For the best experience, open
https://m.punjabitribuneonline.com
on your mobile browser.
Advertisement

ਗਰਮੀ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਹੋਣ ਦਾ ਬਾਲ ਕਮਿਸ਼ਨ ਨੇ ਲਿਆ ਨੋਟਿਸ

06:51 AM May 21, 2024 IST
ਗਰਮੀ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਹੋਣ ਦਾ ਬਾਲ ਕਮਿਸ਼ਨ ਨੇ ਲਿਆ ਨੋਟਿਸ
ਚੰਡੀਗੜ੍ਹ ਵਿੱਚ ਸੋਮਵਾਰ ਨੂੰ ਇਕ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਬਾਹਰ ਨਿਕਲਦੇ ਹੋਏ ਵਿਦਿਆਰਥੀ। -ਫੋਟੋ: ਨਿਤਿਨ ਮਿੱਤਲ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 20 ਮਈ
ਯੂਟੀ ਪ੍ਰਸ਼ਾਸਨ ਦੇ ਸਕੂਲਾਂ ਵਿੱਚ ਦੁਪਹਿਰ 12 ਵਜੇ ਤੱਕ ਛੁੱਟੀ ਕਰਨ ਦੇ ਐਲਾਨ ਤੋਂ ਬਾਅਦ ਅੱਜ ਸਕੂਲਾਂ ਵਿੱਚ 12 ਵਜੇ ਛੁੱਟੀ ਹੋ ਗਈ, ਜਿਸ ਕਾਰਨ ਸਕੂਲਾਂ ਦੇ ਵਿਦਿਆਰਥੀਆਂ ਨੇ ਕੁਝ ਰਾਹਤ ਮਹਿਸੂਸ ਕੀਤੀ। ਇਸ ਫੈਸਲੇ ਦਾ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਸਵਾਗਤ ਕੀਤਾ ਹੈ। ਦੂਜੇ ਪਾਸੇ ‘ਦਿ ਕਮਿਸ਼ਨ ਫਾਰ ਦਿ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ’ (ਸੀਸੀਪੀਸੀਆਰ) ਨੇ ਵਧ ਰਹੀ ਗਰਮੀ ਦੌਰਾਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਕਈ ਸਕੂਲਾਂ ਵੱਲੋਂ ਪਾਲਣਾ ਨਾ ਕੀਤੇ ਜਾਣ ਦਾ ਅੱਜ ਨੋਟਿਸ ਲਿਆ ਹੈ। ਸ਼ਹਿਰ ਦੇ ਕਈ ਸਕੂਲਾਂ ਨੇ ਹਦਾਇਤਾਂ ਨੂੰ ਨਜ਼ਰਅੰਦਾਜ਼ ਕਰ ਕੇ ਅੱਜ ਪ੍ਰੀ-ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਸੱਦਿਆ ਹੋਇਆ ਸੀ।
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ 23 ਮਈ ਤੋਂ 28 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋ ਰਹੀਆਂ ਹਨ ਪਰ ਕਈ ਨਿੱਜੀ ਸਕੂਲ ਗਰਮੀ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਕਰ ਰਹੇ ਹਨ, ਜਿਸ ਦਾ ਕਮਿਸ਼ਨ ਦੀ ਚੇਅਰਪਰਸਨ ਨੇ ਨੋਟਿਸ ਲੈਂਦਿਆਂ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਵੇਲੇ ਅਤਿ ਦੀ ਗਰਮੀ ਪੈ ਰਹੀ ਹੈ ਅਤੇ ਲੂ ਵੀ ਚੱਲ ਰਹੀ ਹੈ ਜਿਸ ਕਾਰਨ ਉਹ ਵੀ ਗਰਮੀਆਂ ਦੀਆਂ ਛੁੱਟੀਆਂ 23 ਮਈ ਤੋਂ ਕਰਨੀਆਂ ਯਕੀਨੀ ਬਣਾਉਣ। ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਨਿੱਜੀ ਸਕੂਲਾਂ ਨੇ ਸਿੱਖਿਆ ਵਿਭਾਗ ਵੱਲੋਂ ਗਰਮੀ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਹੈ, ਜਿਸ ਕਰ ਕੇ ਉਨ੍ਹਾਂ ਸਕੂਲਾਂ ਨੂੰ ਹਦਾਇਤ ਕੀਤੀ ਹੈ ਕਿ ਵਧਦੀ ਗਰਮੀ ਦੇ ਮੱਦੇਨਜ਼ਰ ਬੱਚਿਆਂ ਦੀ ਸਿਹਤ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਬਾਲ ਕਮਿਸ਼ਨ ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਅੱਜ ਚੇਅਰਪਰਸਨ ਨੇ ਕਈ ਸਕੂਲਾਂ ਤੋਂ ਦੇਰੀ ਨਾਲ ਛੁੱਟੀਆਂ ਕਰਨ ਬਾਰੇ ਗੱਲ ਵੀ ਕੀਤੀ ਹੈ ਅਤੇ ਸਕੂਲ ਪ੍ਰਬੰਧਕਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਇਕ-ਦੋ ਦਿਨਾਂ ਵਿੱਚ ਛੁੱਟੀਆਂ ਸਬੰਧੀ ਜਾਣਕਾਰੀ ਨਸ਼ਰ ਕਰ ਦੇਣਗੇ।

