ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਹਾੜਾਂ ਦੀ ਠੰਢ ਮੈਦਾਨਾਂ ’ਚ ਉਤਰੀ

07:01 AM Jan 10, 2024 IST
ਪੀਏਯੂ ਲੁਿਧਆਣਾ ’ਚ ਮੰਗਲਵਾਰ ਨੂੰ ਕੌਮੀ ਖੇਡਾਂ ਲਈ ਆਏ ਝਾਰਖੰਡ ਦੇ ਵਿਦਿਆਰਥੀ ਠੰਢ ਤੋਂ ਬਚਣ ਲਈ ਕੰਬਲਾਂ ਦੀ ਬੁੱਕਲ ਮਾਰ ਕੇ ਜਾਂਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ

* ਮੌਸਮ ਵਿਭਾਗ ਵੱਲੋਂ ਤਿੰਨ ਦਿਨ ਸੰਘਣੀ ਧੁੰਦ ਪੈਣ ਤੇ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ
* ਦਿਸਣ ਹੱਦ ਘਟਣ ਕਰਕੇ ਉਡਾਣਾਂ ’ਚ ਦੇਰੀ
* ਰੇਲ ਤੇ ਸੜਕੀ ਆਵਾਜਾਈ ’ਤੇ ਵੀ ਪਿਆ ਅਸਰ

Advertisement

ਆਤਿਸ਼ ਗੁਪਤਾ
ਚੰਡੀਗੜ੍ਹ, 9 ਜਨਵਰੀ
ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਅੱਜ ਵੀ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਪੰਜਾਬ ਦਾ ਮੈਦਾਨੀ ਇਲਾਕਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨਾਲੋਂ ਵੀ ਠੰਢਾ ਰਿਹਾ ਹੈ। ਦਿਨ ਸਮੇਂ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲੇ ਨਾਲੋਂ ਵੀ ਠੰਢੇ ਰਹੇ, ਜਿੱਥੇ ਤਾਪਮਾਨ ਆਮ ਨਾਲੋਂ 11.2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ ਹੈ। ਸ਼ਿਮਲੇ ’ਚ ਦਿਨ ਦਾ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ। ਪਾਰਾ ਡਿੱਗਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਮਹਿੰਦਰਗੜ੍ਹ ਸ਼ਹਿਰ ਸਭ ਤੋਂ ਠੰਢੇ ਰਹੇ ਜਿੱਥੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਜਲੰਧਰ ਵਿੱਚ ਠੰਢ ਤੋਂ ਬਚਣ ਲਈ ਧੂਣੀ ਸੇਕਦੇ ਹੋਏ ਲੋਕ। -ਫੋਟੋ: ਸਰਬਜੀਤ ਸਿੰਘ

ਸੰਘਣੀ ਧੁੰਦ ਕਰਕੇ ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ ਸਣੇ ਅੱਧਾ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਰਹਿ ਗਈ। ਧੁੰਦ ਕਾਰਨ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਅੱਧਾ ਦਰਜਨ ਦੇ ਕਰੀਬ ਉਡਾਣਾਂ ਦੇਰੀ ਨਾਲ ਚੱਲੀਆਂ। ਉਧਰ ਰੇਲਗੱਡੀਆਂ ਤੇ ਬੱਸਾਂ ਦੀ ਆਵਾਜਾਈ ’ਤੇ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਮੌਸਮ ਵਿਗਿਆਨੀਆਂ ਨੇ ਅਗਲੇ ਤਿੰਨ ਦਿਨ ਸੰਘਣੀ ਧੁੰਦ ਪੈਣ ਤੇ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਕਰਕੇ ਤਾਪਮਾਨ ਹੋਰ ਡਿੱਗ ਸਕਦਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 6.7 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 7.6 ਡਿਗਰੀ, ਪਟਿਆਲਾ, ਪਠਾਨਕੋਟ ਤੇ ਬਠਿੰਡਾ ਵਿੱਚ 7-7 ਡਿਗਰੀ, ਫਰੀਦਕੋਟ ਵਿੱਚ 7.4 ਡਿਗਰੀ, ਨਵਾਂ ਸ਼ਹਿਰ ਵਿੱਚ 6.9 ਡਿਗਰੀ, ਫਤਹਿਗੜ੍ਹ ਸਾਹਿਬ ਵਿੱਚ 7.3 ਡਿਗਰੀ ਅਤੇ ਮੁਹਾਲੀ ਵਿੱਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

