ਪਾਕਿ ਫੌਜ ਦੇ ਮੁਖੀ ਨੇ ਕਾਰਗਿਲ ਜੰਗ ’ਚ ਸਿੱਧੀ ਭੂਮਿਕਾ ਦੀ ਗੱਲ ਕਬੂਲੀ
ਇਸਲਾਮਾਬਾਦ, 7 ਸਤੰਬਰ
ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਜਨਰਲ ਸਈਦ ਆਸਿਮ ਮੁਨੀਰ ਨੇ ਰਾਵਲਪਿੰਡੀ ਵਿਚਲੇ ਜਨਰਲ ਹੈੱਡਕੁਆਰਟਰ ’ਚ ਮੰਨਿਆ ਹੈ ਕਿ 1999 ਵਿੱਚ ਭਾਰਤ ਖ਼ਿਲਾਫ਼ ਕਾਰਗਿਲ ਜੰਗ ਵਿੱਚ ਪਾਕਿਸਤਾਨੀ ਫੌਜ ਦੀ ਸਿੱਧੀ ਭੂਮਿਕਾ ਸੀ। ਬੀਤੇ ਦਿਨ ਰੱਖਿਆ ਦਿਵਸ ਮੌਕੇ ਮੁਨੀਰ ਨੇ ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਭਾਰਤ ਨਾਲ ਆਪਣੀਆਂ ਤਿੰਨ ਜੰਗਾਂ ਦੇ ਨਾਲ ਨਾਲ ਕਾਰਗਿਲ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਜਨਰਲ ਹੈੱਡਕੁਆਰਟਰ ’ਚ ਕਿਹਾ, ‘ਯਕੀਨੀ ਤੌਰ ’ਤੇ ਪਾਕਿਸਤਾਨ ਤਾਕਤਵਰ ਤੇ ਬਹਾਦਰ ਮੁਲਕ ਹੈ, ਜੋ ਆਜ਼ਾਦੀ ਦੀਆਂ ਕਦਰਾਂ-ਕੀਮਤਾਂ ਨੂੰ ਸਮਝਦਾ ਹੈ ਅਤੇ ਇਨ੍ਹਾਂ ਨੂੰ ਕਾਇਮ ਰੱਖਣਾ ਜਾਣਦਾ ਹੈ। ਭਾਰਤ ਤੇ ਪਾਕਿਸਤਾਨ ਵਿਚਾਲੇ 1948, 1965, 1971, ਕਾਰਗਿਲ ਜੰਗ ਜਾਂ ਸਿਆਚਿਨ ਜੰਗ ਹੋਵੇ, ਹਜ਼ਾਰਾਂ ਲੋਕਾਂ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ।’ ਮੁਨੀਰ ਦੇ ਬਿਆਨ ਨੂੰ ਕਾਰਗਿਲ ਜੰਗ ’ਚ ਸੈਨਾ ਦੀ ਸਿੱਧੀ ਭੂਮਿਕਾ ਬਾਰੇ ਕਿਸੇ ਮੌਜੂਦਾ ਫੌਜ ਮੁਖੀ ਵੱਲੋਂ ਆਪਣੀ ਤਰ੍ਹਾਂ ਦੀ ਪਹਿਲੀ ਪੁਸ਼ਟੀ ਵਜੋਂ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਹੁਣ ਤੱਕ 1999 ਦੀ ਜੰਗ ’ਚ ਭੂਮਿਕਾ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਦਾਅਵਾ ਕਰਦਾ ਰਿਹਾ ਹੈ ਕਿ ਇਹ ਕਸ਼ਮੀਰ ਦੇ ‘ਆਜ਼ਾਦੀ ਘੁਲਾਟੀਆਂ’ ਵੱਲੋਂ ਕੀਤੀ ਗਈ ਕਾਰਵਾਈ ਸੀ। ਸਾਬਕਾ ਫੌਜ ਮੁਖੀ ਜਨਰਲ ਪਰਵੇਜ਼ ਮੁਸ਼ੱਰਫ ਨੇ ਹਮੇਸ਼ਾ ਦਾਅਵਾ ਕੀਤਾ ਸੀ ਕਿ ਕਾਰਗਿਲ ਮੁਹਿੰਮ ਸਥਾਨਕ ਲੋਕਾਂ ਦੀ ਕਾਮਯਾਬ ਕਾਰਵਾਈ ਸੀ। ਇੰਟਰਵਿਊ ਦੌਰਾਨ ਮੁਸ਼ੱਰਫ ਨੇ ਕਿਹਾ ਸੀ ਕਿ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ ਸੀ ਅਤੇ ਭਾਰਤ ਨਾਲ ਲਗਦੀ ਅਸਲ ਕੰਟਰੋਲ ਰੇਖਾ ’ਤੇ ਹਥਿਆਰਬੰਦ ਬਲਾਂ ਵੱਲੋਂ ਲਏ ਗਏ ਕਈ ਫ਼ੈਸਲਿਆਂ ਲਈ ਸੈਨਾ ਮੁਖੀ ਦੀ ਮਨਜ਼ੂਰੀ ਦੀ ਵੀ ਲੋੜ ਨਹੀਂ ਸੀ। ਮੁਸ਼ੱਰਫ ਨੇ ਹਾਲਾਂਕਿ ਪੂਰੀ ਮੁਹਿੰਮ ’ਚ ਪਾਕਿਸਤਾਨੀ ਸੈਨਾ ਦੀ 10 ਕੋਰ ਐੱਫਸੀਐੱਨਏ ਦੀ ਭੂਮਿਕਾ ਸਵੀਕਾਰ ਕੀਤੀ ਸੀ। ਮੁਸ਼ਾਹਿਦ ਹੁਸੈਨ ਸਯਦ ਜੋ 1999 ’ਚ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਅਧੀਨ ਸੂਚਨਾ ਸਕੱਤਰ ਸਨ, ਨੇ ਤਤਕਾਲੀ ਡੀਜੀਐੱਮਓ (ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼) ਵੱਲੋਂ ਅਧਿਕਾਰਤ ਸੰਪਰਕ ਰਾਹੀਂ ਉਨ੍ਹਾਂ ਦੀ ਸਰਕਾਰ ਨੂੰ ਕਾਰਗਿਲ ਮੁਹਿੰਮ ਬਾਰੇ ਸੂਚਿਤ ਕੀਤੇ ਜਾਣ ਬਾਰੇ ਵੀ ਵਿਸਥਾਰ ਨਾਲ ਦੱਸਿਆ। -ਆਈਏਐੱਨਐੱਸ