ਖ਼ਰੀਦ ਪ੍ਰਬੰਧਾਂ ਸਬੰਧੀ ਕੇਂਦਰੀ ਮੰਤਰੀ ਨੂੰ ਮਿਲਣਗੇ ਮੁੱਖ ਮੰਤਰੀ: ਕਟਾਰੂਚੱਕ
ਐਨਪੀ ਧਵਨ
ਪਠਾਨਕੋਟ, 12 ਅਕਤੂਬਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪੰਜਾਬ ’ਚ ਚੌਲ ਭੰਡਾਰਨ ਵਾਸਤੇ ਜਗ੍ਹਾ ਦੀ ਸਮੱਸਿਆ ਦੀ ਮੰਗ ਅਤੇ ਆੜ੍ਹਤੀਆਂ ਦੀਆਂ ਮੰਗਾਂ ਦੇ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 14 ਅਕਤੂਬਰ ਨੂੰ ਦਿੱਲੀ ਜਾ ਕੇ ਕੇਂਦਰੀ ਮੰਤਰੀ ਨੂੰ ਮਿਲਣਗੇ। ਇਸ ਵਫ਼ਦ ਵਿੱਚ ਉਨ੍ਹਾਂ ਨਾਲ ਸ਼ੈੱਲਰ ਮਾਲਕਾਂ ਅਤੇ ਆੜ੍ਹਤੀਆਂ ਦੇ ਨੁਮਾਇੰਦੇ ਵੀ ਜਾਣਗੇ। ਸ੍ਰੀ ਕਟਾਰੂਚੱਕ ਪਠਾਨਕੋਟ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਕਾਨਵਾਂ ਅਤੇ ਸਮਰਾਲਾ ਵਿੱਚ ਝੋਨੇ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਹੋਏ ਸਨ। ਉਨ੍ਹਾਂ ਮੰਡੀ ਵਿੱਚ ਲੱਗੇ ਹੋਏ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਦਸਹਿਰੇ ਦੇ ਤਿਉਹਾਰ ਮੌਕੇ ਮਠਿਆਈ ਵੀ ਵੰਡੀ। ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉਪਲ, ਆੜ੍ਹਤੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਛੀਨਾ, ਮੁਲਖ ਰਾਜ, ਰਾਜਨ ਸ਼ਰਮਾ, ਦੀਪਕ ਸੈਣੀ, ਪ੍ਰਦੀਪ ਕੁਮਾਰ ਜੀਤੂ, ਨਿਤਨ ਠਾਕੁਰ ਆਦਿ ਹਾਜ਼ਰ ਸਨ।
ਮੰਤਰੀ ਕਟਾਰੂਚੱਕ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਅਤੇ ਕਣਕ ਦੇ ਦੋ ਸੀਜ਼ਨ ਹੁੰਦੇ ਹਨ ਜੋ ਪੰਜਾਬ ਦੀ ਆਰਥਿਕਤਾ ਦਾ ਵੱਡਾ ਸਰੋਤ ਹਨ। ਇਨ੍ਹਾਂ ਨਾਲ ਪੰਜਾਬ ਦੇ ਲੱਖਾਂ ਲੋਕ ਜੁੜੇ ਹੁੰਦੇ ਹਨ, ਜਿਨ੍ਹਾਂ ਵਿੱਚ ਕਿਸਾਨ, ਸ਼ੈੱਲਰ ਮਾਲਕ, ਆੜ੍ਹਤੀ ਤੇ ਮਜ਼ਦੂਰ ਆਦਿ ਸ਼ਾਮਲ ਹਨ। ਇਸ ਨੂੰ ਲੈ ਕੇ ਹਮੇਸ਼ਾਂ ਹੀ ਚੁਣੌਤੀਆਂ ਪੰਜਾਬ ਦੀ ਮਾਨ ਸਰਕਾਰ ਨੂੰ ਆਉਂਦੀਆਂ ਰਹੀਆਂ ਪਰ ਮੁੱਖ ਮੰਤਰੀ ਇਨ੍ਹਾਂ ਚੁਣੌਤੀਆਂ ਦਾ ਡਟ ਕੇ ਟਾਕਰਾ ਕਰਦੇ ਰਹੇ। ਹੁਣ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਲੇਰੀ ਨਾਲ ਇਨ੍ਹਾਂ ਸਭਨਾਂ ਦਾ ਪੱਖ ਲਿਆ ਹੈ ਤੇ 14 ਤਰੀਕ ਨੂੰ ਉਹ ਕੇਂਦਰੀ ਮੰਤਰੀ ਕੋਲ ਪੱਖ ਰੱਖਣਗੇ।
ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਪੂਰੇ ਪੰਜਾਬ ਵਿੱਚ ਇੱਕ ਅਕਤੂਬਰ ਤੋਂ ਝੋਨੇ ਦੀ ਖ਼ਰੀਦ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਪੰਜਾਬ ਦੀਆਂ ਮੰਡੀਆਂ ਅੰਦਰ ਹੁਣ ਤੱਕ ਝੋਨੇ ਦੀ 4 ਲੱਖ 41 ਹਜ਼ਾਰ ਮੀਟਰਿਕ ਟਨ ਆਮਦ ਹੋ ਚੁੱਕੀ ਹੈ।