For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਸੈਸ਼ਨ ’ਚ ਗੂੰਜੇਗਾ ਸਾਂਝਾ ਸਿਵਲ ਕੋਡ

09:18 AM Jul 02, 2023 IST
ਮੌਨਸੂਨ ਸੈਸ਼ਨ ’ਚ ਗੂੰਜੇਗਾ ਸਾਂਝਾ ਸਿਵਲ ਕੋਡ
ਮੀਟਿੰਗ ਮਗਰੋਂ ਕੋਈ ਨੁਕਤਾ ਸਾਂਝਾ ਕਰਦੇ ਹੋਏ ਕਾਂਗਰਸ ਆਗੂ ਜੈਰਾਮ ਰਮੇਸ਼ ਅਤੇ ਦਿਗਵਿਜੈ ਸਿੰਘ। -ਫੋਟੋ: ਏਐੱਨਆਈ
Advertisement

ਨਵੀਂ ਦਿੱਲੀ, 1 ਜੁਲਾਈ
ਸੰਸਦ ਦਾ ਮੌਨਸੂਨ ਸੈਸ਼ਨ 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ। ਇਹ ਜਾਣਕਾਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਦਿੱਤੀ ਹੈ। ਸੰਸਦ ਦਾ ਮੌਨਸੂਨ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਮੁੱਖ ਵਿਰੋਧੀ ਧਿਰਾਂ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਖ਼ਿਲਾਫ਼ ਮੋਰਚਾਬੰਦੀ ਸ਼ੁਰੂ ਕਰ ਦਿੱਤੀ ਹੈ। ਜੋਸ਼ੀ ਨੇ ਸਿਆਸੀ ਪਾਰਟੀਆਂ ਨੂੰ ਸੈਸ਼ਨ ਦੌਰਾਨ ਸਾਰਥਕ ਚਰਚਾ ਕਰਨ ਦੀ ਅਪੀਲ ਕੀਤੀ ਹੈ।
ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਂਝੇ ਸਿਵਲ ਕੋਡ ਦੀ ਵਕਾਲਤ ਕੀਤੇ ਜਾਣ ਮਗਰੋਂ ਕਾਂਗਰਸ ਸਮੇਤ ਕਈ ਵਿਰੋਧੀ ਧਿਰਾਂ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਸੂਤਰਾਂ ਅਨੁਸਾਰ ਸੈਸ਼ਨ ਦੀ ਸ਼ੁਰੂਆਤ ਪੁਰਾਣੇ ਸੰਸਦ ਭਵਨ ਵਿੱਚ ਹੋਵੇਗੀ ਅਤੇ ਬਾਅਦ ਵਿੱਚ ਨਵੇਂ ਸੰਸਦ ਭਵਨ ਵਿੱਚ ਬੈਠਕ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਸੀ।
ਪ੍ਰਹਿਲਾਦ ਜੋਸ਼ੀ ਨੇ ਟਵੀਟ ਕੀਤਾ, ‘‘ਸੰਸਦ ਦਾ ਮੌਨਸੂਨ ਸੈਸ਼ਨ 2023 20 ਜੁਲਾਈ ਤੋਂ ਸ਼ੁਰੂ ਹੋ ਕੇ 11 ਅਗਸਤ ਤੱਕ ਚੱਲੇਗਾ। 23 ਦਿਨ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਕੁੱਲ 17 ਬੈਠਕਾਂ ਹੋਣਗੀਆਂ।’’ ਉਨ੍ਹਾਂ ਕਿਹਾ, ‘‘ਮੈਂ ਸਾਰੀਆਂ ਪਾਰਟੀਆਂ ਨੂੰ ਸੈਸ਼ਨ ਦੌਰਾਨ ਸੰਸਦ ਦੇ ਵਿਧਾਨਕ ਅਤੇ ਹੋਰ ਕੰਮ-ਕਾਜ ਵਿੱਚ ਸਾਰਥਕ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ।’’
ਇਸ ਸੈਸ਼ਨ ਦੌਰਾਨ ਕੇਂਦਰ ਸਰਕਾਰ ‘ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ (ਸੋਧ) ਆਰਡੀਨੈਂਸ’ ਦੀ ਥਾਂ ਲੈਣ ਲਈ ਬਿੱਲ ਲਿਆ ਸਕਦੀ ਹੈ ਜੋ ਸੇਵਾ ਮਾਮਲਿਆਂ ਵਿੱਚ ਦਿੱਲੀ ਸਰਕਾਰ ਨੂੰ ਵਿਧਾਨਕ ਤੇ ਪ੍ਰਸ਼ਾਸਨਿਕ ਅਖ਼ਿਤਆਰ ਦੇਣ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਪ੍ਰਭਾਵਹੀਣ ਕਰ ਦੇਵੇਗਾ। ਇਸ ਤੋਂ ਇਲਾਵਾ ਸਰਕਾਰ ਕੌਮੀ ਖੋਜ ਫਾੳੂਂਡੇਸ਼ਨ ਬਿੱਲ-2023 ਨੂੰ ਸੰਸਦ ਵਿੱਚ ਪੇਸ਼ ਕਰ ਸਕਦੀ ਹੈ। -ਪੀਟੀਆਈ

