ਵਿਗਿਆਨਕ ਖੇਤੀ ਦੇ ਰੰਗ, ਪੀਏਯੂ ਕਿਸਾਨ ਮੇਲਿਆਂ ਦੇ ਸੰਗ
ਤੇਜਿੰਦਰ ਸਿੰਘ ਰਿਆੜ ਅਤੇ ਜਗਵਿੰਦਰ ਸਿੰਘ
ਪੀਏਯੂ ਨੇ ਆਪਣੀ ਸਥਾਪਨਾ ਤੋਂ ਹੀ ਕਿਸਾਨਾਂ ਨਾਲ ਜੁੜਨ ਦੇ ਵਿਸ਼ੇਸ਼ ਯਤਨ ਆਰੰਭ ਕੀਤੇ ਹੋਏ ਹਨ। ਪਸਾਰ ਮਾਹਿਰਾਂ ਨੂੰ ਇਸ ਗੱਲ ਦਾ ਅੰਦਾਜ਼ਾ ਭਲੀ-ਭਾਂਤ ਸੀ ਕਿ ਪੰਜਾਬ ਖੇਤੀ ਦੀ ਵਿਗਿਆਨਕ ਅਤੇ ਬਦਲਵੀਂ ਨੁਹਾਰ ਕਿਸਾਨਾਂ ਦੀ ਸਾਂਝੇਦਾਰੀ ਬਿਨਾਂ ਸ਼ਾਇਦ ਸੰਭਵ ਨਾ ਹੋ ਸਕੇ। ਇਸ ਲਈ ਕਿਸਾਨਾਂ ਨੂੰ ਨਾਲ ਜੋੜ ਕੇ ਨਵੀਆਂ ਖੇਤੀ ਵਿਧੀਆਂ ਲਾਗੂ ਕਰਨ ਦੀ ਇਕ ਕੋਸ਼ਿਸ਼ ਵਜੋਂ ਹੀ ਕਿਸਾਨ ਮੇਲੇ ਸ਼ੁਰੂ ਕੀਤੇ ਗਏ। ਹਾੜ੍ਹੀ-ਸਾਉਣੀ ਤੋਂ ਪਹਿਲਾਂ ਲਾਏ ਜਾਣ ਵਾਲੇ ਮੇਲੇ ਆਉਂਦੀ ਰੁੱਤ ਲਈ ਨਵੀਆਂ ਕਿਸਮਾਂ ਵੱਲ ਜਿਗਿਆਸਾ ਨਾਲ ਦੇਖਣ ਦਾ ਕਾਰਨ ਸਨ। ਨਾਲ ਹੀ ਖੇਤੀ ਦੇ ਢੰਗਾਂ ਵਿਚ ਯੂਨੀਵਰਸਿਟੀ ਦੀਆਂ ਖੋਜ ਭਰਪੂਰ ਸਿਫਾਰਿਸ਼ਾਂ ਵੀ ਲਾਗੂ ਕਰਨ ਦਾ ਮੌਕਾ ਮਿਲਦਾ ਸੀ। ਕਿਸਾਨ ਮੇਲਿਆਂ ਨੂੰ ਕਿਸੇ ਤਿਉਹਾਰ ਵਾਂਗ ਉਡੀਕਣ ਲੱਗੇ। ਅੱਜ ਵੀ ਪਿੰਡਾਂ ਦੇ ਕਿਸਾਨ ਪਹਿਲਾ ਸਵਾਲ ਇਹੀ ਕਰਦੇ ਹਨ, ‘‘ਕਦੋਂ ਮੇਲੇ ਲਾ ਰਹੇ ਹੋ ਬਾਈ ?’’
