ਸਫ਼ਾਈ ਕਾਮਿਆਂ ਨੇ ਘੜੇ ਭੰਨ ਕੇ ਰੋਸ ਪ੍ਰਗਟਾਇਆ
ਬੀਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 7 ਅਕਤੂਬਰ
ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਸਫ਼ਾਈ ਸੇਵਕਾਂ ਨੇ ਅੱਜ ਆਪਣੀਆਂ ਮੰਗਾਂ ਸਬੰਧੀ ਨਗਰ ਪੰਚਾਇਤ ਦੇ ਦਫ਼ਤਰ ਦੇ ਮੁੱਖ ਗੇਟ ਅੱਗੇ ਰੋਸ ਧਰਨਾ ਦਿੱਤਾ । ਇਸ ਦੌਰਾਨ ਉਨ੍ਹਾਂ ਨੇ ਘੜਾ ਭੰਨ ਕੇ ‘ਆਪ’ ਸਰਕਾਰ ਖਿਲਾਫ਼ ਰੋਸ ਜਤਾਇਆ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਕੀਰਤਪੁਰ ਸਾਹਿਬ ਦੇ ਪ੍ਰਧਾਨ ਜਸਵੀਰ ਸਿੰਘ ਨੇ ਦੱਸਿਆ ਕਿ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਆਗੂਆਂ ਵੱਲੋਂ ਵਾਰ-ਵਾਰ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਵੀ ਮੀਟਿੰਗ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਵੱਖ-ਵੱਖ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਆਪਣੇ ਦਫਤਰਾਂ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ਼ ਜਿੱਥੇ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਮੰਗ ਕਰਦੇ ਆ ਰਹੇ ਹਨ ਅਤੇ ਇਸਦੇ ਨਾਲ ਹੀ ਉਨ੍ਹਾਂ ਦੀ ਮੰਗ ਹੈ ਕਿ ਤਨਖਾਹ ਦੇ ਵਿੱਚ ਡੀਸੀ ਰੇਟ ਤਹਿਤ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਬੀਤੇ ਸਮੇਂ ਦੌਰਾਨ ਇਸ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਨਾਲ ਇੱਕ ਕੋਝਾ ਮਜ਼ਾਕ ਕਰਕੇ 163 ਰੁਪਏ ਦਾ ਵਾਧਾ ਕੀਤਾ ਗਿਆ ਉਹ ਇੱਕ ਹਾਸੋ ਹੀਣੀ ਗੱਲ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਜਿੱਥੇ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ ਉੱਥੇ ਹੀ ਉਨ੍ਹਾਂ ਨੂੰ ਸਿਹਤ ਸਹੂਲਤਾਂ ਵੀ ਦਿੱਤੀਆਂ ਜਾਣ। ਇਸ ਮੌਕੇ ਉਨ੍ਹਾਂ ਨਾਲ ਸੰਜੀਵ ਕੁਮਾਰ, ਆਂਚਲ ਕੁਮਾਰ, ਅਮਨਦੀਪ ਸਿੰਘ, ਮਨਿੰਦਰ ਸਿੰਘ, ਰਾਹੁਲ ਕੁਮਾਰ, ਵਿਨੇ ਕੁਮਾਰ, ਸੰਗੀਤਾ ਦੇਵੀ, ਸਤੀਸ਼ ਕੁਮਾਰ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ, ਗੁਲਸ਼ਨ ਕੁਮਾਰ, ਬਲਵੀਰ ਸਿੰਘ, ਚੰਚਲ ਕੁਮਾਰ ਸੋਨੂ, ਮਨਪ੍ਰੀਤ ਰਿੰਕੂ, ਅਨੁਰਾਗ ਸਿਕੰਦਰ, ਅੰਕੁਸ਼ ਕੁਮਾਰ, ਮਾਇਆ ਦੇਵੀ, ਆਸ਼ੂਤੋਸ਼ ਆਦਿ ਹਾਜ਼ਰ ਸਨ।