For the best experience, open
https://m.punjabitribuneonline.com
on your mobile browser.
Advertisement

ਅੰਗਰੇਜ਼ੀ ਸਿਖਾਉਣ ਵਾਲਿਆਂ ਨੂੰ ਚੜ੍ਹਿਆ ਪੰਜਾਬੀ ਦਾ ਰੰਗ

07:19 AM Mar 07, 2024 IST
ਅੰਗਰੇਜ਼ੀ ਸਿਖਾਉਣ ਵਾਲਿਆਂ ਨੂੰ ਚੜ੍ਹਿਆ ਪੰਜਾਬੀ ਦਾ ਰੰਗ
ਆਈਲੈਟਸ ਸੈਂਟਰਾਂ ਦੇ ਪੰਜਾਬੀ ਭਾਸ਼ਾ ਵਿਚ ਲਿਖੇ ਬੋਰਡ।
Advertisement

ਲਖਵੀਰ ਸਿੰਘ ਚੀਮਾ
ਟੱਲੇਵਾਲ,­ 6 ਮਾਰਚ
ਸੂਬਾ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਸਾਰਥਿਕ ਹੁੰਦੇ ਵਿਖਾਈ ਦੇ ਰਹੇ ਹਨ। ਸਰਕਾਰੀ ਅਤੇ ਨਿੱਜੀ ਸੰਸਥਾਵਾਂ ਦੇ ਕੰਮਕਾਰ ਅਤੇ ਖਾਸ ਤੌਰ ’ਤੇ ਸਾਈਨ ਬੋਰਡਾਂ ’ਤੇ ਪੰਜਾਬੀ ਭਾਸ਼ਾ ਦੀ ਸਰਦਾਰੀ ਸਥਾਪਤ ਹੁੰਦੀ ਜਾ ਰਹੀ ਹੈ। ਇੱਥੋਂ ਤਕ ਕਿ ਹੁਣ ਤਾਂ ਅੰਗਰੇਜ਼ੀ ਸਿਖਾਉਣ ਵਾਲਿਆਂ ਨੂੰ ਵੀ ਪੰਜਾਬੀ ਦਾ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਹੈ। ਬਰਨਾਲਾ ਮੁੱਖ ਬੱਸ ਅੱਡੇ ਦੇ ਪਿਛਲੇ ਪਾਸੇ ਸਥਿਤ ਆਈਲੈਟਸ ਮਾਰਕੀਟ ਵਿੱਚ ਲਗਪਗ ਨੱਬੇ ਫੀਸਦੀ ਸੈਂਟਰਾਂ ਦੇ ਬੋਰਡਾਂ ਉਪਰ ਸਭ ਤੋਂ ਉੱਤੇ ਪੰਜਾਬੀ ਭਾਸ਼ਾ ਲਿਖੀ ਹੋਈ ਦਿਖਾਈ ਦੇ ਰਹੀ ਹੈ। 16 ਏਕੜ ਕਲੋਨੀ ਦੇ ਨਾਂ ਨਾਲ ਮਸ਼ਹੂਰ ਇਸ ਖੇਤਰ ਵਿੱਚ ਲਗਪਗ 30 ਦੇ ਕਰੀਬ ਆਈਲੈਟਸ ਸੈਂਟਰ ਖੁੱਲ੍ਹੇ ਹੋਣ ਕਰਕੇ ਇਸ ਮਾਰਕੀਟ ਦਾ ਨਾਮ ਆਈਲੈਟਸ ਮਾਰਕੀਟ ਹੀ ਪੈ ਗਿਆ ਹੈ। ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਕਰਾਉਣ ਦਾ ਦਾਅਵਾ ਕਰਨ ਵਾਲੇ ਇਨ੍ਹਾਂ ਸੈਂਟਰਾਂ ਦੀ ਦਿੱਖ ਵਿਦੇਸ਼ੀ ਤਰਜ਼ ’ਤੇ ਬਣਾਈ ਗਈ ਹੈ। ਕੁੱਝ ਸਮਾਂ ਪਹਿਲਾਂ ਤਕ ਇਨ੍ਹਾਂ ਦੇ ਸੂਚਨਾ ਬੋਰਡ ਸਿਰਫ ਅੰਗਰੇਜ਼ੀ ਵਿਚ ਹੀ ਲਿਖੇ ਹੁੰਦੇ ਸਨ ਪਰ ਹੁਣ ਇਨ੍ਹਾਂ ਸੈਂਟਰਾਂ ਦੇ ਨਾਮ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਵਿੱਚ ਵੀ ਲਿਖੇ ਗਏ ਹਨ। ਪੰਜਾਬੀ ਨੂੰ ਅੰਗਰੇਜ਼ੀ ਤੋਂ ਉਪਰ ਥਾਂ ਦੇ ਕੇ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਕੁੱਝ ਸੈਂਟਰਾਂ ਦੇ ਬੋਰਡ ਉਪਰ ਸਿਰਫ਼ ਪੰਜਾਬੀ ਹੀ ਲਿਖੀ ਹੋਈ ਹੈ। ਪੰਜਾਬੀ ਪ੍ਰੇਮੀਆਂ ਨੂੰ ਇਸ ਤਰ੍ਹਾਂ ਪੰਜਾਬੀ ਲਿਖੀ ਦੇਖ ਕੇ ਵੱਖਰਾ ਸਕੂਨ ਮਿਲਦਾ ਹੈ। ਸਮਾਜ ਸੇਵੀ ਡਾ.ਦਰਸ਼ਨ ਚੀਮਾ ਨੇ ਕਿਹਾ ਕਿ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੀਤੇ ਜਾਂਦੇ ਉਪਰਾਲਿਆਂ ਦੇ ਨਤੀਜੇ ਚੰਗੇ ਸਾਹਮਣੇ ਆ ਰਹੇ ਹਨ­ ਜਿਸ ਕਰਕੇ ਇਹ ਸਰਕਾਰ ਦੇ ਇਹ ਯਤਨ ਸ਼ਲਾਘਾਯੋਗ ਹਨ ਪਰ ਅਜੇ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਹੋਰ ਹੰਭਲੇ ਮਾਰਨ ਦੀ ਲੋੜ ਹੈ। ਡੀਸੀ ਪੂਨਮਦੀਪ ਕੌਰ ਦਾ ਕਹਿਣਾ ਹੈ ਜਨਤਕ ਥਾਵਾਂ ’ਤੇ ਪੰਜਾਬੀ ਭਾਸ਼ਾ ਦਾ ਵੱਧ ਤੋਂ ਵੱਧ ਇਸਤੇਮਾਲ ਹੋਣਾ ਚਾਹੀਦਾ ਹੈ। ਆਮ ਲੋਕਾਂ ਨੂੰ ਵੀ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×