੀ ਤਰਜ਼ ਉੱਤੇ ਕਾਰਵਾਈ ਕਰਦਿਆਂ ਭਾਈ ਕਾ ਖਾਨਦਾਨ ਦੇ ਵਡੇਰੇ ਭਾਈ ਗੁਰਬਖਸ਼ ਸਿੰਘ ਦੀ ਮਾਲਕੀ ਹੇਠਲਾ ਸਾਲਾਨਾ ਮਾਲੀਆ ਲਗਭਗ ਇੱਕ ਲੱਖ ਰੁਪਏ ਦੇਣ ਵਾਲਾ ਇਲਾਕਾ ਨਵੇਂ ਰਾਜੇ ਕੋਲ ਰਹਿਣ ਦਿੱਤੇ ਜਾਣ, ਭਾਈ ਗੁਰਬਖਸ਼ ਸਿੰਘ ਤੋਂ ਪਿਛਲੇ ਰਾਜਿਆਂ ਭਾਈ ਦੇਸੂ ਸਿੰਘ ਅਤੇ ਭਾਈ ਲਾਲ ਸਿੰਘ ਵੱਲੋਂ ਸਾਲਾਨਾ ਮਾਲੀਆ ਲਗਭਗ ਚਾਰ ਲੱਖ ਰੁਪਏ ਦੇਣ ਵਾਲੇ ਇਲਾਕੇ, ਜਿਸ ਵਿੱਚ ਕੈਥਲ ਤੋਂ 96.5 ਪਿੰਡ ਸ਼ਾਮਿਲ ਸਨ, ਬਰਤਾਨਵੀ ਰਾਜ ਵਿੱਚ ਸ਼ਾਮਿਲ ਕੀਤੇ ਜਾਣ ਅਤੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਭਾਈਕਿਆਂ ਨੂੰ ਦਿੱਤਾ ਪਿੰਡ ਗੁੱਜਰਵਾਲ ਉਸ ਨੂੰ ਵਾਪਸ ਕਰ ਦੇਣ ਦਾ ਸੁਝਾਅ ਦਿੱਤਾ। ਉਸ ਨੇ ਇਨ੍ਹਾਂ ਇਲਾਕਿਆਂ ਦੀ ਨਿਸ਼ਾਨਦੇਹੀ ਵੀ ਕੀਤੀ।
15 ਮਾਰਚ 1843 ਨੂੰ ਭਾਈ ਉਦੈ ਸਿੰਘ ਸੁਰਗਵਾਸ ਹੋ ਗਿਆ। ਮਿਸਟਰ ਕਲਾਰਕ ਪਹਿਲਾਂ ਹੀ ਗਵਰਨਰ ਜਨਰਲ ਪਾਸੋਂ ਆਪਣੀ ਯੋਜਨਾ ਦੀ ਪ੍ਰਵਾਨਗੀ ਲੈ ਕੇ ਇਸ ਅਵਸਰ ਲਈ ਵਿਉਂਤਬੰਦੀ ਕਰੀ ਬੈਠਾ ਸੀ। ਉਸ ਨੇ ਸੈਨਿਕ ਅਧਿਕਾਰੀ ਮਿਸਟਰ ਗ੍ਰੀਥਡ ਨੂੰ ਤੁਰੰਤ ਕੈਥਲ ਪਹੁੰਚ ਕੇ ਅਮਲੀ ਕਾਰਵਾਈ ਕਰਨ ਦਾ ਹੁਕਮ ਦਿੱਤਾ ਅਤੇ ਆਪਣੀ ਯੋਜਨਾ ਕੈਥਲ ਦਰਬਾਰ ਨੂੰ ਭੇਜਦਿਆਂ ਇਸ ਉੱਤੇ ਅਮਲ ਕਰਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਕੈਥਲ ਦੇ ਅਹਿਲਕਾਰ, ਉੱਥੋਂ ਦਾ ਸੈਨਾਪਤੀ ਸ. ਟੇਕ ਸਿੰਘ ਅਤੇ ਭਾਈ ਉਦੈ ਸਿੰਘ ਦੀ ਵਿਧਵਾ ਰਾਣੀ ਸੂਰਜ ਕੌਰ ਨੇ ਅੰਗਰੇਜ਼ ਸਰਕਾਰ ਦੇ ਫ਼ੈਸਲੇ ਨੂੰ ਪ੍ਰਵਾਨ ਨਾ ਕੀਤਾ। ਫੂਲਕੀਆਂ ਰਿਆਸਤਾਂ ਦੇ ਬਾਕੀ ਤਿੰਨੇ ਰਾਜੇ ਵੀ ਇਸ ਫ਼ੈਸਲੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਸਨ। ਉਹ ਵੇਖਦੇ ਸਨ ਕਿ ਜੀਂਦ ਰਿਅਸਤ ਵਿੱਚ ਇਸ ਤਰ੍ਹਾਂ ਦਾ ਫ਼ੈਸਲਾ ਕਰਨ ਪਿੱਛੋਂ ਜੀਂਦ ਰਿਆਸਤ ਦੀ ਹੋਂਦ ਬਣੀ ਰਹੀ ਸੀ ਪਰ ਵਰਤਮਾਨ ਮਾਮਲੇ ਵਿੱਚ ਕੈਥਲ, ਜਿਸ ਨਾਂ ਨਾਲ ਰਿਆਸਤ ਜਾਣੀ ਜਾਂਦੀ ਹੈ, ਰਿਆਸਤ ਕੋਲੋਂ ਖੁੱਸ ਜਾਣ ਦੀ ਸੂਰਤ ਵਿੱਚ ਰਿਆਸਤ ਦੀ ਹੋਂਦ ਹੀ ਮਿਟ ਜਾਵੇਗੀ। ਉਹ ਚਾਹੁੰਦੇ ਸਨ ਕਿ ਵਰਤਮਾਨ ਰਿਆਸਤ ਦਾ ਕੁੱਲ ਇਲਾਕਾ ਨਵੇਂ ਰਾਜੇ ਦੇ ਹਵਾਲੇ ਕੀਤਾ ਜਾਵੇ।

