ਬੰਦ ਪਈ ਰਾਈਸ ਮਿੱਲ ਨੂੰ ਅਚਾਨਕ ਅੱਗ ਲੱਗੀ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 15 ਮਈ
ਇੱਥੇ ਪਟਿਆਲਾ ਰੋਡ ’ਤੇ ਬਣੇ ਵੇਅਰ ਹਾਊਸਿੰਗ ਗੋਦਾਮ ਅਤੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਬੰਦ ਪਈ ਇੱਕ ਰਾਈਸ ਮਿੱਲ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਰਾਈਸ ਮਿੱਲ ਵਿੱਚ ਪਿਆ ਸਟਾਕ ਅਤੇ ਪਲਾਸਟਿਕ ਦੀਆਂ ਤਰਪਾਲਾਂ ਸੜ ਕੇ ਸੁਆਹ ਹੋ ਗਈਆਂ। ਫਾਇਰ ਬ੍ਰਿਗੇਡ ਨੇ ਮੌਕੇ ਉੱਤੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਵਾਲੀ ਥਾਂ ’ਤੇ ਮੌਜੂਦ ਮਨਜੀਤ ਸਿੰਘ ਵਾਸੀ ਭਵਾਨੀਗੜ੍ਹ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਦੇ ਹੀ ਉਹ ਮੌਕੇ ’ਤੇ ਪੁੱਜੇ ਤਾਂ ਦੇਖਿਆ ਕਿ ਰਾਈਸ ਮਿੱਲ ਨੂੰ ਭਿਆਨਕ ਅੱਗ ਲੱਗੀ ਹੋਈ ਸੀ ਜੋ ਲਗਾਤਾਰ ਫੈਲ ਰਹੀ ਸੀ। ਉਸ ਦੇ ਰੌਲਾ ਪਾਉਣ ’ਤੇ ਇਕੱਠੇ ਹੋਏ ਆਸ-ਪਾਸ ਦੇ ਲੋਕਾਂ ਨੇ ਆਪਣੇ ਪੱਧਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਇਸੇ ਦੌਰਾਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਮੁਲਾਜ਼ਮਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਮੌਕੇ ’ਤੇ ਮੌਜੂਦ ਵੇਅਰ ਹਾਊਸਿੰਗ ਭਵਾਨੀਗੜ੍ਹ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਰਾਈਸ ਮਿੱਲ ਦੇ ਨਾਲ-ਨਾਲ ਗੋਦਾਮ ਦੀ ਪਿਛਲੀ ਕੰਧ ਲੱਗਦੀ ਹੈ ਜਿਸ ’ਚ ਕਾਫ਼ੀ ਅਨਾਜ ਪਿਆ ਹੈ। ਸਵੇਰੇ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਫ਼ੀ ਦਰੱਖ਼ਤ ਵੀ ਅੱਗ ਦੀ ਲਪੇਟ ’ਚ ਆ ਗਏ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਜੇਕਰ ਸਮਾਂ ਰਹਿੰਦੇ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਭੜਕੀ ਅੱਗ ਬਿਲਕੁਲ ਨਾਲ ਲੱਗਦੇ ਵੇਅਰ ਹਾਊਸਿੰਗ ਦੇ ਗੋਦਾਮ ਅਤੇ ਪੈਟਰੋਲ ਪੰਪ ਵੱਲ ਵਧ ਸਕਦੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।