For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਦਾ ਪ੍ਰਾਜੈਕਟ ਠੰਢੇ ਬਸਤੇ ’ਚ

07:27 AM Sep 17, 2024 IST
ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਦਾ ਪ੍ਰਾਜੈਕਟ ਠੰਢੇ ਬਸਤੇ ’ਚ
ਮੁਹਾਲੀ ਦੀ ਇੱਕ ਸੜਕ ’ਤੇ ਬਣਾਏ ਗਏ ਬੱਸ ਕਿਊ ਸ਼ੈੱਲਟਰ।
Advertisement

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 16 ਸਤੰਬਰ
ਮੁਹਾਲੀ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦਾ ਪ੍ਰਾਜੈਕਟ ਲੰਬੇ ਸਮੇਂ ਤੋਂ ਲਮਕਦਾ ਆ ਰਿਹਾ ਹੈ। ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਕੁਲਵੰਤ ਸਿੰਘ ਦੇ ਮੇਅਰ ਕਾਰਜਕਾਲ ਦੌਰਾਨ ਹਾਊਸ ਵਿੱਚ ਸਰਬਸੰਮਤੀ ਨਾਲ ਸਿਟੀ ਬੱਸ ਸਰਵਿਸ ਚਾਲੂ ਕਰਨ ਦਾ ਮਤਾ ਪਾਸ ਕਰ ਕੇ ਉਸ ਸਮੇਂ ਦੀ ਸਰਕਾਰ ਨੂੰ ਭੇਜਿਆ ਗਿਆ ਪਰ ਹੁਣ ਤੱਕ ਇਹ ਪ੍ਰਾਜੈਕਟ ਅੱਧ ਵਿਚਾਲੇ ਰੁਕਿਆ ਪਿਆ ਹੈ। ਇਸ ਪ੍ਰਾਜੈਕਟ ’ਤੇ ਛੇ ਕਰੋੜ ਰੁਪਏ ਖ਼ਰਚੇ ਜਾਣੇ ਸਨ। ਪਹਿਲੇ ਪੜਾਅ ਵਿੱਚ ਤਿੰਨ ਕਰੋੜ ਨਾਲ ਸਿਟੀ ਬੱਸ ਚਾਲੂ ਹੋਣੀ ਸੀ। ਇਸ ਸਬੰਧੀ ਟਰਾਂਸਪੋਰਟ ਵਿਭਾਗ ਨਾਲ ਤਾਲਮੇਲ ਕਰ ਕੇ ਰੂਟ ਪਲਾਨ ਵੀ ਬਣਾ ਲਿਆ ਗਿਆ ਸੀ ਪਰ ਬਾਅਦ ਇਸ ਵੱਕਾਰੀ ਪ੍ਰਾਜੈਕਟ ਦਾ ਸਿਹਰਾ ਲੈਣ ਦੀ ਦੌੜ ਵਿੱਚ ਇਹ ਕੰਮ ਰੁਕ ਗਿਆ। ਸਿਟੀ ਬੱਸ ਮੁਹਾਲੀ ਲਈ ਹੀ ਨਹੀਂ ਸੀ ਬਲਕਿ ਇਸ ਦਾ ਦਾਇਰਾ ਖਰੜ ਤੇ ਜ਼ੀਰਕਪੁਰ ਤੱਕ ਵਧਾ ਦਿੱਤਾ ਸੀ।
ਜਾਣਕਾਰੀ ਅਨੁਸਾਰ ਸਿਆਸੀ ਦਬਾਅ ਕਾਰਨ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਪ੍ਰਾਜੈਕਟ ’ਤੇ ਚੁੱਪ ਵੱਟ ਲਈ ਗਈ ਤੇ ਬਾਅਦ ਵਿੱਚ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ ਇਹ ਕਿਹਾ ਗਿਆ ਕਿ ਮੁਹਾਲੀ ਵਿੱਚ ਸਿਟੀ ਬੱਸ ਸੇਵਾ ਵਿਭਾਗ ਖ਼ੁਦ ਚਲਾਵੇਗਾ। ਪਰ ਪਹਿਲਾਂ ਅਕਾਲੀ ਦਲ, ਫਿਰ ਕਾਂਗਰਸ ਸਰਕਾਰ ਨੇ ਵੀ ਇਸ ਪ੍ਰਾਜੈਕਟ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ ਅਤੇ ਹੁਣ ‘ਆਪ’ ਸਰਕਾਰ ਨੇ ਵੀ ਕੋਈ ਉਪਰਾਲਾ ਨਹੀਂ ਕੀਤਾ ਜਦੋਂਕਿ ਪਿਛਲੀ ਸਰਕਾਰਾਂ ਸਮੇਂ ਸ਼ਹਿਰ ਸਿਟੀ ਬੱਸ ਸਰਵਿਸ ਚਾਲੂ ਹੋਣ ਤੋਂ ਪਹਿਲਾਂ ਹੀ ਥਾਂ-ਥਾਂ ਸੜਕਾਂ ਉੱਤੇ ਕਰੋੜਾਂ ਰੁਪਏ ਖ਼ਰਚ ਕਰ ਕੇ ਬੱਸ ਕਿਊ ਸ਼ੈਲਟਰ ਬਣਾ ਦਿੱਤੇ ਗਏ, ਜੋ ਚਿੱਟਾ ਹਾਥੀ ਬਣੇ ਹੋਏ ਹਨ। ਮੁਹਾਲੀ ਨਿਗਮ ਇਨ੍ਹਾਂ ਥਾਵਾਂ ’ਤੇ ਇਸ਼ਤਿਹਾਰਬਾਜ਼ੀ ਕਰ ਕੇ ਪੈਸੇ ਕਮਾ ਰਿਹਾ ਹੈ।
ਕੰਜ਼ਿਊਮਰ ਪ੍ਰੋਟੈਕਸ਼ਨ ਫੈੱਡਰੇਸ਼ਨ ਮੁਹਾਲੀ ਦੇ ਪ੍ਰਧਾਨ ਇੰਜਨੀਅਰ ਪੀਐੱਸ ਵਿਰਦੀ ਅਤੇ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-4 ਦੇ ਪ੍ਰਧਾਨ ਸੁਖਦੀਪ ਸਿੰਘ ਨੇ ਸਿਟੀ ਬੱਸ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਪੁਰਾਣੇ ਅਤੇ ਨਵੇਂ ਬੱਸ ਅੱਡੇ ਸਣੇ ਹੋਰਨਾਂ ਥਾਵਾਂ ’ਤੇ ਜਾਣ ਲਈ ਆਟੋ ਵਾਲੇ ਮਨਮਰਜ਼ੀ ਦਾ ਕਿਰਾਇਆ ਵਸੂਲਦੇ ਹਨ।

Advertisement

ਮੁਹਾਲੀ ਵਿੱਚ ਜਲਦੀ ਸ਼ੁਰੂ ਹੋਵੇਗੀ ਸਿਟੀ ਬੱਸ ਸਰਵਿਸ: ਵਿਧਾਇਕ

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਮੇਅਰ ਕਾਰਜਕਾਲ ਦੌਰਾਨ ਹਾਊਸ ਵਿੱਚ ਸਿਟੀ ਬੱਸ ਸਰਵਿਸ ਸ਼ੁਰੂ ਕਰਨ ਦਾ ਮਤਾ ਪਾਸ ਕੀਤਾ ਗਿਆ ਸੀ ਪਰ ਬਾਅਦ ਵਿੱਚ ਕਿਸੇ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਵਿਧਾਇਕ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਤਿੰਨ ਕਰੋੜ ਖ਼ਰਚੇ ਜਾਣੇ ਸਨ। ਰੂਟ ਪਲਾਨ ਵੀ ਤਿਆਰ ਕਰ ਲਿਆ ਗਿਆ ਸੀ ਅਤੇ ਸੈਕਸ਼ਨ ਵੀ ਹੋ ਗਿਆ ਸੀ ਪਰ ਕੁੱਝ ਸਮਾਂ ਪਹਿਲਾਂ ਟਰਾਂਸਪੋਰਟ ਵਿਭਾਗ ਨੇ ਇਹ ਦਲੀਲ ਦਿੱਤੀ ਕਿ ਉਹ ਖ਼ੁਦ ਸਿਟੀ ਬੱਸ ਚਲਾਉਣਗੇ ਪਰ ਟਰਾਂਸਪੋਰਟ ਵਿਭਾਗ ਨੇ ਵੀ ਤਵੱਜੋਂ ਨਹੀਂ ਦਿੱਤੀ। ਉਨ੍ਹਾਂ ਦੱਸਿਆ ਕਿ ਉਹ ਹੁਣ ਖ਼ੁਦ ਪੈਰਵੀ ਕਰ ਰਹੇ ਹਨ ਅਤੇ ਜਲਦੀ ਹੀ ਮੁਹਾਲੀ ਵਿੱਚ ਸਿਟੀ ਬੱਸ ਸਰਵਾਸ ਚਾਲੂ ਕੀਤੀ ਜਾਵੇਗੀ।

Advertisement

ਫੰਡ ਮਿਲਣ ’ਤੇ ਸ਼ੁਰੂ ਕੀਤੀ ਜਾਵੇਗੀ ਸਰਵਿਸ: ਮੇਅਰ

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਫੰਡ ਜਾਰੀ ਕਰਨ ਤੋਂ ਬਾਅਦ ਸਿਟੀ ਬੱਸ ਚਾਲੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਸੜਕ ਹਾਦਸੇ ਘਟਣਗੇ ਅਤੇ ਸ਼ਹਿਰ ਵਾਸੀਆਂ ਲਈ ਆਵਾਜਾਈ ਸੌਖੀ ਹੋਵੇਗੀ, ਉੱਥੇ ਪ੍ਰਦੂਸ਼ਣ ਅਤੇ ਟਰੈਫਿਕ ਸਮੱਸਿਆ ਨੂੰ ਵੀ ਠੱਲ੍ਹ ਪਵੇਗੀ।

Advertisement
Author Image

Advertisement