ਕੈਥਲ ਵਿੱਚ ਅੰਗਰੇਜ਼ੀ ਸੈਨਾ ਦੀ ਪਹੁੰਚ

ਮਿਸਟਰ ਗ੍ਰੀਥਡ 23 ਮਾਰਚ ਨੂੰ ਕੈਥਲ ਪਹੁੰਚਿਆ ਤਾਂ ਰਿਆਸਤੀ ਅਹਿਲਕਾਰਾਂ ਨੇ ਕੈਥਲ ਤੋਂ ਬਾਹਰ ਆ ਕੇ ਉਸ ਦਾ ਸਵਾਗਤ ਕੀਤਾ ਅਤੇ ਉਸ ਲਈ ਰਾਖਵੀਂ ਕੀਤੀ ਰਿਹਾਇਸ਼ ਤੱਕ ਲੈ ਕੇ ਗਏ। ਗ੍ਰੀਥਡ ਨੇ ਉਨ੍ਹਾਂ ਨੂੰ ਮਿਸਟਰ ਕਲਾਰਕ ਦਾ ਹੁਕਮ ਪੜ੍ਹ ਕੇ ਸੁਣਾਇਆ, ਉੱਤਰ ਵਿੱਚ ਮੁਨਸ਼ੀ ਘਾਸੀ ਰਾਮ ਨੇ ਭਾਈ ਖਾਨਦਾਨ ਵੱਲੋਂ ਅੰਗਰੇਜ਼ੀ ਸਰਕਾਰ ਦੀਆਂ ਕੀਤੀਆਂ ਖਿਦਮਤਾਂ ਗਿਣਾਈਆਂ ਅਤੇ ਵਰਤਮਾਨ ਹੁਕਮ ਕਾਰਨ ਵਿਧਵਾ ਰਾਣੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ। ਗ੍ਰੀਥਡ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ ਅਤੇ ਅਧਿਕਾਰੀਆਂ ਦੇ ਹੁਕਮ ਨੂੰ ਅਮਲ ਵਿੱਚ ਲਿਆਉਣ ਦਾ ਪਾਬੰਦ ਹੈ। ਆਖ਼ਰ ਅਹਿਲਕਾਰਾਂ ਨੇ ਸਪੱਸ਼ਟ ਕਹਿ ਦਿੱਤਾ ਕਿ ਭਾਈ ਉਦੈ ਸਿੰਘ ਦੀ ਮੌਤ ਪਿੱਛੋਂ ਹੋਣ ਵਾਲੀਆਂ ਰਸਮਾਂ ਦੀ ਪੂਰਤੀ ਇੱਕ ਮਹੀਨੇ ਵਿੱਚ ਹੋਵੇਗੀ ਅਤੇ ਉਦੋਂ ਤੱਕ ਉਹ ਉੱਤਰ ਦੇਣਾ ਉਚਿਤ ਨਹੀਂ ਸਮਝਦੇ।
ਰਿਆਸਤ ਕੈਥਲ ਦੇ ਅਹਿਲਕਾਰਾਂ ਅਤੇ ਵਿਧਵਾ ਰਾਣੀ ਸੂਰਜ ਕੌਰ ਵੱਲੋਂ ਕੋਈ ਹੁੰਗਾਰਾ ਨਾ ਮਿਲਣ ਉੱਤੇ ਮਿਸਟਰ ਗ੍ਰੀਥਡ ਨੇ ਕਿਸੇ ਵਿਅਕਤੀ ਵੱਲੋਂ ਪੈਸਾ ਟਕਾ ਜਾਂ ਹਥਿਆਰ ਕੈਥਲ ਸ਼ਹਿਰ ਤੋਂ ਬਾਹਰ ਲਿਜਾਣ ਜਾਂ ਅੰਦਰ ਲਿਆਉਣ ਤੋਂ ਰੋਕਣ ਲਈ ਸ਼ਹਿਰ ਵਿੱਚ ਦਾਖ਼ਲੇ ਦੇ ਰਾਹਾਂ ਉੱਤੇ ਫ਼ੌਜੀ ਟੁਕੜੀਆਂ ਤਾਇਨਾਤ ਕਰ ਦਿੱਤੀਆਂ। ਸ਼ਹਿਰ ਦੀ ਨਾਕਾਬੰਦੀ ਹੋਈ ਵੇਖ ਕੇ 10 ਅਪਰੈਲ ਨੂੰ ਰਿਆਸਤੀ ਸੈਨਿਕਾਂ ਨੇ ਮੋਰਚੇ ਸੰਭਾਲੀ ਬੈਠੀ ਅੰਗਰੇਜ਼ੀ ਫ਼ੌਜ ਉੱਤੇ ਹਮਲਾ ਕਰ ਕੇ ਕਈ ਸੈਨਿਕ ਮਾਰ ਦਿੱਤੇ ਅਤੇ ਉਨ੍ਹਾਂ ਦੇ ਟਿਕਾਣਿਆਂ ਨੂੰ ਲੁੱਟਣ ਪਿੱਛੋਂ ਅੱਗ ਹਵਾਲੇ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਮਿਸਟਰ ਕਲਾਰਕ ਘਬਰਾ ਗਿਆ। ਉਸ ਨੂੰ ਜਾਪਿਆ ਕਿ ਬਗ਼ਾਵਤ ਦੀ ਇਹ ਚੰਗਿਆੜੀ ਦੂਰ ਦੂਰ ਤੱਕ ਫੈਲ ਜਾਵੇਗੀ ਜਿਸ ਨੂੰ ਰੋਕਣ ਵਾਸਤੇ ਉਸ ਨੂੰ ਹਰ ਹੀਲਾ ਕਰਨ ਦੀ ਲੋੜ ਹੈ। ਉਸ ਨੇ ਅੰਬਾਲਾ ਅਤੇ ਸਰਹਿੰਦ ਵਿੱਚ ਤਾਇਨਾਤ ਅੰਗਰੇਜ਼ੀ ਸੈਨਾ ਦੇ ਅਫਸਰਾਂ ਨੂੰ ਫ਼ੌਜ ਸਮੇਤ ਤੁਰੰਤ ਕੈਥਲ ਪਹੁੰਚਣ ਦੇ ਨਾਲ-ਨਾਲ ਦਿੱਲੀ ਅਤੇ ਮੇਰਠ ਵਿਚਲੀ ਫ਼ੌਜ ਨੂੰ ਤਿਆਰ ਰਹਿਣ ਦਾ ਸੰਦੇਸ਼ ਦੇਣ ਲਈ ਆਖਿਆ। ਖ਼ੁਦ ਇੱਕ ਵੱਡੀ ਸੈਨਾ ਟੁਕੜੀ ਨਾਲ ਲੈ ਕੇ ਉਸ ਨੇ ਕੈਥਲ ਆ ਡੇਰਾ ਲਾਇਆ। ਉਸ ਨੂੰ ਡਰ ਸੀ ਕਿ ਬਗ਼ਾਵਤ ਦੀ ਖ਼ਬਰ ਫੈਲਣ ਸਾਰ ਦਰਿਆ ਸਤਲੁਜ ਤੋਂ ਪਾਰਲੇ ਇਲਾਕੇ ਵਿੱਚੋਂ ਹਥਿਆਰਬੰਦ ਸਿੱਖ ਕੈਥਲ ਦੀ ਮਦਦ ਵਾਸਤੇ ਆਉਣਗੇ। ਇਸ ਲਈ ਉਸ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਲਿਖਿਆ ਕਿ ਸਤਲੁਜ ਦਰਿਆ ਦੇ ਪੱਤਣਾਂ ਉੱਤੇ ਚੌਕਸੀ ਵਧਾਈ ਜਾਵੇ ਤਾਂ ਜੋ ਸ਼ਰਾਰਤੀ ਵਿਅਕਤੀ ਦਰਿਆ ਦੇ ਇਸ ਪਾਸੇ ਨਾ ਆ ਸਕਣ।
16 ਅਪਰੈਲ ਨੂੰ ਇੱਕ ਰੈਜੀਮੈਂਟ, ਦੋ ਰਸਾਲਿਆਂ, ਤੋਪਖਾਨੇ ਦੇ ਇੱਕ ਬ੍ਰਿਗੇਡ ਅਤੇ ਚੋਖੀ ਪੈਦਲ ਸੈਨਾ ਨੇ ਕੈਥਲ ਨੂੰ ਘੇਰਾ ਪਾ ਲਿਆ। ਇਹ ਵੇਖ ਕੇ ਕੈਥਲ ਦੀ ਫ਼ੌਜ ਪਿੱਛੇ ਹਟ ਗਈ। ਅੰਗਰੇਜ਼ਾਂ ਦਾ ਪੱਲੜਾ ਭਾਰੀ ਹੁੰਦਾ ਵੇਖ ਕੈਥਲ ਦੇ ਅਹਿਲਕਾਰਾਂ ਨੇ ਕਿਲ੍ਹੇ ਦਾ ਕਬਜ਼ਾ ਮਿਸਟਰ ਕਲਾਰਕ ਨੂੰ ਸੌਂਪ ਦਿੱਤਾ। ਇਉਂ ਕੈਥਲ ਦੀ ਰਿਆਸਤ ਕੰਪਨੀ ਬਹਾਦਰ ਦੇ ਰਾਜ ਦਾ ਭਾਗ ਬਣ ਗਈ ਅਤੇ ਇਸ ਰਿਆਸਤ ਦਾ ਨਾਂ-ਨਿਸ਼ਾਨ ਖ਼ਤਮ ਹੋ ਗਿਆ।

