ਭਾਂਖਰਪੁਰ ਨੇੜੇ ਘੱਗਰ ਨਦੀ ਵਿੱਚ ਬੱਚਾ ਰੁੜ੍ਹਿਆ
ਹਰਜੀਤ ਸਿੰਘ
ਡੇਰਾਬੱਸੀ, 23 ਅਗਸਤ
ਇਥੋਂ ਦੀ ਘੱਗਰ ਨਦੀ ਵਿੱਚ ਅੱਜ ਨਹਾਉਂਦੇ ਸਮੇਂ 11 ਸਾਲਾਂ ਦਾ ਬੱਚਾ ਪਾਣੀ ਵਿੱਚ ਰੁੜ੍ਹ ਗਿਆ। ਇਸੇ ਦੌਰਾਨ ਉਸ ਦੇ ਨਾਲ ਨਹਾ ਰਹੇ ਉਸ ਦੇ ਦੋ ਭਰਾਵਾਂ ਸਣੇ ਤਿੰਨ ਜਣੇ ਵਾਲ-ਵਾਲ ਬਚ ਗਏ। ਦੁਪਹਿਰ ਤਿੰਨ ਵਜੇ ਵਾਪਰੇ ਇਸ ਹਾਦਸੇ ਮਗਰੋਂ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਬੱਚੇ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਜਾਣਕਾਰੀ ਦੇਣ ਮਗਰੋਂ ਵੀ ਉਨ੍ਹਾਂ ਵੱਲੋਂ ਬੱਚੇ ਦੀ ਭਾਲ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ਸੀ। ਲਾਪਤਾ ਹੋਏ ਬੱਚੇ ਦੀ ਪਛਾਣ 11 ਸਾਲਾਂ ਦੇ ਹੈਪੀ ਵਾਸੀ ਭਾਂਖਰਪੁਰ ਵਜੋਂ ਹੋਈ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਡੇਰਾਬੱਸੀ ਖੇਤਰ ਵਿੱਚ ਇਸ ਮੌਨਸੂਨ ਦੌਰਾਨ ਪਾਣੀ ਵਿੱਚ ਬੱਚਿਆਂ ਦੇ ਡੁੱਬਣ ਦਾ ਇਹ ਦੂਜਾ ਹਾਦਸਾ ਹੈ। ਵੇਰਵਿਆਂ ਅਨੁਸਾਰ ਹੈਪੀ ਅੱਜ ਆਪਣੇ ਦੋ ਭਰਾਵਾਂ ਅਤੇ ਇਕ ਦੋਸਤ ਨਾਲ ਘੱਗਰ ਨਦੀ ਵਿੱਚ ਨਹਾ ਰਿਹਾ ਸੀ। ਇਸ ਦੌਰਾਨ ਅਚਾਨਕ ਘੱਗਰ ਨਦੀ ਵਿੱਚ ਪਿੱਛੋਂ ਪਾਣੀ ਦਾ ਤੇਜ਼ ਵਹਾਅ ਆ ਗਿਆ। ਦੁਪਹਿਰ ਤਿੰਨ ਵਜੇ ਪਾਣੀ ਦੇ ਤੇਜ਼ ਵਹਾਅ ਦੌਰਾਨ ਕੁੱਲ ਚਾਰ ਜਣਿਆਂ ਵਿੱਚੋਂ ਤਿੰਨ ਤਾਂ ਆਪਣੀ ਜਾਨ ਬਚਾਉਂਦੇ ਬੜੀ ਮੁਸ਼ਕਿਲ ਨਾਲ ਪਾਣੀ ਵਿੱਚੋਂ ਬਾਹਰ ਨਿਕਲਣ ਵਿੱਚ ਸਫ਼ਲ ਹੋ ਗਏ ਪਰ ਹੈਪੀ ਪਾਣੀ ਦੇ ਤੇਜ਼ ਵਹਾਅ ਨਾਲ ਹੀ ਰੁੜ੍ਹ ਗਿਆ। ਸੂਚਨਾ ਮਿਲਣ ਮਗਰੋਂ ਪੁਲੀਸ ਤਾਂ ਤੁਰੰਤ ਮੌਕੇ ’ਤੇ ਪਹੁੰਚ ਗਈ ਸੀ ਪਰ ਦੇਰ ਸ਼ਾਮ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀਂ ਪਹੁੰਚਿਆ ਸੀ।