ਮੁੱਖ ਮੰਤਰੀ ਵੱਲੋਂ ਵਰਧਮਾਨ ਗਰੁੱਪ ਦੇ ਸਟੀਲ ਪਲਾਂਟ ਨੂੰ ਹਰੀ ਝੰਡੀ
ਚਰਨਜੀਤ ਭੁੱਲਰ
ਚੰਡੀਗੜ੍ਹ, 22 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉੱਚ ਪੱਧਰੀ ਮੀਟਿੰਗ ’ਚ ਵਰਧਮਾਨ ਸਟੀਲ ਗਰੁੱਪ ਵੱਲੋਂ ਗਰੀਨ ਸਟੀਲ ਤਿਆਰ ਕਰਨ ਲਈ ਸਥਾਪਤ ਕੀਤੇ ਜਾਣ ਵਾਲੇ ਉਦਯੋਗ ਨੂੰ ਹਰੀ ਝੰਡੀ ਦੇ ਦਿੱਤੀ ਹੈ, ਜਿਸ ’ਤੇ ਕਰੀਬ 1750 ਕਰੋੜ ਰੁਪਏ ਦੀ ਲਾਗਤ ਆਵੇਗੀ। ਮੁੱਖ ਮੰਤਰੀ ਨੇ ਅੱਜ ਇੱਥੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀਐੱਸਐੱਸਐੱਲ) ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨਾਲ ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਗਰੁੱਪ ਵੱਲੋਂ ਇਲੈਕਟ੍ਰਿਕ ਆਰਕ ਫਰਨੇਸ ਰੂਟ ਰਾਹੀਂ ਵਿਸ਼ੇਸ਼ ਅਲਾਏ ਸਟੀਲ ਦੇ ਨਿਰਮਾਣ ਲਈ ਗ੍ਰੀਨਫੀਲਡ ਯੂਨਿਟ ਸਥਾਪਤ ਕੀਤਾ ਜਾਣਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਤੀ ਸਾਲ 5 ਲੱਖ ਟਨ ਦੀ ਸਮਰੱਥਾ ਵਾਲਾ ਇਹ ਪ੍ਰਾਜੈਕਟ ਜਪਾਨ ਦੀ ਕੰਪਨੀ ਏਚੀ ਸਟੀਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ 1750 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਕੀਤਾ ਜਾਵੇਗਾ ਅਤੇ ਇਸ ਪ੍ਰਾਜੈਕਟ ਨਾਲ ਸੂਬੇ ਦੇ 1500 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਕੰਪਨੀ ਇਸ ਪਲਾਂਟ ਤੋਂ ਗਰੀਨ ਸਟੀਲ ਤਿਆਰ ਕਰੇਗੀ ਅਤੇ ਇਹ ਪ੍ਰਾਜੈਕਟ ਸੂਬੇ ਅਤੇ ਦੇਸ਼ ਲਈ ਵੱਡਾ ਮਾਲੀਆ ਪੈਦਾ ਕਰੇਗਾ ਕਿਉਂਕਿ ਵੱਖ-ਵੱਖ ਜਾਪਾਨੀ/ਯੂਰਪੀਅਨ ਕੰਪਨੀਆਂ ਨੂੰ ਕੁੱਲ ਉਤਪਾਦਨ ਦਾ 20 ਫ਼ੀਸਦੀ ਤੋਂ ਵੱਧ ਨਿਰਯਾਤ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਵੱਕਾਰੀ ਕੰਪਨੀ ਵੱਲੋਂ ਸੂਬੇ ਵਿੱਚ ਕੀਤਾ ਗਿਆ ਵੱਡਾ ਨਿਵੇਸ਼ ਹੋਰ ਕੰਪਨੀਆਂ ਲਈ ਵੀ ਮਾਹੌਲ ਪੈਦਾ ਕਰੇਗਾ। ਅੱਜ ਮੀਟਿੰਗ ਵਿੱਚ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਸਕੱਤਰ ਕੇਏਪੀ ਸਿਨਹਾ, ਉਦਯੋਗ ਵਿਭਾਗ ਦੇ ਤੇਜਵੀਰ ਸਿੰਘ, ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾਂ, ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਕੰਪਨੀ ਦੇ ਪ੍ਰਬੰਧਕ ਆਦਿ ਵੀ ਸ਼ਾਮਲ ਸਨ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਸੂਬੇ ਵਿੱਚ ਟਾਟਾ ਸਟੀਲ, ਸਨਾਤਨ ਟੈਕਸਟਾਈਲ ਅਤੇ ਹੋਰ ਵਰਗੀਆਂ ਮੋਹਰੀ ਕੰਪਨੀਆਂ ਦੇ ਨਾਲ ਲਗਭਗ 86,000 ਕਰੋੜ ਰੁਪਏ ਦਾ ਨਿਵੇਸ਼ ਸੂਬੇ ਵਿੱਚ ਆ ਚੁੱਕਾ ਹੈ।
ਅੱਜ ਮੀਟਿੰਗ ਵਿੱਚ ਇਸ ਉਦਯੋਗਿਕ ਕੰਪਨੀ ਨੂੰ ਦਿੱਤੀਆਂ ਜਾਣ ਵਾਲੀਆਂ ਛੋਟਾਂ ਅਤੇ ਰਿਆਇਤਾਂ ਆਦਿ ਬਾਰੇ ਵੀ ਗੱਲਬਾਤ ਹੋਈ। ਮੁੱਖ ਮੰਤਰੀ ਨੇ ਅੱਜ ਗਰੁੱਪ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਸਨਅਤ ਸਥਾਪਤੀ ਲਈ ਹਰ ਪੱਖ ਤੋਂ ਸਹਿਯੋਗ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਉਦਯੋਗਿਕ ਧੁਰੇ ਵਜੋਂ ਤੇਜ਼ੀ ਨਾਲ ਉੱਭਰ ਰਹੇ ਸੂਬੇ ਵਿੱਚ ਨਿਵੇਸ਼ ਕਰਕੇ ਉੱਦਮੀਆਂ ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ।