ਐਕਸਪ੍ਰੈੱਸਵੇਅ ਲਈ ਜ਼ਮੀਨ ਪ੍ਰਾਪਤੀ ਬਾਰੇ ਕਿਸਾਨਾਂ ਨਾਲ ਗੱਲ ਕਰਨਗੇ ਮੁੱਖ ਮੰਤਰੀ
ਰਾਜਮੀਤ ਸਿੰਘ
ਚੰਡੀਗੜ੍ਹ, 5 ਅਗਸਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਲਈ ਜ਼ਮੀਨ ਐਕੁਆਇਰ ਕੀਤੇ ਜਾਣ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ। ਲੁਧਿਆਣਾ, ਤਰਨ ਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ’ਚ ਜ਼ਮੀਨ ਐਕੁਆਇਰ ਕਰਨ ਵਿੱਚ ਦੇਰੀ ਕਾਰਨ ਐਕਸਪ੍ਰੈੱਸਵੇਅ ਦੇ ਕੰਮ ਦੀ ਰਫ਼ਤਾਰ ਮੱਠੀ ਪਈ ਹੈ। ਸੂਤਰਾਂ ਅਨੁਸਾਰ ਜ਼ਮੀਨ ਐਕੁਆਇਰ ਕਰਨ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਕੇਂਦਰ ਵੱਲੋਂ ਖਿਚਾਈ ਹੋਣ ਮਗਰੋਂ ਮੁੱਖ ਮੰਤਰੀ ਇਸ ਸਮੱਸਿਆ ਦਾ ਹੱਲ ਲੱਭਣ ਲਈ ਕਿਸਾਨਾਂ ਨਾਲ ਜਲਦੀ ਹੀ ਮੀਟਿੰਗਾਂ ਕਰਨਗੇ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੜਕੀ ਆਵਾਜਾਈ ਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਪ੍ਰਾਜੈਕਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਵਿੱਚ ਕਿਸਾਨਾਂ ਦੇ ਪ੍ਰਦਰਸ਼ਨਾਂ ਕਾਰਨ ਰੁਕੇ ਇਨ੍ਹਾਂ ਪ੍ਰਾਜੈਕਟਾਂ ਦਾ ਮੁੱਦਾ ਉਭਾਰਿਆ ਸੀ। ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਭਾਵੇਂ ਐਕਸਪ੍ਰੈੱਸਵੇਅ ਲਈ ਜ਼ਿਆਦਾਤਰ ਜ਼ਮੀਨ ਐਕੁਆਇਰ ਕਰ ਲਈ ਗਈ ਹੈ ਪਰ ਲੁਧਿਆਣਾ, ਤਰਨ ਤਾਰਨ, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ 100 ਏਕੜ ਦੇ ਕਰੀਬ ਜ਼ਮੀਨਾਂ ਹਾਲੇ ਐਕੁਆਇਰ ਹੋਣੀਆਂ ਬਾਕੀ ਹਨ, ਜੋ ਪ੍ਰਾਜੈਕਟ ’ਚ ਰੁਕਾਵਟ ਪੈਦਾ ਕਰ ਰਹੀਆਂ ਹਨ। ਐੱਨਐੱਚਏਆਈ ਦੇ ਅਧਿਕਾਰੀਆਂ ਅਨੁਸਾਰ ਕਿਸਾਨਾਂ ਦੇ ਮੁਜ਼ਾਹਰਿਆਂ ਕਾਰਨ ਜ਼ਮੀਨ ਐਕੁਆਇਰ ਕਰਨ ਵਿੱਚ ਦੇਰੀ ਹੋ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਉਮੀਦ ਹੈ ਕਿ ਜ਼ਮੀਨ ਮਾਲਕਾਂ ਨਾਲ ਸਿੱਧੀ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਨਿਕਲੇਗਾ।’’