ਮੁੱਖ ਮੰਤਰੀ ਅੱਜ ਕਰਨਗੇ ‘ਦਿ ਹੋਪ ਇਨੀਸ਼ੀਏਟਿਵ’ ਦੀ ਸ਼ੁਰੂਆਤ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਅਕਤੂਬਰ
ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲੀਸ ਕਮਿਸ਼ਨਰੇਟ ਵੱਲੋਂ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਮੋੜਨ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ। ਇਸ ਤਹਿਤ ਭਲਕੇ 18 ਅਕਤੂਬਰ ਨੂੰ 40 ਹਜ਼ਾਰ ਤੋਂ ਵੱਧ ਬੱਚੇ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਨਗੇ ਅਤੇ ਨਸ਼ਿਆਂ ਖ਼ਿਲਾਫ਼ ਸਹੁੰ ਚੁੱਕਣਗੇ। ਇਸੇ ਮੁਹਿੰਮ ਤਹਿਤ ਲਗਪਗ 15 ਹਜ਼ਾਰ ਬੱਚੇ, ਨੌਜਵਾਨ ਤੇ ਹੋਰ ਗਲੀ ਕ੍ਰਿਕਟ ਲੀਗ ਵਿੱਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਪੁੱਜਣਗੇ। ਇਸ ਪ੍ਰੋਗਰਾਮ ਨੂੰ ‘ਦਿ ਹੋਪ ਇਨੀਸ਼ੀਏਟਿਵ’ ਦਾ ਨਾਂਅ ਦਿੱਤਾ ਗਿਆ ਹੈ।
ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਦੀ ਵਾਕਾਥੌਨ ਨਾਲ ਹੋਵੇਗੀ। ਇਹ ਵਿਦਿਆਰਥੀ ਸ਼ਹਿਰ ਦੇ ਪੁਰਾਣੇ ਚਾਰ ਦਰਵਾਜ਼ਿਆਂ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਪੁੱਜਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਵੀ ਸਹਿਯੋਗ ਕਰਨਗੀਆਂ। ਪੁਲੀਸ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ ਪੀਲੀਆਂ ਦਸਤਾਰਾਂ ਪਹਿਲਾਂ ਹੀ ਵੰਡੀਆਂ ਜਾ ਚੁੱਕੀਆਂ ਹਨ। ਇਸ ਤੋਂ ਬਾਅਦ ਵਿਦਿਆਰਥੀ ਗਾਂਧੀ ਸਟੇਡੀਅਮ ਪੁੱਜਣਗੇ , ਉੱਥੇ ਸਹੁੰ ਚੁੱਕ ਸਮਾਗਮ ਅਤੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਟਰੈਫਿਕ ਪੁਲੀਸ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।