ਸਫ਼ਾਈ ਕਾਮਿਆਂ ਨੇ ਕਾਰਜਸਾਧਕ ਅਫ਼ਸਰ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਨਵੰਬਰ
ਨਗਰ ਕੌਂਸਲ ਰਾਜਪੁਰਾ ਵਿੱਚ ਤਾਇਨਾਤ ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਦੀ ਬਦਲੀ ਦੀ ਮੰਗ ਲਈ ਐਕਸ਼ਨ ਕਮੇਟੀ ਰਾਜਪੁਰਾ ਦੀ ਅਗਵਾਈ ਹੇਠ ਸਫ਼ਾਈ ਸੇਵਕਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਕਾਰਜਸਾਧਕ ਅਫ਼ਸਰ ਅਵਤਾਰ ਚੰਦ ਦੇ ਭਰੋਸੇ ਮਗਰੋਂ ਸਮਾਪਤ ਹੋ ਗਿਆ। ਇਸ ਤੋਂ ਪਹਿਲਾਂ ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਪੰਜਾਬ ਦੇ ਰੀਜਨ ਪ੍ਰਧਾਨ ਹੰਸ ਰਾਜ ਬਨਵਾੜੀ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਸ਼ੋਕ ਕੁਮਾਰ ਬਿੱਟੂ ਅਤੇ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਨੇ ਸੰਬੋਧਨ ਕਰਦਿਆਂ ਦੋਸ਼ ਲਾਏ ਕਿ ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਕੱਚੇ ਅਤੇ ਪੱਕੇ ਮੁਲਾਜ਼ਮਾਂ ਦਾ ਸ਼ੋਸ਼ਣ ਕਰਦਾ ਹੈ ਅਤੇ ਉਨ੍ਹਾਂ ਨੂੰ ਕੰਮ ਤੋਂ ਹਟਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਧਰੀ ਪਿਛਲੇ ਕਾਫ਼ੀ ਸਾਲਾਂ ਤੋਂ ਨਗਰ ਕੌਂਸਲ ਰਾਜਪੁਰਾ ਵਿੱਚ ਤਾਇਨਾਤ ਹੈ, ਜਿਸ ਦੀ ਬਦਲੀ ਕੀਤੀ ਜਾਵੇ। ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਨੇ ਧਰਨੇ ਵਿਚ ਪੁੱਜ ਕੇ ਲੋਕਲ ਬਾਡੀ ਡਾਇਰੈਕਟਰ ਨੂੰ ਵਿਕਾਸ ਚੌਧਰੀ ਦੀ ਬਦਲੀ ਕਰਵਾਉਣ ਸਬੰਧੀ ਲਿਖੀ ਚਿੱਠੀ ਦਿਖਾਈ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਜਲਦ ਮੰਨ ਲਈ ਜਾਵੇਗੀ। ਉਪਰੰਤ ਮੁਲਾਜ਼ਮਾਂ ਨੇ ਧਰਨਾ ਚੁੱਕ ਲਿਆ। ਇਸ ਮੌਕੇ ਕਮਲ ਕੁਮਾਰ ਪੱਪੂ, ਦਰਸ਼ੀ ਕਾਂਤ, ਅਸ਼ੋਕ ਕੁਮਾਰ ਧਮੋਲੀ, ਰਾਜ ਕੁਮਾਰ, ਤਰਸੇਮ ਲਾਲ, ਸ਼ਿਵ ਕੁਮਾਰ ਮੋਨੀ, ਸੰਜੇ ਕੁਮਾਰ ਵੀਰ ਬਬਰੀਕ ਕੁਮਾਰ, ਰਾਜਿੰਦਰ ਕੁਮਾਰ ਸੁਮਿਤਰਾ ਦੇਵੀ , ਬਬਲੀ, ਰਾਜ ਰਾਣੀ, ਸੁਨੀਤਾ ਰਾਣੀ ਬੀਰੋ ਦੇਵੀ ਆਦਿ ਤੋਂ ਇਲਾਵਾ ਹੋਰ ਸਫ਼ਾਈ ਕਰਮਚਾਰੀ ਮੌਜੂਦ ਸਨ।
ਸਫ਼ਾਈ ਸਬੰਧੀ ਚੈਕਿੰਗ ਦਾ ਵਿਰੋਧ ਕਰ ਰਹੀ ਹੈ ਯੂਨੀਅਨ: ਵਿਕਾਸ ਚੌਧਰੀ
ਸੈਨੇਟਰੀ ਇੰਸਪੈਕਟਰ ਵਿਕਾਸ ਚੌਧਰੀ ਨੇ ਕਿਹਾ ਕਿ ਸ਼ਹਿਰ ’ਚ ਸਫ਼ਾਈ ਨੂੰ ਲੈ ਕੇ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਜਦੋਂ ਚੈਕਿੰਗ ਕੀਤੀ ਗਈ ਤਾਂ ਕਈ ਸਫ਼ਾਈ ਕਰਮਚਾਰੀ ਮੌਕੇ ’ਤੇ ਨਹੀਂ ਮਿਲੇ। ਯੂਨੀਅਨਾਂ ਚੈਕਿੰਗ ਦਾ ਵਿਰੋਧ ਕਰ ਰਹੀਆਂ ਹਨ।
ਮੰਗ ਪੱਤਰ ਸਰਕਾਰ ਨੂੰ ਭੇਜਿਆ: ਈਓ
ਕਾਰਜ ਸਾਧਕ ਅਫ਼ਸਰ ਅਵਤਾਰ ਚੰਦ ਨੇ ਕਿਹਾ ਕਿ ਸੈਨੇਟਰੀ ਇੰਸਪੈਕਟਰ ਦੀ ਬਦਲੀ ਕਰਨਾ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਨਹੀਂ ਹੈ। ਉਨ੍ਹਾਂ ਨੇ ਐਕਸ਼ਨ ਕਮੇਟੀ ਤੋਂ ਮੰਗ ਪੱਤਰ ਲੈ ਲਿਆ ਹੈ ਅਤੇ ਉਸ ਨੂੰ ਅੱਗੇ ਪੰਜਾਬ ਸਰਕਾਰ ਕੋਲ ਭੇਜ ਦਿੱਤਾ ਹੈ।