Advertisement

ਸਾਂਝੇ ਸਿਵਲ ਕੋਡ ਦਾ ਖਰਡ਼ਾ ਜਾਰੀ ਕੀਤਾ ਜਾਵੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਦੇ ਸੰਸਦੀ ਰਣਨੀਤੀ ਸਮੂਹ ਦੀ ਮੀਟਿੰਗ ਅੱਜ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ ’ਤੇ ਹੋਈ ਜਿਸ ਵਿੱਚ ਪਾਰਟੀ ਦੇ ਸੀਨੀਅਰ ਅਾਗੂਆਂ ਨੇ ਹਿੱਸਾ ਲਿਆ। ਇਸ ਦੌਰਾਨ ਸਾਂਝੇ ਸਿਵਲ ਕੋਡ ਬਾਰੇ ਚਰਚਾ ਕੀਤੀ ਗਈ। ਮੀਟਿੰਗ ਮਗਰੋਂ ਪਾਰਟੀ ਦੇ ਕਾਂਗਰਸ ਨੇ ਕਿਹਾ ਕਿ ਪਾਰਟੀ ਅਾਪਣੇ ‘ਇਸ ਕੋਡ ਦਾ ਖਰਡ਼ਾ ਮੁਹੱਈਆ ਕਰਵਾਉਣ’ ਸਬੰਧੀ ਪਹਿਲਾਂ ਵਾਲੇ ਬਿਆਨ ’ਤੇ ਕਾਇਮ ਹੈ। ਕਾਂਗਰਸ ਦੀ ਇਹ ਮੀਟਿੰਗ ਕਾਨੂੰਨ ਕਮਿਸ਼ਨ ਵੱਲੋਂ 3 ਜੁਲਾਈ ਨੂੰ ਸਾਂਝੇ ਸਿਵਲ ਕੋਡ ’ਤੇ ਕੀਤੀ ਜਾਣ ਵਾਲੀ ਚਰਚਾ ਤੋਂ ਪਹਿਲਾਂ ਹੋਈ ਹੈ। ਇਸ ਮੀਟਿੰਗ ਦੌਰਾਨ ਸੰਸਦ ਦੇ ਮੌਨਸੂਨ ਸੈਸ਼ਨ ’ਚ ਕੇਂਦਰ ਸਰਕਾਰ ਨੂੰ ਘੇਰਨ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘ਅਸੀਂ ਆਪਣੇ 15 ਜੂਨ ਨੂੰ ਜਾਰੀ ਕੀਤੇ ਗਏ ਬਿਆਨ ’ਤੇ ਹੀ ਕਾਇਮ ਹਾਂ। ਉਸ ਤੋਂ ਬਾਅਦ ਅਜੇ ਤੱਕ ਕੁਝ ਵੀ ਨਹੀਂ ਬਦਲਿਆ।’ ਇਸੇ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਦੌਰਾਨ ਸੰਸਦ ਦੇ ਮੌਨਸੂਨ ਸੈਸ਼ਨ ’ਚ ਪਾਰਟੀ ਵੱਲੋਂ ਉਠਾਏ ਜਾਣ ਵਾਲੇ ਮੁੱਦਿਆਂ ਜਿਵੇਂ ਮਨੀਪੁਰ ਹਿੰਸਾ, ਮਹਿੰਗਾਈ, ਅਡਾਨੀ ਸਮੂਹ, ਰਾਸ਼ਟਰਪਤੀ ਦਾ ਸਨਮਾਨ ਘਟਾਉਣ, ਪਹਿਲਵਾਨਾਂ ਦੇ ਚੱਲ ਰਹੇ ਸੰਘਰਸ਼ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਗਈ ਹੈ। ਮੀਟਿੰਗ ’ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖਡ਼ਗੇ, ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ, ਸ਼ਕਤੀ ਸਿੰਘ ਗੋਹਿਲ, ਰਣਦੀਪ ਸੁਰਜੇਵਾਲਾ, ਕੇਸੀ ਵੇਣੂਗੋਪਾਲ, ਸ਼ਸ਼ੀ ਥਰੂਰ, ਪੀ ਚਿਦੰਬਰਮ ਤੇ ਮਨੀਸ਼ ਤਿਵਾਡ਼ੀ ਵੀ ਹਾਜ਼ਰ ਸਨ। -ਪੀਟੀਆੲੀ

