ਮੁੱਖ ਮੰਤਰੀ ਵੱਲੋਂ ਚੋਣਾਂ ’ਚ ਹਾਰ ’ਤੇ ਚਿੰਤਨ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਦੀ ਸਮੀਖਿਆ ਕਰਨ ਵਾਸਤੇ ਆਤਮ ਮੰਥਨ ਸ਼ੁਰੂ ਕਰ ਦਿੱਤਾ ਹੈ। ਇਸ ਤਹਿਤ ਅੱਜ ਫਿਰੋਜ਼ਪੁਰ ਤੇ ਪਟਿਆਲਾ ਹਲਕੇ ਦੇ ਵਿਧਾਇਕਾਂ ਅਤੇ ਚੇਅਰਮੈਨਾਂ ਤੋਂ ਇਲਾਵਾ ਪ੍ਰਮੁੱਖ ਅਹੁਦੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਪਹਿਲੇ ਪੜਾਅ ’ਚ ਆਨੰਦਪੁਰ ਸਾਹਿਬ ਦੇ ਵਿਧਾਇਕਾਂ ਅਤੇ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ।
ਮੁੱਖ ਮੰਤਰੀ ਨੇ ਸਾਰੇ ਵਿਧਾਇਕਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਦਲੀਲ ਦਿੱਤੀ ਕਿ 2019 ਦੀਆਂ ਚੋਣਾਂ ਵਿਚ ਪਾਰਟੀ ਕੋਲ ਸਿਰਫ ਇੱਕ ਸੰਸਦ ਮੈਂਬਰ ਸੀ ਜਦੋਂ ਕਿ ਹੁਣ ਗਿਣਤੀ ਤਿੰਨ ਹੋ ਗਈ ਹੈ। ਕਾਂਗਰਸ ਕੋਲ ਪਿਛਲੀ ਚੋਣ ਸਮੇਂ ਅੱਠ ਸੰਸਦ ਮੈਂਬਰ ਸਨ ਜੋ ਹੁਣ ਸੱਤ ਰਹਿ ਗਏ ਹਨ। ਵਿਧਾਇਕਾਂ ਨੇ ਆਪੋ- ਆਪਣੇ ਹਲਕੇ ਬਾਰੇ ਫੀਡਬੈਕ ਦਿੱਤੀ। ਇਸ ਦੌਰਾਨ ਲੋਕ ਭਲਾਈ ਦੀਆਂ ਸਕੀਮਾਂ ’ਤੇ ਜ਼ਿਆਦਾ ਚਰਚਾ ਹੋਈ ਹੈ। ਮੀਟਿੰਗ ਵਿਚ ‘ਆਪ’ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੇ ਆਪੋ-ਆਪਣੇ ਖੇਤਰਾਂ ਦੇ ਵਿਧਾਇਕਾਂ ਅਤੇ ‘ਆਪ’ ਟੀਮਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਮੀਟਿੰਗ ਵਿਚ ਚਰਚਾ ਹੋਈ ਕਿ ਪਿਛਲੀਆਂ ਆਮ ਚੋਣਾਂ ਦੇ ਮੁਕਾਬਲੇ ‘ਆਪ’ ਦਾ ਦੋਵਾਂ ਹਲਕਿਆਂ ਵਿੱਚ ਵੋਟ ਸ਼ੇਅਰ ਵਧਿਆ ਹੈ ਅਤੇ ਅੰਤ ਵਿੱਚ ਪਾਰਟੀ ਬਹੁਤ ਹੀ ਘੱਟ ਫ਼ਰਕ ਨਾਲ ਪਿੱਛੇ ਰਹੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਵੇਂ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਚੰਗੇ ਕੰਮ ਜਾਰੀ ਰੱਖਣ ਲਈ ਕਿਹਾ। ਉਨ੍ਹਾਂ ਕਿਹਾ, ‘‘ਸਾਨੂੰ ਜ਼ਮੀਨੀ ਪੱਧਰ ’ਤੇ ਹੋਰ ਮਿਹਨਤ ਕਰਨ ਦੀ ਲੋੜ ਹੈ।’’ ਭਗਵੰਤ ਮਾਨ ਨੇ ‘ਆਪ’ ਆਗੂਆਂ ਨਾਲ ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਲੋਕ ਸਭਾ ਚੋਣ ਪਾਰਟੀ ਲਈ ਕਾਫ਼ੀ ਉਤਸ਼ਾਹਜਨਕ ਰਹੀ।