For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ: ਬਾਇਡਨ

08:36 AM Jul 26, 2024 IST
ਅਮਰੀਕਾ ਨੂੰ ਇਕਜੁੱਟ ਰੱਖਣ ਲਈ ਕਮਾਨ ਨਵੀਂ ਪੀੜ੍ਹੀ ਨੂੰ ਸੌਂਪੀ  ਬਾਇਡਨ
ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਤੋਂ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ। -ਫੋਟੋ: ਰਾਇਟਰਜ਼
Advertisement

ਵਾਸ਼ਿੰਗਟਨ, 25 ਜੁਲਾਈ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਗਾਮੀ ਰਾਸ਼ਟਰਪਤੀ ਚੋਣਾਂ ’ਚੋਂ ਲਾਂਭੇ ਹੋਣ ਦਾ ਉਨ੍ਹਾਂ ਦਾ ਫੈਸਲਾ ਅਤੇ ਰਾਸ਼ਟਰਪਤੀ ਦੇ ਅਹੁਦੇ ਲਈ ਡੈਮਕੋਰੈਟਿਕ ਉਮੀਦਵਾਰ ਵਜੋਂ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕਰਨ ਪਿਛਲਾ ਅਸਲ ਮੰਤਵ ਦੇਸ਼ ਨੂੰ ਇਕਜੁੱਟ ਰੱਖਣਾ ਤੇ ‘ਮਸ਼ਾਲ ਅੱਗੇ ਨਵੀਂ ਪੀੜ੍ਹੀ ਦੇ ਹੱਥਾਂ’ ਵਿਚ ਸੌਂਪਣਾ ਸੀ। ਬਾਇਡਨ ਨੇ ਕਿਹਾ ਕਿ ਕਮਾਨ ਨਵੀਂ ਪੀੜ੍ਹੀ ਹੱਥ ਦੇਣ ਦਾ ਇਹੀ ਸਹੀ ਸਮਾਂ ਹੈ। ਤਿੰਨ ਦਿਨ ਪਹਿਲਾਂ ਰਾਸ਼ਟਰਪਤੀ ਚੋਣਾਂ ’ਚੋਂ ਆਪਣਾ ਨਾਮ ਵਾਪਸ ਲੈਣ ਮਗਰੋਂ ਬਾਇਡਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਔਨ-ਕੈਮਰਾ ਅਮਰੀਕੀ ਲੋਕਾਂ ਨਾਲ ਸਿੱਧੇ ਮੁਖਾਤਿਬ ਹੁੰਦਿਆਂ ਇਹ ਗੱਲ ਕਹੀ।
ਜਜ਼ਬਾਤੀ ਹੋਏ ਬਾਇਡਨ ਨੇ ਬੁੱਧਵਾਰ ਨੂੰ ਓਵਲ ਦਫ਼ਤਰ ਤੋਂ ਕੀਤੇ ਆਪਣੇ ਸੰਬੋਧਨ ਵਿਚ ਕਿਹਾ, ‘‘ਮੈਂ ਫੈਸਲਾ ਕੀਤਾ ਹੈ ਕਿ ਅੱਗੇ ਨੂੰ ਕਦਮ ਪੁੱਟਣ ਦਾ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਕਿ ਮਸ਼ਾਲ (ਕਮਾਨ) ਨਵੀਂ ਪੀੜ੍ਹੀ ਦੇ ਹੱਥਾਂ ਵਿਚ ਸੌਂਪ ਦਿੱਤੀ ਜਾਵੇ। ਇਹ ਸਾਡੇ ਦੇਸ਼ ਨੂੰ ਇਕਜੁੱਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਜਨਤਕ ਜੀਵਨ ਵਿਚ ਲੰਮਾ ਤਜਰਬਾ ਲੈਣ ਦਾ ਵੀ ਇਕ ਵਕਤ ਤੇ ਸਮਾਂ ਹੁੰਦਾ ਹੈ ਅਤੇ ਇਸੇ ਦੇ ਨਾਲ ਨਵੀਆਂ ਆਵਾਜ਼ਾਂ, ਨੌਜਵਾਨ ਵਿਚਾਰਾਂ ਦਾ ਵੀ ਇਕ ਸਮਾਂ ਤੇ ਸਥਾਨ ਹੁੰਦਾ ਹੈ, ਉਹ ਸਮਾਂ ਤੇ ਸਥਾਨ ਇਹੀ ਹੈ।’’ ਬਾਇਡਨ (81) ਨੇ ਕਿਹਾ ਕਿ ਰਾਸ਼ਟਰਪਤੀ ਦਾ ਦਫ਼ਤਰ ਸਤਿਕਾਰਯੋਗ ਹੈ, ਪਰ ਉਹ ਆਪਣੇ ਦੇਸ਼ ਨੂੰ ਵੱਧ ਪਿਆਰ ਕਰਦੇ ਹਨ। ਅਮਰੀਕੀ ਸਦਰ ਨੇ ਕਿਹਾ, ‘‘ਰਾਸ਼ਟਰਪਤੀ ਵਜੋਂ ਸੇਵਾ ਕਰਨਾ ਮੇਰੀ ਜ਼ਿੰਦਗੀ ਲਈ ਵੱਡਾ ਆਦਰ ਮਾਣ ਹੈ ਪਰ ਜਮਹੂਰੀਅਤ ਦੀ ਰਾਖੀ, ਜੋ ਇਸ ਵੇਲੇ ਦਾਅ ਉੱਤੇ ਹੈ, ਮੇਰਾ ਮੰਨਣਾ ਹੈ ਕਿ ਇਹ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਅਹਿਮ ਹੈ।’’ ਉਨ੍ਹਾਂ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਅਮਰੀਕਾ ਅਹਿਮ ਮੋੜ ’ਤੇ ਹੈ। ਅਸੀਂ ਅੱਜ ਜੋ ਫੈਸਲੇ ਲਵਾਂਗੇ, ਉਹ ਦਹਾਕਿਆਂ ਤੱਕ ਸਾਡੇ ਦੇਸ਼ ਤੇ ਕੁੱਲ ਆਲਮ ਦਾ ਭਵਿੱਖ ਤੈਅ ਕਰਨਗੇ।’’ ਰਾਸ਼ਟਰਪਤੀ ਦੇ ਸੰਬੋਧਨ ਦੌਰਾਨ ਉਨ੍ਹਾਂ ਦੀ ਪਤਨੀ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਤੇ ਪੁੱਤਰ ਹੰਟਰ ਬਾਇਡਨ ਵੀ ਮੌਜੂਦ ਸਨ। -ਪੀਟੀਆਈ

