ਮੁੱਖ ਮੰਤਰੀ ਦੀ ਪਤਨੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਬੀਰਬਲ ਰਿਸ਼ੀ
ਸ਼ੇਰਪੁਰ, 4 ਜਨਵਰੀ
ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਦੇ ਸਿਰਜੇ ਸੁਪਨੇ ਨੂੰ ਸਾਕਾਰ ਕਰਨ ਲਈ ਹੁਣ ਮਾਸਟਰ ਪਲਾਨ ਤਿਆਰ ਕਰ ਕੇ ਪਿੰਡਾਂ ਦੇ ਵਿਕਾਸ ਕਾਰਜ ਕਾਹਲੇ ਕਦਮੀ ਅੱਗੇ ਤੋਰੇ ਜਾ ਰਹੇ ਹਨ। ਉਹ ਪਿੰਡ ਸੁਲਤਾਨਪੁਰ ਅਤੇ ਬਾਲੀਆਂ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਸੁਲਤਾਨਪੁਰ ਦੇ ਬਾਬਾ ਬੰਦਾ ਸਿੰਘ ਬਹਾਦਰ ਚੌਕ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਸੁਲਤਾਨਪੁਰ ਦੀ ਆਈਟੀਆਈ ਦੀ ਮੁੱਖ ਮੰਗ ਮੁੱਖ ਮੰਤਰੀ ਦੇ ਧਿਆਨ ’ਚ ਲਿਆਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਪਿੰਡ ਸੁਲਤਾਨਪੁਰ ’ਚ 45 ਲੱਖ ਦੀ ਲਾਗਤ ਨਾਲ ਤਿਆਰ ਹੋ ਰਹੇ ਕਮਿਊਨਿਟੀ ਹਾਲ ਤੇ ਹੋਰ ਵਿਕਾਸ ਕਾਰਜਾਂ ਸਬੰਧੀ ਮੌਕੇ ’ਤੇ ਮੌਜੂਦ ਸਰਕਾਰੀ ਅਧਿਕਾਰੀਆਂ ਤੋਂ ਜਾਣਕਾਰੀ ਲਈ। ਇਸ ਤੋਂ ਪਹਿਲਾਂ ਸਰਪੰਚ ਗੁਰਦੀਪ ਸਿੰਘ, ਬਲਾਕ ਪ੍ਰਧਾਨ ਸਤਵੰਤ ਸਿੰਘ, ਡਾ. ਰਫੀਕ, ਜਗਜੀਤ ਸਿੰਘ ਅਤੇ ਹੋਰਨਾ ਨੇ ਪਿੰਡ ਵਿੱਚੋਂ ਮਨਜ਼ੂਰ ਹੋਈ ਆਈਟੀਆਈ ਦੀ ਜਗ੍ਹਾ ਕਿਸੇ ਕੀਮਤ ’ਤੇ ਵੀ ਤਬਦੀਲ ਨਾ ਕਰਨ ਦੀ ਮੰਗ ਕੀਤੀ। ਪਿੰਡ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਹੱਡਾਰੋੜੀ ਦੀ ਜਗ੍ਹਾ ਬਣਾਏ ਜਾਣ, ਹੇੜੀਕੇ-ਧੰਦੀਵਾਲ ਵਾਇਆ ਸੁਲਤਾਨਪੁਰ ਕੱਚਾ ਰਸ਼ਤਾ ਤੁਰੰਤ ਪੱਕਾ ਕਰਨ, ਨਹਿਰੀ ਪਾਣੀ ਹੋਰ ਨੱਕਿਆਂ ਤੱਕ ਪੁੱਜਦਾ ਕਰਨ ਦਾ ਅਧੂਰਾ ਕੰਮ ਪੂਰਾ ਕਰਨ ਆਦਿ ਦੀ ਮੰਗ ਵੀ ਕੀਤੀ। ਡਾ. ਗੁਰਪ੍ਰੀਤ ਕੌਰ ਨੇ ਪਿੰਡ ਬਾਲੀਆਂ ਵਿੱਚ 72 ਲੱਖ ਦੀ ਲਾਗਤ ਨਾਲ ਤਿੰਨ ਸਰਕਾਰੀ ਸਕੂਲਾਂ ’ਚ 10 ਕਮਰਿਆਂ ਦੀ ਉਸਾਰੀ ਦਾ ਰਸਮੀ ਆਗਾਜ਼ ਕੀਤਾ ਅਤੇ ਛੱਪੜ ਦੇ ਨਵੀਨੀਕਰਨ, ਵਾਟਰ ਵਰਕਸ, ਕਮਿਉਨਿਟੀ ਹਾਲ ਦੇ ਕੰਮਾਂ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਇਸ ਮੌਕੇ ਮੁੱਖ ਮੰਤਰੀ ਦੇ ਓਐੱਸਡੀ ਪ੍ਰੋਫੈਸਰ ਓਂਕਾਰ ਸਿੰਘ, ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਬਰਾੜ, ਅਮੀਰ ਸਿੰਘ, ਆਪ ਦੇ ਸੀਨੀਅਰ ਸੂਬਾਈ ਆਗੂ ਜਸਵੀਰ ਸਿੰਘ ਜੱਸੀ ਸੇਖੋਂ ਵਕਫ ਬੋਰਡ ਦੇ ਮੈਂਬਰ ਡਾ. ਅਨਵਰ ਭਸੌੜ, ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ, ਗੁਰਤੇਜ ਸਿੰਘ ਤੇਜੀ, ਜਸਵਿੰਦਰ ਸਿੰਘ ਘਨੌਰ, ਹੈਪੀ ਗੋਇਲ (ਤਿੰਨੇ ਬਲਾਕ ਪ੍ਰਧਾਨ) ਆਦਿ ਹਾਜ਼ਰ ਸਨ।