ਸਾਂਝਾ ਅਧਿਆਪਕ ਮੋਰਚੇ ਨੇ ਸਿੱਖਿਆ ਮੰਤਰੀ ਖ਼ਿਲਾਫ਼ ਮੋਰਚਾ ਖੋਲ੍ਹਿਆ
ਪੱਤਰ ਪ੍ਰੇਰਕ
ਜਲੰਧਰ, 16 ਨਵੰਬਰ
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਹਰਵਿੰਦਰ ਸਿੰਘ ਬਿਲਗਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਤੋਂ ਸਰਟੀਫਿਕੇਟ ਅਤੇ ਪ੍ਰੈਕਟੀਕਲ ਫੀਸਾਂ ਵਸੂਲਣ ਦੀ ਨਿਖੇਧੀ ਕੀਤੀ ਗਈ। ਮੋਰਚੇ ਦੇ ਕੋ-ਆਰਡੀਨੇਟਰ ਕੁਲਦੀਪ ਸਿੰਘ ਦੌੜਕਾ ਨੇ ਦੱਸਿਆ ਕਿ ਬੋਰਡ ਨਾਲ ਸਬੰਧਤ ਮਸਲੇ ਅਤੇ ਅਧਿਆਪਕਾਂ ਨਾਲ ਸਬੰਧਿਤ ਮਸਲੇ ਹੱਲ ਨਾ ਕਰਨ ’ਤੇ 9 ਦਸੰਬਰ ਨੂੰ ਸਿੱਖਿਆ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ। ਮੀਟਿੰਗ ਵਿੱਚ ਮੋਰਚੇ ਦੇ ਕਨਵੀਨਰ ਅਤੇ ਕੋ-ਕਨਵੀਨਰ ਸੁਰਿੰਦਰ ਕੁਮਾਰ ਪੁਆਰੀ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਸੁਖਰਾਜ ਸਿੰਘ ਕਾਹਲੋਂ, ਸੁਖਚਰਨ ਕੁਮਾਰ, ਹਰਿੰਦਰਜੀਤ ਸਿੰਘ ਜਸਪਾਲ, ਹਰਜੀਤ ਸਿੰਘ ਜੁਨੇਜਾ, ਨਰੰਜਣਜੋਤ ਸਿੰਘ ਆਦਿ ਹਾਜ਼ਰ ਸਨ। ਅਧਿਆਪਕ ਆਗੂਆਂ ਨੇ ਦੱਸਿਆ ਕਿ ਸਾਂਝੇ ਅਧਿਆਪਕ ਮੋਰਚੇ ਵੱਲੋਂ ਰਾਸ਼ਟਰੀ ਸਿੱਖਿਆ ਨੀਤੀ ਰੱਦ ਕਰਨ, ਕੱਚੇ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲ ਵਿੱਚ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸ਼ਿਫਟ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਹਰ ਵਰਗ ਦੀਆਂ ਪ੍ਰਮੋਸ਼ਨਾਂ ਸਾਲ ਵਿੱਚ ਦੋ ਵਾਰ ਕਰਨ, ਪੰਜਵੇਂ ਤਨਖਾਹ ਕਮਿਸ਼ਨ ਵੱਲੋਂ ਸਿਫਾਰਸ਼ ਕੀਤੀ ਅਤੇ ਪੇਂਡੂ ਭੱਤੇ ਸਮੇਤ ਸੋਧਣ ਦੇ ਨਾਂ ’ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਕਰਨ, 2018 ਦੇ ਅਧਿਆਪਕ ਵਿਰੋਧੀ ਨਿਯਮ ਰੱਦ ਕਰਨ ਸਮੇਤ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਸਬੰਧੀ ਸਿੱਖਿਆ ਮੰਤਰੀ ਦੇ ਨਾਂਹ ਪੱਖੀ ਰਵੱਈਏ ਵਿਰੁੱਧ ਸਮੁੱਚੇ ਪੰਜਾਬ ਵਿੱਚ ਲਾਮਬੰਦੀ ਕੀਤੀ ਜਾਵੇਗੀ। ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਫ਼ੈਸਲਿਆਂ ਸਬੰਧੀ ਬਾਜ ਸਿੰਘ ਖਹਿਰਾ ਨੇ ਜਾਣਕਾਰੀ ਦਿੱਤੀ। ਸਾਂਝੇ ਅਧਿਆਪਕ ਮੋਰਚੇ ਵੱਲੋਂ ਫਰੰਟ ਦੇ ਐਕਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਤੀਰਥ ਸਿੰਘ ਬਾਸੀ, ਗੁਰਬਿੰਦਰ ਸਿੰਘ ਸਸਕੌਰ, ਮੰਗਤ ਸਿੰਘ, ਨਵਪ੍ਰੀਤ ਬੱਲੀ, ਜੁਝਾਰ ਸਿੰਘ, ਰਾਮ ਭਗਤ, ਪ੍ਰਸ਼ਾਂਤ, ਕਰਮ ਕੁਮਾਰ ਤੇ ਗੁਰਦੀਪ ਸਿੰਘ ਬਾਜਵਾ ਆਦਿ ਹਾਜ਼ਰ ਸਨ।