Advertisement

ਪੁਸ਼ਕਰ ਸਿੰਘ ਧਾਮੀ ਤਿੰਨ ਰੋਜ਼ਾ ਦੌਰੇ ’ਤੇ ਦਿੱਲੀ ਪੁੱਜੇ
ਦੇਹਰਾਦੂਨ/ਨਵੀਂ ਦਿੱਲੀ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅੱਜ ਆਪਣੇ ਤਿੰਨ ਰੋਜ਼ਾ ਦੌਰੇ ’ਤੇ ਦਿੱਲੀ ਪਹੁੰਚ ਗਏ ਹਨ। ਅਧਿਕਾਰੀਆਂ ਨੇ ਕਿਹਾ, ‘ਸਾਂਝੇ ਸਿਵਲ ਕੋਡ ਦੇ ਨਜ਼ਰੀਏ ਤੋਂ ਮੁੱਖ ਮੰਤਰੀ ਦੀ ਦਿੱਲੀ ਫੇਰੀ ਦੀ ਕਾਫੀ ਅਹਿਮੀਅਤ ਹੈ ਕਿਉਂਕਿ ਬੀਤੇ ਦਿਨ ਯੂਸੀਸੀ ਬਾਰੇ ਕਮੇਟੀ ਦੀ ਚੇਅਰਪਰਸਨ ਰੰਜਨਾ ਪ੍ਰਦਾਸ਼ ਦੇਸਾਈ ਨੇ ਕਿਹਾ ਸੀ ਕਿ ਯੂਸੀਸੀ ਬਾਰੇ ਖਰਡ਼ਾ ਤਿਆਰ ਕੀਤਾ ਜਾ ਰਿਹਾ ਹੈ।’ -ਏਐੱਨਆਈ

ਹਿਮਾਚਲ ਤੋਂ ਕਾਂਗਰਸ ਦੇ ਮੰਤਰੀ ਵੱਲੋਂ ਸਾਂਝੇ ਸਿਵਲ ਕੋਡ ਦੀ ਹਮਾਇਤ
ਸ਼ਿਮਲਾ: ਇੱਥੋਂ ਦੇ ਕਾਂਗਰਸੀ ਆਗੂ ਤੇ ਪੀਡਬਲਿਊਡੀ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸਾਂਝੇ ਸਿਵਲ ਕੋਡ ਦੀ ਹਮਾਇਤ ਕੀਤੀ ਹੈ ਜੋ ਕਿ ਪਾਰਟੀ ਦੇ ਰੁਖ਼ ਤੋਂ ਵੱਖਰਾ ਕਦਮ ਹੈ। ਉਨ੍ਹਾਂ ਕਿਹਾ, ‘ਅਸੀਂ ਕਿਹਾ ਹੈ ਕਿ ਜਦੋਂ ਵੀ ਸਾਂਝਾ ਸਿਵਲ ਕੋਡ ਆਵੇਗਾ ਅਸੀਂ ਉਸ ਦੀ ਹਮਾਇਤ ਕਰਾਂਗੇ। ਕਾਂਗਰਸ ਪਾਰਟੀ ਨੇ ਹਮੇਸ਼ਾ ਏਕਤਾ ਤੇ ਅਖੰਡਤਾ ਨੂੰ ਅੱਗੇ ਵਧਾਉਣ ’ਚ ਯੋਗਦਾਨ ਪਾਇਆ ਹੈ।’ ਜ਼ਿਕਰਯੋਗ ਹੈ ਕਿ ਵਿਕਰਮਾਦਿੱਤਿਆ ਹਿਮਾਚਲ ਪ੍ਰਦੇਸ਼ ਕਾਂਗਰਸ ਦੀ ਮੁਖੀ ਪ੍ਰਤਿਭਾ ਸਿੰਘ ਅਤੇ ਸੂਬੇ ਦੇ ਛੇ ਵਾਰ ਮੁੱਖ ਮੰਤਰੀ ਰਹੇ ਮਰਹੂਮ ਵੀਰਭੱਦਰ ਸਿੰਘ ਦੇ ਪੁੱਤਰ ਹਨ। ਉਨ੍ਹਾਂ ਨਾਲ ਹੀ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਹਰ ਵਾਰ ਭਾਜਪਾ ਚੋਣਾਂ ਤੋਂ ਪਹਿਲਾਂ ਅਜਿਹੇ ਮੁੱਦੇ ਲਿਆ ਕੇ ਲੋਕਾਂ ਦਾ ਧਿਆਨ ਮੁੱਖ ਮੁੱਦਿਆਂ ਤੋਂ ਭਟਕਾਉਂਦੀ ਹੈ। ਉਨ੍ਹਾਂ ਕਿਹਾ, ‘ਜਦੋਂ ਵੀ ਸਾਂਝਾ ਸਿਵਲ ਕੋਡ ਆਵੇਗਾ, ਅਸੀਂ ਇਸ ਦੀ ਹਮਾਇਤ ਕਰਾਂਗੇ ਪਰ ਸਾਨੂੰ ਮੁੱਖ ਮੁੱਦਿਆਂ ’ਤੇ ਧਿਆਨ ਦੇਣਾ ਚਾਹੀਦਾ ਹੈ।’ ਉਨ੍ਹਾਂ ਮਨੀਪੁਰ ’ਚ ਬਣੇ ਹਾਲਾਤ ਲਈ ਵੀ ਭਾਜਪਾ ਦੀ ਆਲੋਚਨਾ ਕੀਤੀ। -ਏਐੱਨਆਈ

Advertisement
Tags :
Author Image

Advertisement