For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਨੇ ਸੰਭਾਲੀ ‘ਆਪ’ ਦੇ ਪ੍ਰਚਾਰ ਦੀ ਕਮਾਨ

07:07 AM Jun 24, 2024 IST
ਮੁੱਖ ਮੰਤਰੀ ਨੇ ਸੰਭਾਲੀ ‘ਆਪ’ ਦੇ ਪ੍ਰਚਾਰ ਦੀ ਕਮਾਨ
ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਵਿੱਚ ਪਾਰਟੀ ਦੇ ਮੰਡਲ ਤੇ ਬਲਾਕ ਪ੍ਰਧਾਨਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੰਜਾਬੀ ਟ੍ਰਿਬਿਊਨ
Advertisement

ਪਾਲ ਸਿੰਘ ਨੌਲੀ
ਜਲੰਧਰ, 23 ਜੂਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਕਮਾਨ ਸੰਭਾਲਦਿਆਂ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਅਹੁਦੇਦਾਰਾਂ ਸਣੇ ਜ਼ਮੀਨੀ ਪੱਧਰ ’ਤੇ ਸਰਗਰਮ ਵਰਕਰਾਂ ਨਾਲ ਮੈਰਾਥਨ ਮੀਟਿੰਗਾਂ ਕੀਤੀਆਂ। ਮੁੱਖ ਮੰਤਰੀ ਪੰਜਾਬ ਨੇ 2022 ਤੋਂ ਬਾਅਦ ਇੱਕ ਵਾਰ ਫਿਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਸੀਟ ਜਿੱਤਣ ਲਈ ਪਾਰਟੀ ਦੇ ਆਗੂਆਂ ਨਾਲ ਜਿੱਤ ਦਾ ਮੰਤਰ ਸਾਂਝਾ ਕੀਤਾ। ਉਨ੍ਹਾਂ ਨੇ ਮੰਤਰੀਆਂ, ਵਿਧਾਇਕਾਂ ਤੇ ਸੀਨੀਅਰ ਆਗੂਆਂ ਨਾਲ ਵੱਖਰੀ ਮੀਟਿੰਗ ਮਗਰੋਂ ਪਾਰਟੀ ਦੇ ਵਲੰਟਰੀਅਰਾਂ ਨਾਲ ਵੱਖਰੀ ਮੀਟਿੰਗ ਕੀਤੀ, ਜਿਹੜੀ ਦੋ ਘੰਟੇ ਤੱਕ ਚੱਲੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਾਲ ਦੇ ਆਖਰ ਤੱਕ ਪੰਜਾਬ ਵਿਧਾਨ ਸਭਾ ਵਿੱਚ ‘ਆਪ’ ਦੇ ਵਿਧਾਇਕਾਂ ਦੀ ਗਿਣਤੀ 95 ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ ‘ਆਪ’ ਦੇ ਸੂਬਾਈ ਪ੍ਰਧਾਨ ਵੀ ਹਨ, ਨੇ ਆਗੂਆਂ ਨੂੰ ਜ਼ਿਮਨੀ ਚੋਣ ਲਈ ਘਰ-ਘਰ ਪ੍ਰਚਾਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ‘ਆਪ’ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਬਾਰੀਕੀ ਨਾਲ ਜਾਣੂ ਕਰਵਾਇਆ ਜਾਵੇ। ਭਗਵੰਤ ਮਾਨ ਮੁਤਾਬਕ ਜਲੰਧਰ ਪੱਛਮੀ ਦੇ ਲੋਕ ਪਾਰਟੀ ਦੇ ਨਾਲ ਹਨ ਪਰ ਇਸ ਹਲਕੇ ਦੇ ਲੋਕਾਂ ਨੂੰ ਉਸ ਵਿਅਕਤੀ ਨੇ ਧੋਖਾ ਦਿੱਤਾ ਹੈ ਜਿਸ ਨੂੰ ਉਨ੍ਹਾਂ ਨੇ ਦੋ ਸਾਲ ਪਹਿਲਾਂ ਪਾਰਟੀ ਦੇ ਨਾਂਅ ’ਤੇ ਫਤਵਾ ਦਿੱਤਾ ਸੀ। ਉਨ੍ਹਾਂ ਸ਼ੀਤਲ ਅੰਗੁਰਾਲ ਦਾ ਨਾਂਅ ਲਏ ਬਿਨਾਂ ਕਿਹਾ ਕਿ ਉਹ ਉਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਜਿਹੜੀ ਪੰਜਾਬ ਤੇ ਕਿਸਾਨ ਵਿਰੋਧੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਿੰਦਰ ਭਗਤ ਅਤੇ ਉਨ੍ਹਾਂ ਦੇ ਪਰਿਵਾਰ ਦਾ ਜਲੰਧਰ ’ਚ ਬਹੁਤ ਹੀ ਸਾਫ਼ ਸੁਥਰਾ ਅਕਸ ਹੈ, ਜਿਨ੍ਹਾਂ ਦਾ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਜਲੰਧਰ ਦੇ ਲੋਕਾਂ ਲਈ ਕੰਮ ਕਰ ਰਿਹਾ ਹੈ ਅਤੇ ਮਹਿੰਦਰ ਭਗਤ ਦੇ ਜਿੱਤਣ ਨਾਲ ਲੋਕਾਂ ਦੇ ਕੰਮ ਸੌਖੇ ਤਰੀਕੇ ਨਾਲ ਹੋਇਆ ਕਰਨਗੇ। ਭਗਵੰਤ ਮਾਨ ਨੇ ਦਾਅਵਾ ਕੀਤਾ, ‘‘ਪੰਜਾਬ ਵਿੱਚ ਸਰਕਾਰ ਦੇ ਕਾਰਜਕਾਲ ਵਿੱਚ ਹੋਣ ਵਾਲੇ ਕੰਮਾਂ ਕਰਕੇ ਵਿਰੋਧੀ ਤਾਂ ਮੁੜ ਸੱਤਾ ਵਿੱਚ ਆਉਣ ਦਾ ਸੁਪਨਾ ਦੇਖਣਾ ਛੱਡ ਦੇਣ। ਮੈਂ ਖ਼ੁਦ ਇਸ ਹਲਕੇ ਦੀ ਨਿਗਰਾਨੀ ਕਰਿਆ ਕਰਾਂਗਾ।’’ ਜ਼ਿਕਰਯੋਗ ਹੈ ਕਿ ਇਹ ਸੀਟ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਪਾਰਟੀ ਛੱਡਣ ਕਾਰਨ ਖਾਲੀ ਹੋਈ ਹੈ। ਸ਼ੀਤਲ ਅੰਗੁਰਾਲ ਭਾਜਪਾ ’ਚ ਸ਼ਾਮਲ ਹੋ ਗਏ ਸਨ। ਇਸ ਸੀਟ ’ਤੇ ਜ਼ਿਮਨੀ ਚੋਣ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ।

Advertisement

Advertisement
Author Image

sukhwinder singh

View all posts

Advertisement
Advertisement
×