ਪੰਜਾਬ ਦੇ ਮੁੱਖ ਸਕੱਤਰ ਦੇ ਪੱਤਰ ਮਗਰੋਂ ਜ਼ਖ਼ਮੀ ਕਿਸਾਨ ਪੀਜੀਆਈ ਚੰਡੀਗੜ੍ਹ ਰੈਫ਼ਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਫਰਵਰੀ
ਐੱਮਐੱਸਪੀ ’ਤੇ ਕਾਨੂੰਨੀ ਗਾਰੰਟੀ ਅਤੇ ਹੋਰ ਕਿਸਾਨੀ ਮੰਗਾਂ ਦੇ ਹੱਲ ਲਈ ਦਿੱਲੀ ਕੂਚ ਦੇ ਦਿੱਤੇ ਸੱਦੇ ਦੌਰਾਨ ਹਰਿਆਣਾ ਪੁਲੀਸ ਦੀ ਕਾਰਵਾਈ ’ਚ ਜ਼ਖ਼ਮੀ ਹੋਏ ਕਿਸਾਨ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਦਖ਼ਲ ਮਗਰੋਂ ਅੱਜ ਚੰਡੀਗੜ੍ਹ ਦੇ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਪ੍ਰਿਤਪਾਲ ਸਿੰਘ ਦੇ ਰੋਹਤਕ ਪੀਜੀਆਈ ਵਿੱਚ ਭਰਤੀ ਹੋਣ ਦੀ ਜਾਣਕਾਰੀ ਮਿਲਦੇ ਸਾਰ ਹੀ ਵਰਮਾ ਨੇ ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਪੱਤਰ ਭੇਜ ਕੇ ਕਿਸਾਨ ਨੂੰ ਪੰਜਾਬ ਹਵਾਲੇ ਕਰਨ ਦੀ ਮੰਗ ਕੀਤੀ ਸੀ। ਪੱਤਰ ’ਚ ਉਨ੍ਹਾਂ ਕਿਹਾ ਸੀ ਕਿ ਪ੍ਰਿਤਪਾਲ ਸਿੰਘ ਨੂੰ ਪੰਜਾਬ ਦੇ ਅਧਿਕਾਰੀਆਂ ਹਵਾਲੇ ਕੀਤਾ ਜਾਵੇ ਤਾਂ ਜੋ ਉਸ ਦਾ ਇਲਾਜ ਸੂਬਾ ਸਰਕਾਰ ਵੱਲੋਂ ਮੁਫ਼ਤ ਵਿੱਚ ਪੰਜਾਬ ਵਿੱਚ ਕਰਵਾਇਆ ਜਾ ਸਕੇ। ਵਰਮਾ ਨੇ ਹਰਿਆਣਾ ਪ੍ਰਸ਼ਾਸਨ ਨੂੰ ਇਹ ਵੀ ਕਿਹਾ ਹੈ ਕਿ ਜੇਕਰ ਪੰਜਾਬ ਦਾ ਹੋਰ ਵੀ ਕੋਈ ਕਿਸਾਨ ਹਰਿਆਣਾ ਵਿੱਚ ਇਲਾਜ ਅਧੀਨ ਹੈ ਤਾਂ ਉਸ ਨੂੰ ਵੀ ਪੰਜਾਬ ਦੇ ਹਵਾਲੇ ਕੀਤਾ ਜਾਵੇ। ਪ੍ਰਿਤਪਾਲ ਸਿੰਘ ਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕੀਤੇ ਜਾਣ ਦੀ ਪੁਸ਼ਟੀ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਿਤਪਾਲ ਦਾ ਮੁਫ਼ਤ ’ਚ ਢੁੱਕਵਾਂ ਇਲਾਜ ਕਰਵਾਇਆ ਜਾਵੇਗਾ।