ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਨੇ ਸਰਕਾਰ ਦੀ ਅਰਥੀ ਫੂਕੀ
ਪੱਤਰ ਪ੍ਰੇਰਕ
ਤਰਨ ਤਾਰਨ, 12 ਅਗਸਤ
ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਦੀ ਤਰਨ ਤਾਰਨ ਇਕਾਈ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਇੱਥੇ ਸੂਬਾ ਸਰਕਾਰ ਖਿਲਾਫ਼ ਰੋਸ ਵਿਖਾਵਾ ਕੀਤਾ ਗਿਆ ਅਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਥੇਬੰਦੀ ਨੇ ਸ਼ਹਿਰ ਅੰਦਰ ਰੋਸ ਮਾਰਚ ਕਰਨ ਮਗਰੋਂ ਆਪਣਾ ਮੰਗ ਪੱਤਰ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਵਰਿੰਦਰਪਾਲ ਕੌਰ ਨੂੰ ਸੌਂਪਿਆ। ਐਸੋਸੀਏਸ਼ਨ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਤਿਰੰਗਾ ਝੰਡਾ ਲਹਿਰਾਉਣ ਲਈ ਆਉਣ ’ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਘਿਰਾਉ ਕੀਤਾ ਜਾਵੇਗਾ।
ਜ਼ਿਲ੍ਹਾ ਭਰ ਤੋਂ ਇਥੇ ਸਿਵਲ ਸਰਜਨ ਦੇ ਦਫ਼ਤਰ ਵਿੱਚ ਇਕੱਤਰ ਹੋਏ ਕਮਿਊਨਿਟੀ ਹੈਲਥ ਅਸਫਰਾਂ (ਸੀਐੱਚਓ) ਨੂੰ ਜਥੇਬੰਦੀ ਦੇ ਆਗੂ ਰਮਨਦੀਪ ਕੌਰ, ਅਜਮੇਰ ਸਿੰਘ, ਪਰਵੀਨ ਕੌਰ, ਜੁਗਰਾਜ ਕੌਰ ਕੰਗ, ਸੰਦੀਪ ਕੌਰ, ਅਮਨਦੀਪ ਕੌਰ ਆਦਿ ਨੇ ਸੰਬੋਧਨ ਕਰਦਿਆਂ ਸਰਕਾਰ ਵੱਲੋਂ ਉਨ੍ਹਾਂ ’ਤੇ ਕੰਮ ਦਾ ਬੋਝ ਤਿੰਨ ਗੁਣਾਂ ਵਧਾਉਣ ਨੂੰ ਵਾਪਸ ਲੈਣ, ਰੋਕੇ ਹੋਏ ਭੱਤੇ ਜਾਰੀ ਕਰਨ, ਤਨਖਾਹ ਅਤੇ ਇਨਸੈਨਟਿਵ ਮਰਜ ਕੀਤੇ ਜਾਣ, ਕਮਿਊਨਿਟੀ ਹੈਲਥ ਅਫਸਰ ਦੀ ਮੁੱਢਲੀ ਤਨਖਾਹ ਵਿੱਚ 5000 ਰੁਪਏ ਦਾ ਵਾਧਾ ਕਰਕੇ ਪੁਰਾਣਾ ਬਕਾਇਆ ਦੇਣ, ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਤਹਿਤ ਕੰਮ ਕਰਦੇ ਮੁਲਾਜ਼ਮਾਂ ਦਾ ਬੰਦ ਕੀਤਾ ਲੈਬਿਲਿਟੀ ਬੋਨਸ ਮੁੜ ਤੋਂ ਚਾਲੂ ਕਰਨ ’ਤੇ ਜ਼ਰ ਦਿੱਤਾ| ਜਥੇਬੰਦੀ ਨੇ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ|