ਮੁੱਖ ਮੰਤਰੀ ਹਰ ਹਲਕੇ ’ਚ ਤਿੰਨ ਦਿਨ ਕਰਨਗੇ ਪ੍ਰਚਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਪਰੈਲ
ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ 20 ਅਪਰੈਲ ਤੋਂ ਸ਼ੁਰੂ ਕਰਨਗੇ ਅਤੇ ਹਰ ਲੋਕ ਸਭਾ ਹਲਕੇ ਵਿੱਚ ਤਿੰਨ ਦਿਨ ਪ੍ਰਚਾਰ ਕਰਨਗੇ। ਅੱਜ ਹਲਕਾ ਵਾਈਜ਼ ਮੀਟਿੰਗਾਂ ਤਹਿਤ ਮੁੱਖ ਮੰਤਰੀ ਨੇ ਇੱਥੇ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ, ਅੰਮ੍ਰਿਤਸਰ ਦੇ ਉਮੀਦਵਾਰਾਂ ਅਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਵਿੱਚ ਉਨ੍ਹਾਂ ਪਾਰਟੀ ਦੀ ਚੋਣ ਰਣਨੀਤੀ ਤੋਂ ਜਾਣੂ ਕਰਾਇਆ ਅਤੇ ਫੀਡ ਬੈਕ ਵੀ ਹਾਸਲ ਕੀਤੀ। ਅੱਜ ਅੰਮ੍ਰਿਤਸਰ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਆਨੰਦਪੁਰ ਸਾਹਿਬ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਆਪੋ ਆਪਣੇ ਹਲਕਿਆਂ ਬਾਰੇ ਹਰ ਪੱਖਾਂ ਤੋਂ ਚਰਚਾ ਕੀਤੀ। ਵੇਰਵਿਆਂ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਵਿਸਾਖੀ ਤੋਂ ਪਹਿਲਾਂ ਉਮੀਦਵਾਰਾਂ ਦੀ ਆਖ਼ਰੀ ਗੇੜ ਦੀ ਸੂਚੀ ਵੀ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ।
ਸਮੁੱਚੀ ਸੂਚੀ ਮੁਕੰਮਲ ਹੋਣ ਮਗਰੋਂ ਮੁੱਖ ਮੰਤਰੀ ਮਾਨ ਸਾਰੇ ਉਮੀਦਵਾਰਾਂ ਨੂੰ ਨਾਲ ਲੈ ਕੇ ਸ੍ਰੀ ਹਰਮਿੰਦਰ ਸਾਹਿਬ ਜਾਣਗੇ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਲਈ 40 ਦਿਨ ਦਾ ਪ੍ਰੋਗਰਾਮ ਉਲੀਕ ਲਿਆ ਹੈ ਅਤੇ ਹਰ ਹਲਕੇ ਵਿੱਚ ਤਿੰਨ ਦਿਨ ਚੋਣ ਪ੍ਰਚਾਰ ਦੌਰਾਨ ਰੋਡ ਸ਼ੋਅ ਅਤੇ ਮੀਟਿੰਗਾਂ ਕਰਨਗੇ। ਚੋਣ ਪ੍ਰਚਾਰ ਤਹਿਤ ਪੰਜਾਬ ਸਰਕਾਰ ਦੀਆਂ ਦੋ ਵਰ੍ਹਿਆਂ ਦੀਆਂ ਪ੍ਰਾਪਤੀਆਂ ਦਾ ਰਿਪੋਰਟ ਕਾਰਡ ਵੀ ਤਿਆਰ ਕੀਤਾ ਜਾ ਰਿਹਾ ਹੈ। ਪਾਰਟੀ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿਚ ‘ਰਿਪੋਰਟ ਕਾਰਡ’ ਛਾਪਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਟਿੰਗ ਦੌਰਾਨ ਵਿਧਾਇਕਾਂ ਅਤੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦਾ ਰਿਪੋਰਟ ਕਾਰਡ ਘਰ-ਘਰ ਪੁੱਜਦਾ ਕਰਨਗੇ ਤਾਂ ਜੋ ਲੋਕਾਂ ਨੂੰ ਇਹ ਪਤਾ ਲੱਗੇ ਸਕੇ ਕਿ ਸਰਕਾਰ ਨੇ ਦੋ ਵਰ੍ਹਿਆਂ ਵਿੱਚ ਕੀ ਕੀ ਕੀਤਾ ਹੈ। ਮੁੱਖ ਮੰਤਰੀ ਨੇ ਉਮੀਦਵਾਰਾਂ ਨਾਲ ਚੋਣ ਰਣਨੀਤੀ ਸਾਂਝੀ ਕੀਤੀ। ਪਹਿਲੀ ਮੀਟਿੰਗ ਵਿੱਚ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਮਲਵਿੰਦਰ ਸਿੰਘ ਕੰਗ, ‘ਆਪ’ ਆਗੂ ਦੀਪਕ ਬਾਲੀ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ , ਵਿਧਾਇਕ ਸੰਤੋਸ਼ ਕਟਾਰੀਆ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਦਿਨੇਸ਼ ਚੱਢਾ, ਡਾ.ਚਰਨਜੀਤ ਸਿੰਘ, ਕੁਲਵੰਤ ਸਿੰਘ ਮੁਹਾਲੀ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਸ਼ਾਮਲ ਸਨ।
ਦੂਜੀ ਮੀਟਿੰਗ ਵਿੱਚ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਵਿਧਾਇਕ ਜਸਬੀਰ ਸਿੰਘ ਸੰਧੂ, ਅਜੇ ਗੁਪਤਾ, ਜੀਵਨ ਜੋਤ ਕੌਰ ਅਤੇ ਇੰਦਰਬੀਰ ਸਿੰਘ ਨਿੱਝਰ ਮੌਜੂਦ ਸਨ। ਸ੍ਰੀ ਧਾਲੀਵਾਲ ਨੇ ਮੀਟਿੰਗ ਮਗਰੋਂ ਕਿਹਾ ਕਿ ਅੰਮ੍ਰਿਤਸਰ ਤੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਬੁਰੀ ਤਰ੍ਹਾਂ ਹਰਾਵਾਂਗੇ। ਸ੍ਰੀ ਧਾਲੀਵਾਲ ਨੇ ਕਿਹਾ ਕਿ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਾਡੇ ਕਿਸਾਨਾਂ ਦੇ ਕਾਤਲਾਂ ਨਾਲ ਖੜ੍ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੰਧੂ 10 ਸਾਲ ਅਮਰੀਕਾ ਦੇ ਰਾਜਦੂਤ ਰਹੇ, ਉਹ ਸਭ ਤੋਂ ਵੱਡੇ ਰਾਜਦੂਤ ਸਨ ਅਤੇ ਉਨ੍ਹਾਂ ਕੋਲ ਬਹੁਤ ਸ਼ਕਤੀ ਸੀ। ਉਹ ਹੁਣ ਭਾਜਪਾ ਲਈ ਚੋਣ ਲੜਨ ਲਈ ਆ ਗਏ ਹਨ।