For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਦੀ ਟੁੱਟ-ਭੱਜ

07:34 AM Feb 14, 2024 IST
‘ਇੰਡੀਆ’ ਗੱਠਜੋੜ ਦੀ ਟੁੱਟ ਭੱਜ
Advertisement

ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਪ੍ਰਧਾਨ ਨਿਤੀਸ਼ ਕੁਮਾਰ ਦੇ ‘ਇੰਡੀਆ’ ਗੱਠਜੋੜ ਛੱਡ ਕੇ ਕੌਮੀ ਜਮਹੂਰੀ ਮੁਹਾਜ਼ (ਐੱਨਡੀਏ) ਵਿਚ ਪਰਤ ਜਾਣ ਤੋਂ ਦੋ ਕੁ ਹਫ਼ਤਿਆਂ ਬਾਅਦ ਸੋਮਵਾਰ ਨੂੰ ਉਨ੍ਹਾਂ ਦੀ ਨਵੀਂ ਕੁਲੀਸ਼ਨ ਸਰਕਾਰ ਨੇ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ। ਆਪਣਾ ਤੋੜ-ਵਿਛੋੜਿਆਂ ਅਤੇ ਗੱਠਜੋੜ ਛੱਡਣ-ਬਣਾਉਣ (ਯੂ-ਟਰਨ ਲੈਣ) ਦਾ ਵੱਡਾ ਰਿਕਾਰਡ ਬਣਾਉਂਦਿਆਂ ਉਨ੍ਹਾਂ ਪਿਛਲੇ ਮਹੀਨੇ ਦੇ ਅਖ਼ੀਰ ਵਿਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਅਤੇ ਕਾਂਗਰਸ ਦੀ ਸ਼ਮੂਲੀਅਤ ਵਾਲੇ ਮਹਾਗੱਠਜੋੜ ਨੂੰ ਠੋਕਰ ਮਾਰ ਦਿੱਤੀ ਅਤੇ ਇਕ ਵਾਰ ਮੁੜ ਭਾਰਤੀ ਜਨਤਾ ਪਾਰਟੀ ਨਾਲ ਹੱਥ ਮਿਲਾ ਲਿਆ। ਆਰਜੇਡੀ ਨੂੰ ਇਕ ਹੋਰ ਝਟਕਾ ਉਦੋਂ ਲੱਗਾ ਜਦੋਂ ਵਿਧਾਨ ਸਭਾ ਵਿਚ ਭਰੋਸੇ ਦੀ ਵੋਟ ਸਮੇਂ ਉਸ ਦੇ ਤਿੰਨ ਵਿਧਾਇਕ ਪਾਲਾ ਬਦਲ ਕੇ ਹਾਕਮ ਧਿਰ ਨਾਲ ਰਲ ਗਏ। ਕਾਂਗਰਸ ਅਤੇ ਆਰਜੇਡੀ, ਦੋਵੇਂ ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਦਾ ਹਿੱਸਾ ਹਨ ਜਿਹੜਾ ਬਿਹਾਰ ਵਿਚ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਵੀ ਭਾਰੀ ਸੰਕਟ ਵਿਚ ਘਿਰਿਆ ਹੋਇਆ ਹੈ।
ਮਹਾਰਾਸ਼ਟਰ ਵਿਚ ਉਮਰ-ਦਰਾਜ਼ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਵੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਬੀਤੇ ਮਹੀਨੇ ਸਾਬਕਾ ਐੱਮਪੀ ਮਿਲੰਦ ਦਿਓੜਾ ਦੇ ਪਾਰਟੀ ਛੱਡ ਜਾਣ ਤੋਂ ਬਾਅਦ ਇਹ ਮੁਲਕ ਦੀ ਇਸ ਸਭ ਤੋਂ ਪੁਰਾਣੀ ਪਾਰਟੀ ਲਈ ਸੂਬੇ ਵਿਚ ਦੂਜਾ ਵੱਡਾ ਝਟਕਾ ਹੈ। ਅਸ਼ੋਕ ਚਵਾਨ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਰਾਸ਼ਟਰ ਤੋਂ ਰਾਜ ਸਭਾ ਉਮੀਦਵਾਰ ਬਣਾਏ ਜਾਣ ਦੇ ਆਸਾਰ ਹਨ। ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਆਪਣੇ ਹੀ ਅੰਦਰੂਨੀ ਸੰਕਟਾਂ ਵਿਚ ਬੁਰੀ ਤਰ੍ਹਾਂ ਉਲਝੀ ਹੋਈ ਲਾਚਾਰੀ ਨਾਲ ‘ਇੰਡੀਆ’ ਗੱਠਜੋੜ ਦੇ ਪੈਰ ਉੱਖੜਦੇ ਹੋਏ ਦੇਖ ਰਹੀ ਹੈ। ਬੀਤੇ ਸਾਲ ਦੇਸ਼ ਦੇ ਵੋਟਰਾਂ ਨੂੰ ਐੱਨਡੀਏ ਦਾ ਮਜ਼ਬੂਤ ਬਦਲ ਦੇਣ ਦੇ ਟੀਚੇ ਨਾਲ ਕਾਇਮ ਕੀਤਾ ਗਿਆ ਇਹ ਗੱਠਜੋੜ ਹਰ ਗੁਜ਼ਰਦੇ ਦਿਨ ਨਾਲ ਰੇਤ ਦੇ ਮਹਿਲ ਵਾਂਗ ਕਿਰ ਰਿਹਾ ਹੈ।
ਸਾਬਕਾ ਕੇਂਦਰੀ ਮੰਤਰੀ ਮਰਹੂਮ ਅਜੀਤ ਸਿੰਘ ਦਾ ਬਣਾਇਆ ਰਾਸ਼ਟਰੀ ਲੋਕ ਦਲ ਵੀ ‘ਇੰਡੀਆ’ ਨੂੰ ਛੱਡ ਕੇ ਐੱਨਡੀਏ ਵਿਚ ਸ਼ਾਮਲ ਹੋਣ ਲਈ ਤਿਆਰ ਬੈਠਾ ਹੈ। ਦਲ ਦੇ ਮੌਜੂਦਾ ਮੁਖੀ ਅਤੇ ਅਜੀਤ ਸਿੰਘ ਦੇ ਪੁੱਤਰ ਜੈਅੰਤ ਚੌਧਰੀ ਨੇ ਆਪਣੇ ਦਾਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਕੇਂਦਰ ਸਰਕਾਰ ਵੱਲੋਂ ਭਾਰਤ ਰਤਨ ਦਾ ਸਨਮਾਨ ਦਿੱਤੇ ਜਾਣ ਤੋਂ ਬਾਅਦ ਇਸ ਸਬੰਧੀ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਭਾਜਪਾ ਵੀ ਭਾਵੇਂ ਇੰਨੀ ਹੀ ਸੌਖ ਨਾਲ ਗੱਠਜੋੜ ਬਣਾ ਤੇ ਤੋੜ ਰਹੀ ਹੈ ਪਰ ਕਾਂਗਰਸ ਤਾਂ ਅਜੇ ਤੱਕ ਪੱਛਮੀ ਬੰਗਾਲ ਵਿਚ ਤ੍ਰਿਣਮੂਲ ਕਾਂਗਰਸ ਨਾਲ ਅਤੇ ਪੰਜਾਬ ਵਿਚ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਦਾ ਮਾਮਲਾ ਵੀ ਨਹੀਂ ਨਬਿੇੜ ਸਕੀ। ਜੇ ਕਾਂਗਰਸ ਇੰਝ ਹੀ ਹੱਥ ’ਤੇ ਹੱਥ ਧਰ ਕੇ ਹਾਲਾਤ ਨੂੰ ਬਦ ਤੋਂ ਬਦਤਰ ਹੁੰਦੇ ਦੇਖਦੀ ਰਹੀ ਤਾਂ ‘ਇੰਡੀਆ’ ਲਈ ਭਾਜਪਾ ਨੂੰ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਤੋਂ ਰੋਕ ਸਕਣ ਦੇ ਕੋਈ ਆਸਾਰ ਬਾਕੀ ਨਹੀਂ ਰਹਿਣਗੇ। ਕਾਂਗਰਸ ਨੂੰ ਹੁਣ ਇਹ ਵਿਚਾਰ ਵੀ ਬਹੁਤ ਸੰਜੀਦਗੀ ਨਾਲ ਕਰਨੀ ਪਵੇਗੀ ਕਿ ਸੱਤਾਧਿਰ ਹਰ ਹੀਲੇ-ਵਸੀਲੇ ‘ਇੰਡੀਆ’ ਨੂੰ ਕਮਜ਼ੋਰ ਕਰਨ ਦੀ ਆਈ ’ਤੇ ਆਈ ਹੋਈ ਹੈ; ਇਸ ਲਈ ਹੁਣ ਇਸ ਨੂੰ ਨਵੇਂ ਸਿਰਿਓਂ ਪੈਂਤੜੇ ਮੱਲਣ ਦੀ ਜ਼ਰੂਰਤ ਹੈ।

Advertisement

Advertisement
Advertisement
Author Image

sukhwinder singh

View all posts

Advertisement