ਵਿਧਵਾਵਾਂ ਪ੍ਰਤੀ ਕਲਾਰਕ ਦਾ ਸਖ਼ਤ ਰਵੱਈਆ

ਮੌਕਾ ਤਾੜ ਕੇ ਭਾਈ ਉਦੈ ਸਿੰਘ ਦੀ ਮਾਤਾ ਸਾਹਿਬ ਕੌਰ ਅਤੇ ਉਸ ਦੀ ਵਿਧਵਾ ਸੂਰਜ ਕੌਰ ਕੈਥਲ ਵਿੱਚੋਂ ਨਿਕਲ ਕੇ ਪਿਹੋਵੇ ਪਹੁੰਚ ਕੇ ਆਪਣੇ ਕਿਸੇ ਨਿੱਜੀ ਸੇਵਕ ਬ੍ਰਾਹਮਣ ਕੋਲ ਰਹਿਣ ਲੱਗੀਆਂ। ਜਦੋਂ ਮਹਾਰਾਜਾ ਸ਼ੇਰ ਸਿੰਘ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਮਿਸਟਰ ਕਲਾਰਕ ਨੂੰ ਕੈਥਲ ਰਾਜ ਘਰਾਣੇ ਦੀਆਂ ਔਰਤਾਂ ਨਾਲ ਸੱਭਿਅਕ ਵਿਹਾਰ ਕਰਨ ਲਈ ਲਿਖਿਆ ਪਰ ਮਿਸਟਰ ਕਲਾਰਕ ਉਨ੍ਹਾਂ ਨੂੰ ਪੂਰੀ ਤਰ੍ਹਾਂ ਖੱਜਲ ਕਰਨ ਉੱਤੇ ਤੁਲਿਆ ਹੋਇਆ ਸੀ। ਉਸ ਦਾ ਦੋਸ਼ ਸੀ ਕਿ ਰਾਣੀ ਸੂਰਜ ਕੌਰ ਵਗੈਰਾ ਤਿੰਨ ਸਾਢੇ ਤਿੰਨ ਲੱਖ ਰੁਪਏ ਮੁੱਲ ਦੀਆਂ ਸੋਨੇ ਦੀਆਂ ਮੋਹਰਾਂ ਲੈ ਗਈਆਂ ਹਨ ਅਤੇ ਜਦੋਂ ਤੱਕ ਉਹ ਇਸ ਧਨ ਨੂੰ ਵਾਪਸ ਨਹੀਂ ਕਰਦੀਆਂ, ਉਨ੍ਹਾਂ ਨੂੰ ਪੈਨਸ਼ਨ ਦੇਣ ਬਾਰੇ ਵਿਚਾਰ ਨਹੀਂ ਕੀਤੀ ਜਾਵੇਗੀ ਅਤੇ ਉਸ ਨੇ ਆਪਣੀ ਗੱਲ ਪੁਗਾਈ।
ਸੰਪਰਕ: 94170-49417

Advertisement
Author Image

sanam grng

View all posts

Advertisement