‘ਤ੍ਰੈ-ਭਾਸ਼ੀ ਕਵੀ ਦਰਬਾਰ’ ਵਿੱਚ ਸ਼ਾਇਰਾਂ ਨੇ ਬੰਨ੍ਹਿਆ ਰੰਗ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 1 ਫਰਵਰੀ
ਇਥੇ ਸਰਕਾਰੀ ਰਾਜਿੰਦਰਾ ਕਾਲਜ ਦੇ ਆਡੀਟੋਰੀਅਮ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਾਲਜ ਦੇ ਭਾਸ਼ਾ ਮੰਚ ਦੇ ਸਹਿਯੋਗ ਨਾਲ ‘ਤ੍ਰੈ-ਭਾਸ਼ੀ ਕਵੀ ਦਰਬਾਰ’ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿੱਚ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾ ਦੇ ਨਾਮਵਰ ਕਵੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਸਥਾਪਿਤ ਸ਼ਾਇਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕੀਤੀ। ਸਲਾਹਕਾਰ ਬੋਰਡ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਮੈਂਬਰ ਜਸਪਾਲ ਮਾਨਖੇੜਾ ਅਤੇ ਅਕਾਦਮਿਕ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮੈਂਬਰ ਰਿਸ਼ੀ ਹਿਰਦੇਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਏਡੀਸੀ ਨੇ ਕਿਹਾ ਕਿ ਉਨ੍ਹਾਂ ਨੂੰ ਕਵਿਤਾ ਵਿੱਚ ਹਮੇਸ਼ਾਂ ਹੀ ਦਿਲਚਸਪੀ ਰਹੀ ਹੈ, ਕਿਉਂਕਿ ਕਵਿਤਾ ਦਾ ਸਿੱਧਾ ਸਬੰਧ ਰੂਹ ਨਾਲ ਹੁੰਦਾ ਹੈ। ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮੁੱਖ ਮਹਿਮਾਨ ਅਤੇ ਸਾਹਿਤ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਸੁਆਗਤ ਕੀਤਾ। ਦਰਸ਼ਨ ਬੁੱਟਰ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮੌਜੂਦਾ ਹਾਲਾਤ ਵਿੱਚ ਅਜਿਹੇ ਸਮਾਗਮ ਸਮੇਂ ਦੀ ਲੋੜ ਹਨ। ਕਵੀਆਂ ਨੇ ਅਜੋਕੇ ਸਮੇਂ ਦੇ ਹਾਣ ਦੀਆਂ ਕਵਿਤਾਵਾਂ ਸੁਣਾ ਕੇ ਇੰਜ ਸਮਾਂ ਬੰਨ੍ਹਿਆ ਕਿ ਸਰੋਤੇ ਮੰਤਰ ਮੁਗਧ ਹੋ ਗਏ। ਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਕਵੀ ਦਰਬਾਰ ਵਿੱਚ ਬਲਵਿੰਦਰ ਸੰਧੂ, ਤਰਸੇਮ, ਸੁਰਿੰਦਰਪ੍ਰੀਤ ਘਣੀਆ, ਸਵਤੰਤਰ ਦੇਵ ਆਰਿਫ਼, ਪਰਮਜੀਤ ਢਿੱਲੋਂ, ਮਨਜੀਤ ਸੂਖ਼ਮ, ਰਣਬੀਰ ਰਾਣਾ, ਜਨਕ ਰਾਜ ਜਨਕ, ਅਜਮੇਰ ਦੀਵਾਨਾ, ਜੈਨੇਂਦਰ ਚੌਹਾਨ, ਰਣਜੀਤ ਗੌਰਵ, ਮੰਗਤ ਕੁਲਜਿੰਦ, ਦਵੀ ਸਿੱਧੂ, ਅੰਮ੍ਰਿਤਪਾਲ ਕਲੇਰ, ਕੁਲਦੀਪ ਬੰਗੀ ਅਤੇ ਸਨੇਹ ਲਤਾ ਗੋਸਵਾਮੀ ਆਦਿ ਸਿਰਮੌਰ ਸ਼ਾਇਰਾਂ ਨੇ ਸ਼ਿਰਕਤ ਕੀਤੀ।