Advertisement

ਠੰਢ ਨੇ ਦਿੱਲੀ ਵਾਸੀਆਂ ਨੂੰ ਕਾਂਬਾ ਛੇੜਿਆ

ਨਵੀਂ ਦਿੱਲੀ: ਲਗਾਤਾਰ ਪੈ ਰਹੀ ਠੰਢ ਨੇ ਰਾਜਧਾਨੀ ਵਾਸੀਆਂ ਨੂੰ ਕੰਬਣੀਆਂ ਛੇੜ ਦਿੱਤੀਆਂ ਅਤੇ ਧੁੰਦ ਕਾਰਨ ਆਵਾਜਾਈ ’ਤੇ ਅਸਰ ਪੈ ਰਿਹਾ ਹੈ। ਅੱਜ ਕੌਮੀ ਰਾਜਧਾਨੀ ਤੇ ਆਸ-ਪਾਸ ਦੇ ਖੇਤਰਾਂ ’ਚ ਘੱਟੋ-ਘੱਟ ਤਾਪਮਾਨ 7.9 ਡਿਗਰੀ ਸੈਲਸੀਅਸ ਸੀ। ਨਤੀਜੇ ਵਜੋਂ ਸਵੇਰੇ ਪੂਰੀ ਤਰ੍ਹਾਂ ਧੁੰਦ ਨਾਲ ਠੰਢ ਛਾਈ ਰਹੀ। ਰਾਜਧਾਨੀ ’ਚ 23 ਸਾਲਾਂ ’ਚ ਤੀਜੀ ਸਭ ਤੋਂ ਭਿਆਨਕ ਠੰਢ ਪੈ ਰਹੀ ਹੈ ਤੇ 14 ਜਨਵਰੀ ਤੋਂ ਦੂਜੀ ਲਹਿਰ ਦੀ ਸੰਭਾਵਨਾ ਹੈ। ਉੱਤਰੀ ਭਾਰਤ ’ਚ ਸੀਤ ਲਹਿਰ ਦੇ ਹਾਲਾਤ ਬਰਕਰਾਰ ਹਨ। ਦਿੱਲੀ ਵਿੱਚ ਅੱਜ ਧੁੰਦ ਦੀ ਇੱਕ ਪਰਤ ਛਾਈ ਹੋਈ ਸੀ। ਕੌਮੀ ਰਾਜਧਾਨੀ ’ਚ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਡਿੱਗਣ ਕਾਰਨ ਲੋਕ ਆਪਣੇ ਆਪ ਨੂੰ ਗਰਮ ਰੱਖਣ ਲਈ ਅੱਗ ਦੇ ਆਲੇ-ਦੁਆਲੇ ਬੈਠੇ ਦੇਖੇ ਗਏ।

ਗਰਜ ਨਾਲ ਮੀਂਹ ਅਤੇ ਗੜੇ ਪੈਣ ਦੇ ਆਸਾਰ

ਨਵੀਂ ਦਿੱਲੀ: ਕੜਾਕੇ ਦੀ ਠੰਢ ਦੇ ਚੱਲਦਿਆਂ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ-ਪੱਛਮੀ ਤੇ ਕੇਂਦਰੀ ਭਾਰਤ ਵਿੱਚ ਅਗਲੇ ਦੋ ਦਿਨ ਗਰਜ ਨਾਲ ਮੀਂਹ ਤੇ ਗੜੇ ਪੈ ਸਕਦੇ ਹਨ। ਉਧਰ ਕੌਮੀ ਰਾਜਧਾਨੀ ਦਿੱਲੀ ਤੇ ਉੱਤਰ ਪ੍ਰਦੇਸ਼ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਅੱਜ ਧੁੰਦ ਦੀ ਚਾਦਰ ਛਾਈ ਰਹੀ। ਸੰਘਣੀ ਧੁੰਦ ਕਰਕੇ ਜਿੱਥੇ ਆਮ ਜ਼ਿੰਦਗੀ ਲੀਹੋਂ ਲੱਥ ਗਈ, ਉਥੇ ਦਿਸਣ ਹੱਦ ’ਤੇ ਵੀ ਅਸਰ ਪਿਆ। ਯੂਪੀ ਵਿੱਚ ਕਈ ਥਾਵਾਂ ’ਤੇ ਦਿਸਣ ਹੱਦ 50 ਮੀਟਰ ਤੋਂ ਘੱਟ ਰਹਿ ਗਈ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੇ ਕੁਝ ਹਿੱਸਿਆਂ, ਬਿਹਾਰ, ਹਰਿਆਣਾ-ਚੰਡੀਗੜ੍ਹ, ਮੱਧ ਪ੍ਰਦੇਸ਼ ਤੇ ਉੜੀਸਾ ਵਿਚ ਵੀ ਸੰਘਣੀ ਧੁੰਦ ਕਰਕੇ ਦਿਸਣ ਹੱਦ 50 ਤੋਂ 200 ਮੀਟਰ ਦੇ ਵਿਚਾਲੇ ਰਹੀ। ਦਿੱਲੀ ਵਿਚ ਇਕ ਦਿਨ ਪਹਿਲਾਂ ਤਾਪਮਾਨ 17.5 ਡਿਗਰੀ ਦਰਜ ਕੀਤਾ ਗਿਆ ਸੀ। ਕੌਮੀ ਰਾਜਧਾਨੀ ਵਿਚ ਸਫ਼ਦਰਜੰਗ ਵਿਚ ਹੇਠਲਾ ਤਾਪਮਾਨ 7.9 ਡਿਗਰੀ ਤੇ ਲੋਧੀ ਰੋਡ ਉੱਤੇ 6.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿਚ ਸੰਘਣੀ ਧੁੰਦ ਤੇ ਸੀਤ ਲਹਿਰ ਚੱਲਣ ਦੀ ਚਿਤਾਵਨੀ ਦਿੱਤੀ ਹੈ। -ਏਐੱਨਆਈ

Advertisement
Advertisement