ਨਤੀਜਾ ਇਹ ਕਿ ਇਨ੍ਹਾਂ ਮੇਲਿਆਂ ਨੇ ਪੰਜਾਬ ਦੀ ਕਿਸਾਨੀ ਦੀ ਕਾਇਆਕਲਪ ਵਿਚ ਇਤਿਹਾਸਕ ਯੋਗਦਾਨ ਪਾਇਆ ਹੈ। ਪੰਜਾਬ ਨੂੰ ਖੇਤੀ ਪੱਖੋਂ ਖਿੱਤੇ ਦਾ ਮੋਹਰੀ ਸੂਬਾ ਬਣਾਉਣ ਵਿੱਚ ਕਿਸਾਨ ਮੇਲਿਆਂ ’ਚੋਂ ਮਿਲੀ ਚੇਤਨਾ ਦਾ ਅਹਿਮ ਹਿੱਸਾ ਹੈ। ਹਰੀ ਕ੍ਰਾਂਤੀ ਅਤੇ ਇਸ ਤੋਂ ਮਗਰੋਂ ਨਵੀਂ ਤਕਨਾਲੋਜੀ ਦੇ ਵਿਕਾਸ ਦੇ ਨਾਲ-ਨਾਲ ਰਾਜ ਦੀਆਂ ਨੀਤੀਆਂ, ਕਿਸਾਨਾਂ ਦੀ ਅਣਥੱਕ ਮਿਹਨਤ ਅਤੇ ਪਸਾਰ ਸੇਵਾਵਾਂ ਨੇ ਖੇਤੀ ਪੈਦਾਵਾਰ ਅਤੇ ਉਤਪਾਦਕਤਾ ਨੂੰ ਵਧਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਹੈ। ਕੋਵਿਡ ਦੌਰਾਨ ਜਦੋਂ ਸਾਰੀ ਦੁਨੀਆ ਆਪਣੇ ਕਾਰਜ ਤਿਆਗ ਕੇ ਆਪਣੀ ਹੋਂਦ ਦੇ ਬਚਾਅ ਨਾਲ ਜੂਝ ਰਹੀ ਸੀ ਤਾਂ ਦੂਜੇ ਪਾਸੇ ਪੀਏਯੂ ਦੇ ਮਾਹਿਰਾਂ ਨੇ ਆਨਲਾਈਨ ਮੇਲੇ ਲਾਏ। ਇਨ੍ਹਾਂ ਵਿਚ ਸ਼ਾਮਲ ਹੋਣ ਵਾਲੇ ਕਿਸਾਨਾਂ ਦੀ ਵੀ ਵੱਡੀ ਗਿਣਤੀ ਸੀ। ਦੇਖਾ-ਦੇਖੀ ਦੇਸ਼ ਦੀਆਂ ਹੋਰ ਖੇਤੀ ਯੂਨੀਵਰਸਿਟੀਆਂ ਨੇ ਵੀ ਇਹੀ ਤਰੀਕਾ ਅਪਣਾਇਆ। ਪੀਏਯੂ ਹਰ ਸਾਲ ਰਾਜ ਦੇ ਖੇਤਰੀ ਖੋਜ ਕੇਂਦਰਾਂ ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਫ਼ਰੀਦਕੋਟ, ਬੱਲੋਵਾਲ ਸੌਂਖੜੀ ਅਤੇ ਲੁਧਿਆਣਾ ਕੈਂਪਸ ਵਿੱਚ ਕਿਸਾਨ ਮੇਲੇ ਲਾਉਂਦੀ ਆ ਰਹੀ ਹੈ ਅਤੇ ਖੇਤੀ ਤੇ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਵੀਂ ਤਕਨਾਲੋਜੀ/ਕਾਰਜ ਵਿਧੀਆਂ ਦਾ ਪ੍ਰਦਰਸ਼ਨ ਇਨ੍ਹਾਂ ਮੇਲਿਆਂ ਦੌਰਾਨ ਕੀਤਾ ਜਾਂਦਾ ਹੈ। ਇਹ ਮੇਲਾ ਕਿਸਾਨਾਂ ਅਤੇ ਵਿਗਿਆਨੀਆਂ ਵਿੱਚ ਅੰਤਰ-ਸੰਵਾਦ ਲਈ ਇੱਕ ਵੱਡਾ ਮੌਕਾ ਹੁੰਦਾ ਹੈ। ਵਿਗਿਆਨੀ ਇੱਥੇ ਕਿਸਾਨਾਂ ਤੋਂ ਸੁਝਾਅ ਲੈਂਦੇ ਹਨ ਕਿ ਨਵੀ ਵਿਕਸਤ ਤਕਨਾਲੋਜੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ ਅਤੇ ਹੁਣ ਉਨ੍ਹਾਂ ਕਿਸਾਨਾਂ ਦੀਆਂ ਖੇਤੀ ਬਾਰੇ ਲੋੜਾਂ ਕਿਹੋ ਜਿਹੀਆਂ ਹਨ? ਕਿਸਾਨਾਂ ਦੇ ਸਾਹਮਣੇ ਆ ਰਹੀਆਂ ਨਵੀਆਂ ਖੇਤੀ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਗਿਆਨੀ ਆਪਣੇ ਖੋਜ ਕਾਰਜਾਂ ਨੂੰ ਸੇਧ ਦਿੰਦੇ ਹਨ। ਉਥੇ ਹੀ ਵਿਗਿਆਨੀ, ਪ੍ਰਸ਼ਨ-ਉੱਤਰ ਸੈਸ਼ਨ ਵਿੱਚ ਕਿਸਾਨਾਂ ਦੇ ਖੇਤੀ ਅਤੇ ਸਹਾਇਕ ਧੰਦਿਆਂ ਸਬੰਧੀ ਪ੍ਰਸ਼ਨਾਂ ਦੇ ਜਵਾਬ ਦਿੰਦੇ ਹਨ। ਇਹ ਕਿਸਾਨ ਇੱਥੋਂ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੇ ਸੁਧਰੇ ਅਤੇ ਨਵੇਂ ਬੀਜ, ਫ਼ਲਾਂ ਦੇ ਬੂਟੇ, ਖੇਤੀ ਸਾਹਿਤ ਅਤੇ ਬਾਇਓ ਖਾਦਾਂ ਖਰੀਦ ਕੇ ਲਿਜਾਂਦੇ ਹਨ। ਇਸ ਮੇਲੇ ਦਾ ਇੱਕ ਹੋਰ ਉਭਰਵਾਂ ਪੱਖ ਇੱਥੇ ਲਗਾਈ ਜਾਂਦੀ ਖੇਤੀ ਉਦਯੋਗ ਦੀ ਵੱਡੀ ਪ੍ਰਦਰਸ਼ਨੀ ਹੁੰਦੀ ਹੈ, ਜਿਸ ਵਿੱਚ ਪ੍ਰਾਈਵੇਟ ਸੈਕਟਰ ਵੱਲੋਂ ਨਵੀਂ ਖੇਤ ਮਸ਼ੀਨਰੀ, ਸੰਦ ਅਤੇ ਹੋਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਮੇਲਿਆਂ ਦੌਰਾਨ ਹਰ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਉਹ ਹੋਰ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਸਕਣ। ਇਨ੍ਹਾਂ ਇਨਾਮਾਂ ਨਾਲ ਖੇਤੀ ਵਿਭਿੰਨਤਾ ਲਈ ਯਤਨ ਕਰਨ ਵਾਲੇ ਕਿਸਾਨਾਂ, ਛੋਟੀ ਕਿਸਾਨੀ ’ਚੋਂ ਆਮਦਨ ਦੇ ਸਾਧਨ ਤਲਾਸ਼ ਕਰਨ ਵਾਲੇ ਕਿਸਾਨਾਂ, ਪਰਿਵਾਰ ਦੀ ਆਮਦਨ ਲਈ ਨਵੇਂ ਉਦਮ ਤਲਾਸ਼ਣ ਵਾਲੀਆਂ ਕਿਸਾਨ ਬੀਬੀਆਂ ਦੇ ਨਾਲ-ਨਾਲ ਆਪਣੇ ਪਿੰਡ ਦੇ ਛੱਪੜਾਂ ਨੂੰ ਸੋਧ ਕੇ ਵਾਤਾਵਰਨ ਦੀ ਸੰਭਾਲ ਕਰਨ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਪੀਏਯੂ ਦੇ ਕਿਸਾਨ ਮੇਲੇ ਪੰਜਾਬ ਦੇ ਖੇਤੀ ਵਾਤਾਵਰਨ ਮੁਤਾਬਕ ਵੱਖ-ਵੱਖ ਖਿੱਤਿਆਂ ਵਿਚ ਲਾਏ ਜਾਂਦੇ ਹਨ। ਮਾਝੇ ਵਿਚ ਅੰਮ੍ਰਿਤਸਰ ਅਤੇ ਗੁਰਦਾਸਪੁਰ, ਕੰਢੀ ਵਿਚ ਬੱਲੋਵਾਲ ਸੌਂਖੜੀ, ਮਾਲਵੇ ਵਿਚ ਫ਼ਰੀਦਕੋਟ ਅਤੇ ਬਠਿੰਡਾ ਤੇ ਪੁਆਧ ਵਿਚ ਪਟਿਆਲਾ ਵਿੱਚ ਇਹ ਮੇਲੇ ਸਾਲ ਵਿਚ ਦੋ ਵਾਰ ਲਗਾਏ ਜਾਂਦੇ ਹਨ। ਇਸ ਤਰ੍ਹਾਂ ਵੱਖ-ਵੱਖ ਖਿੱਤਿਆਂ ਦੇ ਮੌਸਮ, ਫ਼ਸਲਾਂ ਅਤੇ ਜਲਵਾਯੂ ਅਨੁਸਾਰ ਯੂਨੀਵਰਸਿਟੀ ਵੱਲੋਂ ਕੀਤੀਆਂ ਖੋਜ ਆਧਾਰਿਤ ਸਿਫ਼ਾਰਸ਼ਾਂ ਸਥਾਨਕ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਮੁੱਖ ਮੇਲਾ ਲੁਧਿਆਣਾ ਵਿਚ ਦੋ ਦਿਨਾਂ ਲਈ ਹੁੰਦਾ ਹੈ, ਜੋ ਇਸ ਵਾਰ 14-15 ਸਤੰਬਰ ਨੂੰ ਲਾਇਆ ਜਾ ਰਿਹਾ ਹੈ। ਇਹ ਮੇਲਾ ਪੰਜਾਬ ਦੀ ਖੇਤੀ ਦਾ ਸਮੁੱਚਾ ਦ੍ਰਿਸ਼ ਸਿਰਜਦਾ ਹੈ। ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਇਸ ਮੇਲੇ ਵਿਚ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਵਰਸਿਟੀ ਦੀ ਤਾਕਤ ਹਨ ਅਤੇ ਖੇਤੀ ਖੋਜਾਂ ਦੇ ਕਿਸਾਨਾਂ ਤੱਕ ਪਹੁੰਚਾਉਣ ਨਾਲ ਹੀ ਇਹ ਕਿਸਾਨ ਮੇਲੇ ਆਪਣੀ ਭੂਮਿਕਾ ਵਿਚ ਸਫਲ ਸਮਝੇ ਜਾਣਗੇ।
ਇਹ ਕਿਸਾਨ ਮੇਲੇ ਪੰਜਾਬ ਵਿੱਚ ਵਿਗਿਆਨਕ ਖੇਤੀ ਦਾ ਮੁੱਢ ਸਾਬਤ ਹੋਏ ਹਨ। ਇਨ੍ਹਾਂ ਮੇਲਿਆਂ ਰਾਹੀਂ ਬਹੁਤ ਸਾਰੇ ਅਗਾਂਹਵਧੂ ਕਿਸਾਨ ਖੇਤੀ ਨੂੰ ਹੋਰ ਲਾਹੇਵੰਦ ਕਿੱਤਾ ਬਣਾਉਣ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਫ਼ਲ ਰਹੇ। ਵਰਤਮਾਨ ਵਿੱਚ ਵੀ ਇਨ੍ਹਾਂ ਮੇਲਿਆਂ ਦਾ ਕੋਈ ਬਦਲ ਹੋ ਨਹੀਂ ਸਕਦਾ। ਇਹ ਕਿਸਾਨ ਮੇਲੇ ਪੰਜਾਬ ਦੀ ਕਿਸਾਨੀ ਦੀ ਜੀਵਨ ਰੇਖਾ ਸਾਬਤ ਹੋ ਰਹੇ ਹਨ। ਮੇਲਿਆਂ ਦੀ ਸਫ਼ਲਤਾ ਇਸ ਗੱਲੋਂ ਵੀ ਸਾਬਤ ਹੁੰਦੀ ਹੈ ਕਿ ਮੇਲਿਆਂ ਵਿੱਚੋਂ ਗਿਆਨ ਹਾਸਲ ਕਰ ਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੇ ਕਿਸਾਨਾਂ ਦੀ ਗਿਣਤੀ ਆਏ ਸਾਲ ਵਧ ਰਹੀ ਹੈ। ਬੀਬੀਆਂ ਵੱਲੋਂ ਬਣਾਏ ਸਵੈ-ਸੇਵੀ ਸਮੂਹਾਂ ਦੀਆਂ ਸਟਾਲਾਂ ਆਪਣੇ ਆਪ ਹੀ ਕਿਸਾਨ ਬੀਬੀਆਂ ਵਲੋਂ ਪਰਿਵਾਰਾਂ ਦੀ ਆਰਥਿਕਤਾ ਵਿੱਚ ਪਾਏ ਯੋਗਦਾਨ ਨੂੰ ਬਿੰਬਤ ਕਰਦੀਆਂ ਹਨ।
ਕਿਸਾਨ ਵੀਰਾਂ ਨੂੰ ਹਰ ਲਿਹਾਜ਼ ਨਾਲ ਇਨ੍ਹਾਂ ਮੇਲਿਆਂ ਦਾ ਹਿੱਸਾ ਬਣ ਕੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ’ਤੇ ਤੋਰਨ ਦੀ ਲੋੜ ਹੈ।