Advertisement

ਸਰਕਾਰੀ ਸਕੂਲਾਂ ਵਿੱਚ ਥਾਂ ਦੀ ਘਾਟ, ਆਨਲਾਈਨ ਜਮਾਤਾਂ ਲਾਈਆਂ

ਸਿੱਖਿਆ ਵਿਭਾਗ ਨੇ 19 ਮਈ ਨੂੰ ਗਰਮੀ ਦੇ ਮੱਦੇਨਜ਼ਰ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ। ਇਸ ਦੌਰਾਨ ਡਬਲ ਸ਼ਿਫਟ ਵਿੱਚ ਚੱਲਦੇ ਸਰਕਾਰੀ ਸਕੂਲਾਂ ਨੂੰ ਸ਼ਾਮ ਵਾਲੀਆਂ ਸ਼ਿਫਟਾਂ ਬੰਦ ਕਰ ਕੇ ਦਿਨ ਦੀ ਸ਼ਿਫਟ ਵਿੱਚ ਬੱਚੇ ਭੇਜਣ ਲਈ ਕਿਹਾ ਗਿਆ ਸੀ ਪਰ ਡਬਲ ਸ਼ਿਫਟ ਵਿੱਚ ਚੱਲਦੇ 80 ਫੀਸਦੀ ਤੋਂ ਵੱਧ ਸਕੂਲਾਂ ਵਿੱਚ ਸਵੇਰ ਵਾਲੀਆਂ ਸ਼ਿਫਟਾਂ ’ ਬੱਚੇ ਤਬਦੀਲ ਨਹੀਂ ਕੀਤੇ ਜਾ ਸਕੇ। ਇਸ ਦਾ ਕਾਰਨ ਸਰਕਾਰੀ ਸਕੂਲਾਂ ਵਿੱਚ ਥਾਂ ਦੀ ਘਾਟ ਹੈ ਜਿਸ ਦੇ ਮੱਦੇਨਜ਼ਰ ਇਨ੍ਹਾਂ 80 ਫੀਸਦੀ ਸਕੂਲਾਂ ਨੇ ਆਪਣੇ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਲਾਈਆਂ। ਇੱਥੋਂ ਦੇ ਇਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਅਤੇ ਨਾਲ ਦੇ ਕਈ ਸਕੂਲਾਂ ਵਿੱਚ ਪਹਿਲਾਂ ਹੀ ਇਕ ਸੈਕਸ਼ਨ ਵਿੱਚ 70 ਤੋਂ 80 ਬੱਚੇ ਪੜ੍ਹ ਰਹੇ ਹਨ, ਜਿਸ ਕਰ ਕੇ ਸ਼ਾਮ ਦੀਆਂ ਸ਼ਿਫਟਾਂ ਵਾਲੇ ਬੱਚਿਆਂ ਨੂੰ ਸਵੇਰ ਦੀ ਸ਼ਿਫਟ ਵਿੱਚ ਤਬਦੀਲ ਕਰਨਾ ਸੰਭਵ ਨਹੀਂ। ਇਹ ਗੱਲ ਉਨ੍ਹਾਂ ਡਾਇਰੈਕਟਰ ਸਕੂਲ ਐਜੂਕੇਸ਼ਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਧਿਆਨ ਵਿੱਚ ਵੀ ਲਿਆ ਦਿੱਤੀ ਹੈ।

Advertisement
Author Image

Advertisement
Advertisement
×