ਮਿਹਨਤ ਦਾ ਰੰਗ
ਮਹਿਲਾ ਮੁੱਕੇਬਾਜ਼ਾਂ ਅਤੇ ਪਹਿਲਵਾਨਾਂ ਲਈ ਜਾਣੇ ਜਾਂਦੇ ਸੂਬੇ ਹਰਿਆਣਾ ਵਿੱਚ ਮਨੂ ਭਾਕਰ ਨੇ 14 ਸਾਲ ਦੀ ਉਮਰ ਤੋਂ ਨਿਸ਼ਾਨੇਬਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਸੀ। ਦੋ ਸਾਲਾਂ ਬਾਅਦ ਹਰਿਆਣਾ ਦੀ ਇਸ ਵਿਲੱਖਣ ਪ੍ਰਤਿਭਾ ਨੇ 2018 ਦੀਆਂ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਨੂੰ ਸੋਨੇ ਦਾ ਤਗ਼ਮਾ ਦਿਵਾਇਆ ਸੀ ਪਰ ਸਾਲ 2020 ਦੀਆਂ ਟੋਕੀਓ ਓਲੰਪਿਕ ਖੇਡਾਂ ’ਚ ਉਦੋਂ ਝਟਕਾ ਲੱਗਾ ਜਦ ਮਨੂ ਆਪਣੇ ਸਾਰੇ ਤਿੰਨਾਂ ਮੁਕਾਬਲਿਆਂ ’ਚ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ ਸੀ। ਖ਼ਰਾਬ ਪਿਸਤੌਲ ਕਾਰਨ ਕੋਚ ਜਸਪਾਲ ਰਾਣਾ ਨਾਲ ਮਤਭੇਦ ਹੋ ਗਏ। ਜਸਪਾਲ ਰਾਣਾ ਖ਼ੁਦ ਵੀ ਚੈਂਪੀਅਨ ਸ਼ੂਟਰ ਰਹਿ ਚੁੱਕੇ ਹਨ। ਇਨ੍ਹਾਂ ਘਟਨਾਵਾਂ ਦੇ ਭਾਵਨਾਤਮਕ ਅਸਰਾਂ ਨੇ ਉਸ ਦੇ ਭਵਿੱਖ ’ਤੇ ਸਵਾਲ ਖੜ੍ਹੇ ਕਰ ਦਿੱਤੇ। ਪਿਛਲੇ ਸਾਲ ਦੋਵੇਂ ਮੁੜ ਇਕੱਠੇ ਹੋਏ। ਪੈਰਿਸ ਓਲੰਪਿਕਸ ਨੇ ਗੁਰੂ ਤੇ ਸ਼ਿਸ਼, ਦੋਵਾਂ ਦਾ ਨਿਸਤਾਰਾ ਕੀਤਾ। 22 ਸਾਲ ਦੀ ਮਨੂ ਨੇ ਜਦੋਂ ਨਿਸ਼ਾਨੇਬਾਜ਼ੀ ਵਿੱਚ ਭਾਰਤ ਦੀ ਤਗ਼ਮੇ ਦੀ 12 ਸਾਲ ਦੀ ਉਡੀਕ ਖ਼ਤਮ ਕੀਤੀ ਤਾਂ ਉਸ ਮੁਤਾਬਿਕ, ਉਸ ਨੇ ਸਿਰਫ਼ ਰਾਣਾ ਵੱਲ ਤੱਕਿਆ ਕਿਉਂਕਿ ਇਸ ਨਾਲ ਉਸ ਨੂੰ ਹੌਸਲਾ ਮਿਲਦਾ ਹੈ। ਕੋਚ ਨੇ ਵੀ ਕਿਹਾ, “ਅਸੀਂ ਅੱਖਾਂ ਨਾਲ ਗੱਲ ਕਰਦੇ ਹਾਂ, ਬੋਲਣ ਦੀ ਕੋਈ ਲੋੜ ਨਹੀਂ ਪੈਂਦੀ।” ਇਹ ਬਹੁਤ ਖ਼ਾਸ ਪਲ਼ ਹਨ। ਮਨੂ ਦੀ ਸਫ਼ਲਤਾ ਮਿਹਨਤ, ਪਸੀਨੇ ਅਤੇ ਦ੍ਰਿੜਤਾ ਦੀ ਕਹਾਣੀ ਹੈ। ਇਹ ‘ਬੇਟੀ ਪੜ੍ਹਾਓ, ਬੇਟੀ ਬਚਾਓ’ ਦੇ ਲਗਾਤਾਰ ਬਦਲ ਰਹੇ ਨਾਅਰੇ ਨੂੰ ਵੀ ਸਮਰਪਿਤ ਹੈ ਜੋ ਲੜਕੀਆਂ ਦੀ ਬਰਾਬਰ ਹਿੱਸੇਦਾਰੀ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਪੈਰਿਸ ਓਲੰਪਿਕਸ ਲਈ ਭੇਜੇ ਭਾਰਤੀ ਖੇਡ ਦਲ ਵਿੱਚ 40 ਫ਼ੀਸਦੀ ਔਰਤਾਂ ਹਨ। ਕੋਚ ਵਧਾਈ ਦੇ ਹੱਕਦਾਰ ਹਨ ਪਰ ਦਿਲ ਨੂੰ ਧਰਵਾਸ ਦਿੰਦੀਆਂ ਇਨ੍ਹਾਂ ਕਹਾਣੀਆਂ ਦਾ ਬਹੁਤਾ ਸਿਹਰਾ ਇਨ੍ਹਾਂ ਯੁਵਾ ਸਿਤਾਰਿਆਂ ਦੇ ਪਰਿਵਾਰਾਂ ਸਿਰ ਬੱਝਦਾ ਹੈ। ਉਨ੍ਹਾਂ ਦੇ ਅਟੁੱਟ ਵਿਸ਼ਵਾਸ ਅਤੇ ਲਗਾਤਾਰ ਸਾਥ ਸਦਕਾ ਹੀ ਇਨ੍ਹਾਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ, ਹਰ ਕਿਸਮ ਦੀਆਂ ਔਕੜਾਂ ’ਤੇ ਪਾਰ ਪਾਉਣ ਦਾ ਬਲ ਮਿਲਿਆ ਹੈ। ਖੇਡ ਜਗਤ ਵਿੱਚ ਖੱਟਿਆ ਨਾਮਣਾ ਤਬਦੀਲੀ ਦਾ ਮੁੱਢ ਬੱਝਣ ਦੀ ਕੁੱਵਤ ਰੱਖਦਾ ਹੈ। ਇਸ ਨੂੰ ਸੰਭਾਲ ਕੇ ਅਗਾਂਹ ਲੈ ਕੇ ਜਾਣ ਦਾ ਕਾਰਜ ਕਾਫ਼ੀ ਚੁਣੌਤੀਪੂਰਨ ਹੁੰਦਾ ਹੈ।
ਕਿਸੇ ਕਾਰਗਰ ਖੇਡ ਨੀਤੀ ਦਾ ਮੁੱਖ ਆਧਾਰ ਖੇਡ ਪ੍ਰਤਿਭਾਵਾਂ ਦੀ ਤਲਾਸ਼ ਕਰ ਕੇ ਇਸ ਨੂੰ ਨਿਖਾਰ ਕੇ ਅਜਿਹਾ ਸਾਜ਼ਗਾਰ ਮਾਹੌਲ ਸਿਰਜਣਾ ਹੁੰਦਾ ਹੈ ਜਿਸ ਨਾਲ ਸੰਭਾਵੀ ਪ੍ਰਤਿਭਾਵਾਂ ਨੂੰ ਸਾਹਮਣੇ ਆਉਣ ਵਿੱਚ ਮਦਦ ਮਿਲ ਸਕੇ। ਇਸ ਸਬੰਧ ਵਿੱਚ ਅਜੇ ਅਸੀਂ ਕਾਫ਼ੀ ਲੰਮਾ ਪੈਂਡਾ ਤੈਅ ਕਰਨਾ ਹੈ। ਇਸ ਦਿਸ਼ਾ ਵਿੱਚ ਸਭ ਤੋਂ ਵੱਧ ਅਣਗੌਲੇ ਪਹਿਲੂ ਵੱਲ ਤਵੱਜੋ ਦੇਣੀ ਬਣਦੀ ਹੈ ਕਿ ਕਾਲਜਾਂ ਵਿੱਚ ਖੇਡ ਮੈਦਾਨ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਣ ਲਈ ਖੁੱਲ੍ਹੀਆਂ ਥਾਵਾਂ ਨਹੀਂ ਹਨ। ‘ਖੇਲੋ ਇੰਡੀਆ’ ਦਾ ਉਦੇਸ਼ ਇਸ ਕਿਸਮ ਦੀ ਤਬਦੀਲੀ ਵੱਲ ਹੀ ਸੇਧਿਤ ਹੈ ਪਰ ਜ਼ਮੀਨੀ ਪੱਧਰ ’ਤੇ ਇਸ ਦੇ ਕਾਰਗਰ ਹੋਣ ਦੀ ਇਸ ਮੁਹਿੰਮ ਦੀ ਅਸਲ ਪਰਖ ਹੋਵੇਗੀ। ਇਸ ਪ੍ਰਸੰਗ ਵਿਚ ਸਾਰੇ ਰਾਜਾਂ ਨੂੰ ਆਪੋ-ਆਪਣੇ ਪੱਧਰ ’ਤੇ ਵੀ ਨੀਤੀਆਂ ਤਿਆਰ ਕਰਨ ਦੀ ਲੋੜ ਹੈ। ਪਿਛਲੇ ਸਮੇਂ ਦੌਰਾਨ ਹਰਿਆਣਾ ਇਸ ਦੀ ਮਿਸਾਲ ਬਣਿਆ ਹੈ। ਹਰਿਆਣਾ ਦੀਆਂ ਖੇਡ ਪ੍ਰਾਪਤੀਆਂ ਇੱਕ ਤਰ੍ਹਾਂ ਨਾਲ ਇਸ ਦੀ ਖੇਡ ਨੀਤੀ ਦਾ ਹੀ ਪ੍ਰਗਟਾਵਾ ਹਨ। ਹੋਰ ਰਾਜ ਇਸ ਤੋਂ ਬੜਾ ਕੁਝ ਸਿੱਖ ਸਕਦੇ ਹਨ।