ਬੱਚੇ ਦੀ ਮੌਤ ਪੇਚਸ਼ ਦੀ ਬਜਾਏ ਸਾਹ ਦੀ ਤਕਲੀਫ ਕਾਰਨ ਹੋਣ ਦਾ ਦਾਅਵਾ
ਖੇਤਰੀ ਪ੍ਰਤੀਨਿਧ
ਪਟਿਆਲਾ, 17 ਜੁਲਾਈ
ਐਤਵਾਰ ਨੂੰ ਪਟਿਆਲਾ ਦੇ ਹੀਰਾਬਾਗ਼ ਵਾਸੀ 9 ਸਾਲਾ ਅਭੀਜੋਤ ਦੀ ਮੌਤ ਸਬੰਧੀ ਨਵਾਂ ਖੁਲਾਸਾ ਹੋਇਆ ਹੈ। ਜਿਸ ਮੁਤਾਬਕ ਉਸ ਦੀ ਮੌਤ ਪੇਚਸ ਦੀ ਵਜਾਏ, ਸਾਹ ਲੈਣ ਵਿੱਚ ਤਕਲੀਫ ਹੋਣੀ ਮੰਨੀ ਜਾ ਰਹੀ ਹੈ। ਇਹ ਖੁਲਾਸਾ ਉਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਵਾਲ਼ੀ ਡਾਕਟਰੀ ਟੀਮ ਵੱਲੋਂ ਆਪਣੇ ਤਜ਼ਰਬੇ ਤਹਿਤ ਮੁਢਲੇ ਤੌਰ ’ਤੇ ਸਾਹਮਣੇ ਆਏ ਤੱਥਾਂ ਦੇ ਹਵਾਲੇ ਨਾਲ਼ ਕੀਤਾ ਹੈ। ਉਂਜ ਭਾਵੇਂ ਉਸ ਦੇ ਪੋਸਟ ਮਾਰਟਮ ਰਿਪੋਰਟ ਤਾਂ ਮਿਲ ਗਈ ਹੈ। ਪਰ ਮੌਤ ਦੇ ਕਾਰਨਾਂ ਸਬੰਧੀ ਅਧਿਤਾਰਤ ਤੌਰ ’ਤੇ ਸਥਿਤੀ ਸਪੱਸਟ ਨਾ ਹੋਣ ਕਰਕੇ ਇਸ ਵਿਚ ਮੌਤ ਦਾ ਕਾਰਨ ਦਰਜ ਨਹੀਂ ਕੀਤਾ ਜਾ ਸਕਿਆ। ਸਿਹਤ ਵਿਭਾਗ ਵੱਲੋਂ ਪੋਸਟਮਾਰਟਮ ਮੌਕੇ ਬੱਚੇ ਦੀ ਮ੍ਰਿਤਕ ਦੇਹ ਤੋਂ ਲਿਆ ਗਿਆ ਵਿਸਰਾ ਹੁਣ ਅਗਲੇਰੀ ਜਾਂਚ ਲਈ ਚੰਡੀਗੜ੍ਹ ਸਥਿਤ ਨਿਰਧਾਰਤ ਲੈਬੋਰੇਟਰੀ ਵਿਚ ਭੇਜਿਆ ਗਿਆ ਹੈ। ਜਿਸ ਦੀ ਰਿਪੋਰਟ ’ਤੇ ਹਫਤਾ ਭਰ ਲੱਗ ਸਕਦਾ ਹੈ।
ਉਧਰ, ਪਟਿਆਲਾ ਦੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਪੋਸਟ ਮਾਰਟਮ ਕਰਨ ਵਾਲ਼ੀ ਟੀਮ ਦੇ ਹਵਾਲੇ ਅਤੇ ਹੋਰ ਤੱਥਾਂ ਅਤੇ ਹਾਲਾਤਾਂ ਤਹਿਤ ਬੱਚੇ ਦੀ ਮੌਤ ਡਾਇਰੀਏ ਨਾਲ ਨਾ ਹੋਣ ਦਾ ਦਾਅਵਾ ਕੀਤਾ ਹੈ।
ਜਿ਼ਕਰਯੋਗ ਹੈ ਕਿ ਸ਼ਨਿੱਚਰਵਾਰ ਨੂੰ ਤਬੀਅਤ ਵਿਗੜਨ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਏ ਗਏ ਅਭਿਜੋਤ ਨੂੰ ਦਵਾਈ ਦੇਣ ਮਗਰੋਂ ਘਰ ਲਿਆਂਦਾ ਗਿਆ ਸੀ। ਪਰ ਮੁੜ ਤਫਲੀਫ਼ ਵਧਣ ’ਤੇ ਉਸ ਨੂੰ ਫੇਰ ਉਥੇ ਹੀ ਲਿਜਾਇਆ ਗਿਆ ਤੇ ਹਾਲਤ ਜਿ਼ਆਦਾ ਨਾਜੁਕ ਦੇਖਦਿਆਂ, ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਉਥੇ ਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਇਲਾਕਾ ਵਾਸੀਆਂ ਵੱਲੋਂ ਕੱਲ੍ਹ ਕਿਹਾ ਗਿਆ ਸੀ ਕਿ ਪਾਣੀ ਵਾਲ਼ੇ ਟੈਕਰ ਦਾ ਪਾਣੀ ਸਾਫ਼ ਨਾ ਹੋਣ ਕਾਰਨ ਉਸ ਦੀ ਮੌਤ ਡਾਇਰੀਆ ਨਾਲ ਹੋਈ ਹੈ। ਜਿਸ ਮਗਰੋਂ ਡਿਪਟੀ ਕਮਿਸ਼ਨਰ ਨੇ ਪਾਣੀ ਦੀ ਸੇਵਾ ਕਰਨ ਵਾਲ਼ੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਸਮੇਤ ਸਮੂਹ ਸਮਾਜ ਸੇਵੀਆਂ ਨੂੰ ਵੀ ਇਸ ਸਬੰਧੀ ਮਾਪਦੰਡਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਕੀਤੀ ਸੀ। ਉਧਰ ਸਿਹਤ ਵਿਭਾਗ ਨੇ ਸਬੰਧਤ ਟੈਕਰ ਵਿਚੋਂ ਪਾਣੀ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿਤੇ ਸਨ।