Advertisement

ਕਮਲਾ ਹੈਰਿਸ ਸ਼ਾਸਨ ਕਰਨ ਦੇ ਯੋਗ ਨਹੀਂ: ਟਰੰਪ

ਵਾਸ਼ਿੰਗਟਨ:

Advertisement

ਸਾਬਕਾ ਰਾਸ਼ਟਰਪਤੀ ਤੇ ਅਗਾਮੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਡੋਨਲਡ ਟਰੰਪ ਨੇ ਆਪਣੇ ਨਵੇਂ ਵਿਰੋਧੀ ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਹ (ਹੈਰਿਸ) ਸ਼ਾਸਨ ਕਰਨ ਦੇ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਹੈਰਿਸ ‘ਸਿਰੇ ਦੀ ਉਦਾਰਵਾਦੀ ਸਿਆਸਤਦਾਨ’ ਹੈ, ਜਿਸ ਨੂੰ ਵੋਟਰ ਨਵੰਬਰ ਵਿਚ ਰੱਦ ਕਰ ਦੇਣਗੇ। ਟਰੰਪ ਨੇ ਕਿਹਾ, ‘‘ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਬਾਇਡਨ ਵੱਲੋਂ ਲਏ ਵਿਨਾਸ਼ਕਾਰੀ ਫੈਸਲਿਆਂ ਪਿੱਛੇ ਕਮਲਾ ਹੈਰਿਸ ਦੀ ਵੱਡੀ ਭੂਮਿਕਾ ਰਹੀ ਹੈ। ਉਹ ਉਦਾਰਵਾਦੀ ਸਿਆਸਤਦਾਨ ਹੈ, ਜਿਸ ਨੂੰ ਜੇ ਕਦੇ ਰਾਸ਼ਟਰਪਤੀ ਬਣਨ ਦਾ ਮੌਕਾ ਮਿਲਿਆ ਤਾਂ ਉਹ ਸਾਡੇ ਦੇਸ਼ ਨੂੰ ਤਬਾਹ ਕਰ ਦੇਵੇਗੀ। ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।’’ ਰਾਸ਼ਟਰਪਤੀ ਜੋਅ ਬਾਇਡਨ ਨੇ ਅਗਾਮੀ ਚੋਣਾਂ ਵਿਚੋਂ ਆਪਣੀ ਦਾਅਵੇਦਾਰੀ ਵਾਪਸ ਲੈਂਦਿਆਂ ਹੈਰਿਸ ਨੂੰ ਭਾਵੇਂ ਆਪਣਾ ਜਾਨਸ਼ੀਨ ਨਾਮਜ਼ਦ ਕਰ ਦਿੱਤਾ ਹੈ, ਪਰ ਹੈਰਿਸ (59) ਨੂੰ ਅਗਲੇ ਮਹੀਨੇ ਡੈਮੋਕਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਅਧਿਕਾਰਤ ਤੌਰ ’ਤੇ ਉਮੀਦਵਾਰ ਐਲਾਨਿਆ ਜਾਵੇਗਾ। -ਪੀਟੀਆਈ

Advertisement
Author Image

joginder kumar

View all posts

Advertisement