ਮੁੱਖ ਮੰਤਰੀ ਵੱਲੋਂ ਸੰਵਿਧਾਨ ਦਿਵਸ ਮੌਕੇ ਪ੍ਰਦਰਸ਼ਨੀ ਦਾ ਉਦਘਾਟਨ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 26 ਨਵੰਬਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਸੂਬਾ ਸਰਕਾਰ ਸੰਵਿਧਾਨ ਦੀ ਮੂਲ ਭਾਵਨਾ ਦੇ ਅਨੁਸਾਰ ਆਪਣੀਆਂ ਪ੍ਰਗਤੀਸ਼ੀਲ ਸਮਾਜਿਕ ਤੇ ਆਰਥਿਕ ਨੀਤੀਆਂ ਤੇ ਪ੍ਰੋਗਰਾਮਾਂ ਰਾਹੀਂ ਲੋਕਤੰਤਰੀ ਸਿਧਾਂਤਾਂ ਨੂੰ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਹਰਿਆਣਾ ਸਰਕਾਰ ਆਧੁਨਿਕ ਭਾਰਤ ਦੇ ਮਹਾਨ ਦਾਰਸ਼ਨਿਕ ਤੇ ਰਾਜ ਨੇਤਾ ਪੰਡਤ ਦੀਨ ਦਿਆਲ ਉਪਾਧਿਆਏ ਦੇ ਅਖੰਡ ਮਾਨਵ ਦਰਸ਼ਨ ਤੇ ਅੰਤੋਦਿਆ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ। ਮੁੱਖ ਮੰਤਰੀ ਅੱਜ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਮੈਦਾਨ ਵਿੱਚ ਕਰਵਾਏ ਸੰਵਿਧਾਨ ਦਿਵਸ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੂਚਨਾ ਲੋਕ ਸੰਪਰਕ, ਭਾਸ਼ਾ ਤੇ ਸਭਿਆਚਾਰ ਵਿਭਾਗ ਵੱਲੋਂ ਸੰਵਿਧਾਨ ਦਿਵਸ ਮੌਕੇ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਆਧੁਨਿਕ ਭਾਰਤ ਦਾ ਸੁਪਨਾ ਦੇਖਣ ਵਾਲੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਣੇ ਸੰਵਿਧਾਨ ਬਨਾਉਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਤੋਂ ਅਸੀਂ ਦੇਸ਼ ਵਿਦੇਸ਼ ਵਿਚ ਅੰਮ੍ਰਿਤ ਮਹਾਉਤਸਵ ਮਨਾਵਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਗਣਰਾਜਾਂ ਦੇ ਰੂਪ ਵਿੱਚ ਸਵੈ ਸ਼ਾਸ਼ਨ ਸਾਡੀ ਪੁਰਾਤਨ ਪਰੰਪਰਾ ਹੈ। ਇਸ ਮੌਕੇ ਮੁੱਖ ਬੁਲਾਰੇ ਕਸ਼ਮੀਰੀ ਲਾਲ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤੀ ਸੰਵਿਧਾਨ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸੋਮ ਨਾਥ ਸਚਦੇਵਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਨਾ ਸਿਰਫ ਸ਼ਾਸ਼ਨ ਦਾ ਆਧਾਰ ਹੈ ਸਗੋਂ ਭਾਰਤ ਦੀ ਸਭਿਆਚਾਰਕ, ਇਤਿਹਾਸਕ ਤੇ ਪਰਾਣਿਕ ਵਿਰਾਸਤ ਤੇ ਕਲਾਤਮਿਕ ਧਰੋਹਰ ਦਾ ਵੀ ਅਜੀਬ ਪ੍ਰਤੀਕ ਹੈ। ਇਸ ਮੌਕੇ ਡੀਸੀ ਨੇਹਾ ਸਿੰਘ, ਪੁਲੀਸ ਕਪਤਾਨ ਵਰੁਣ ਸਿੰਗਲਾ, ਸਾਬਕਾ ਮੰਤਰੀ ਸੁਭਾਸ਼ ਸੁਧਾ, ਧੁੰਮਣ ਸਿੰਘ, ਭਾਜਪਾ ਨੇਤਾ ਸੁਭਾਸ਼ ਕਲਸਾਣਾ, ਡਾ ਮਹਾਂ ਸਿੰਘ ਪੂਨੀਆ ਹਾਜ਼ਰ ਸਨ।
ਸੰਵਿਧਾਨ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ
ਯਮੁਨਾਨਗਰ (ਦਵਿੰਦਰ ਸਿੰਘ):
ਇੱਥੇ ਜੇਐੱਮਆਈਟੀ ਰਾਦੋਰ ਵਿੱਚ ਸੰਵਿਧਾਨ ਦਿਵਸ ਸਾਡਾ ਸੰਵਿਧਾਨ-ਸਾਡਾ ਸਵੈ-ਮਾਣ ਵਿਸ਼ੇ ਦੇ ਨਾਲ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਸ਼ਿਆਮ ਸਿੰਘ ਰਾਣਾ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਸਾਨੂੰ ਸਾਡੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਆਪਣੇ ਫਰਜ਼ ਨਿਭਾਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਮੌਕੇ ਮੁੱਖ ਮਹਿਮਾਨ ਨੇ ਕੈਂਪਸ ਵਿੱਚ ਬਣੀ ਆਰਟ ਗੈਲਰੀ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਦਾ ਦੌਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ ਆਯੂਸ਼ ਸਿਨਹਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਸ੍ਰੀ ਰਾਣਾ ਨੇ ਅਧਿਆਪਕਾਂ ਨੂੰ ਪ੍ਰੇਰਿਆ ਕਿ ਉਹ ਵਿਦਿਆਰਥੀਆਂ ਨੂੰ ਸੰਵਿਧਾਨ ਬਾਰੇ ਪੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਜਾਣੂ ਕਰਵਾਉਣ ਅਤੇ ਬਿਹਤਰ ਨਾਗਰਿਕ ਬਣਨ ਲਈ ਯੋਗਦਾਨ ਪਾਉਣ। ਇਸ ਮੌਕੇ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਵਰਿੰਦਰ ਸਿੰਘ ਢੱਲ, ਰਾਦੌਰ ਦੇ ਐੱਸਡੀਐੱਮ ਜੈ ਪ੍ਰਕਾਸ਼, ਛਛਰੌਲੀ ਦੇ ਐੱਸਡੀਐੱਮ ਰੋਹਿਤ ਕੁਮਾਰ, ਮਿਉਂਸਿਪਲ ਮੈਜਿਸਟ੍ਰੇਟ ਪਿਯੂਸ਼ ਗੁਪਤਾ, ਡੀਡੀਪੀਓ ਨਰਿੰਦਰ ਸਿੰਘ, ਡੀਆਈਪੀਆਰਓ ਡਾ. ਮਨੋਜ ਕੁਮਾਰ ਹਾਜ਼ਰ ਸਨ।