ਮੁੱਖ ਮੰਤਰੀ ਵੱਲੋਂ ਪੰਚਕੂਲਾ ’ਚ ਤੀਜੇ ਪੁਸਤਕ ਮੇਲੇ ਦਾ ਉਦਘਾਟਨ
ਪੱਤਰ ਪ੍ਰੇਰਕ
ਪੰਚਕੂਲਾ, 4 ਨਵੰਬਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, ‘‘ਸਾਡੇ ਕੋਲ ਜਿੰਨਾ ਜ਼ਿਆਦਾ ਗਿਆਨ ਹੋਵੇਗਾ, ਇਹ ਦੁਨੀਆਂ ਓਨੀ ਹੀ ਛੋਟੀ ਹੁੰਦੀ ਜਾਵੇਗੀ। ਸਾਡੇ ਸੱਭਿਆਚਾਰ ਤੇ ਵਿਰਸੇ ਦੀ ਵਿਚਾਰ ਪੁਸਤਕਾਂ ਵਿੱਚ ਉਪਲਬਧ ਹੈ।’’ ਉਹ ਅੱਜ ਇੱਥੋਂ ਦੇ ਸੈਕਟਰ-5 ਸਥਿਤ ਇੰਦਰਧਨੁੱਸ਼ ਆਡੀਟੋਰੀਅਮ ਵਿੱਚ ਲੱਗੇ ਤੀਜੇ ਪੁਸਤਕ ਮੇਲੇ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿੰਡ ਅਰੁਣਏ, ਕਰਨਾਲ ਦੇ ਪਿੰਡ ਬਾੜਾ ਅਤੇ ਝੱਜਰ ਦੇ ਪਿੰਡ ਮਦਾਨਾ ਵਿੱਚ ਬਣੀ ਸਰਦਾਰ ਪਟੇਲ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ। ਉਨ੍ਹਾਂ ਪੁਸਤਕ ਮੇਲੇ ਦਾ ਦੌਰਾ ਕੀਤਾ ਅਤੇ ਕਈ ਪੁਸਤਕਾਂ ਵੀ ਰਿਲੀਜ਼ ਕੀਤੀਆਂ। ਸ੍ਰੀ ਸੈਣੀ ਨੇ ਕਿਹਾ ਕਿ ਇਸ ਹਫ਼ਤੇ ਜ਼ਿਲ੍ਹਾ ਪੰਚਕੂਲਾ ਵਿੱਚ ਵੀ ਪੁਸਤਕ ਮੇਲਾ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਸਤਕਾਂ ਮਨੁੱਖਾਂ ਨੂੰ ਗਿਆਨ ਦੀ ਖੁਰਾਕ ਦੇਣਗੀਆਂ। ਮੇਲੇ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਹਜ਼ਾਰਾਂ ਇਨਾਮ ਹਨ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਆਈ ਭੀੜ ਨੂੰ ਦੇਖ ਕੇ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੁਸਤਕਾਂ ਕਿੰਨੀਆਂ ਮਹੱਤਵਪੂਰਨ ਹਨ। ਇਸ ਮੌਕੇ ਵਧੀਕ ਮੁੱਖ ਸਕੱਤਰ ਏ.ਕੇ. ਸਿੰਘ, ਬਿਜਲੀ ਨਿਗਮ ਦੇ ਚੇਅਰਮੈਨ ਪੀ.ਕੇ. ਦਾਸ, ਮੈਨੇਜਿੰਗ ਡਾਇਰੈਕਟਰ ਡਾ. ਸਾਕੇਤ ਕੁਮਾਰ, ਕਾਲਕਾ ਦੀ ਵਿਧਾਇਕਾ ਸ਼ਕਤੀ ਰਾਣੀ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਸ਼ਰਮਾ, ਵਿਧਾਨ ਸਭਾ ਦੇ ਸਾਬਕਾ ਸਪੀਕਰ ਗਿਆਨ ਚੰਦ ਗੁਪਤਾ, ਭਾਜਪਾ ਦੀ ਸੂਬਾ ਮੀਤ ਪ੍ਰਧਾਨ ਬੰਤੋ ਕਟਾਰੀਆ, ਭਾਰਤ ਭੂਸ਼ਣ ਭਾਰਤੀ ਆਦਿ ਹਾਜ਼ਰ ਸਨ।