ਮੁੱਖ ਮੰਤਰੀ ਨੇ ਸੀਵਰ ਸਾਫ਼ ਕਰਨ ਵਾਲੀ ਮਸ਼ੀਨ ਨੂੰ ਦਿੱਤੀ ਹਰੀ ਝੰਡੀ
ਮੁੱਖ ਮੰਤਰੀ ਨੇ ਨਗਰ ਨਿਗਮ ਲਈ 50 ਟਰੈਕਟਰ ਵੀ ਕੀਤੇ ਰਵਾਨਾ
ਗਗਨਦੀਪ ਅਰੋੜਾ
ਲੁਧਿਆਣਾ, 2 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਵਿੱਚ ਸੁਪਰ ਸਕਸ਼ਨ ਤੇ ਜੈਟਿੰਗ ਮਸ਼ੀਨ ਨੂੰ ਹਰੀ ਝੰਡੀ ਦਿੱਤੀ। 1.75 ਕਰੋੜ ਰੁਪਏ ਦੀ ਲਾਗਤ ਵਾਲੀ ਮਸ਼ੀਨ ਦੇ ਨਾਲ ਹੁਣ ਲੁਧਿਆਣਾ ਦੇ ਵੱਡੇ ਸੀਵਰੇਜ ਦੀਆਂ ਪਾਈਪਾਂ ਦੀ ਸਾਫ਼ ਸਫ਼ਾਈ ਹਾਈਟੈੱਕ ਤਰੀਕੇ ਨਾਲ ਕੀਤੀ ਜਾਵੇਗੀ ਜਿਸ ਨਾਲ ਸਨਅਤੀ ਸ਼ਹਿਰ ਦੇ ਲੋਕਾਂ ਨੂੰ ਸੀਵਰ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। ਇਸ ਮਸ਼ੀਨ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਹੁਣ ਕਿਸੇ ਵੀ ਵਿਅਕਤੀ ਨੂੰ ਸੀਵਰੇਜ ਅੰਦਰ ਉੱਤਰਨ ਦੀ ਲੋੜ ਨਹੀਂ ਹੋਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਨਗਰ ਨਿਗਮ ਲਈ 50 ਟਰੈਕਟਰਾਂ ਨੂੰ ਵੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ ਸ਼ਹਿਰ ਲਈ ਇਹ ਅਤਿ-ਆਧੁਨਿਕ ਸੁਪਰ ਸਕਸ਼ਨ ਤੇ ਜੈਟਿੰਗ ਮਸ਼ੀਨ 1.75 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਸ਼ਹਿਰ ’ਚ ਕਰੀਬ 200 ਕਿਲੋਮੀਟਰ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕੰਮ ਕਰਨ ਵਿਚ ਬਹੁਤ ਮਦਦਗਾਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਸੀਵਰੇਜ ਜਾਮ ਦੀ ਸਮੱਸਿਆ ਦੂਰ ਕਰਨ ਵਿਚ ਸਹਾਈ ਹੋਵੇਗੀ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ। ਇਸ ਤੋਂ ਪਹਿਲਾਂ ਨਗਰ ਨਿਗਮ ਇਹ ਮਸ਼ੀਨ ਕਿਰਾਏ ’ਤੇ ਲੈ ਕੇ ਕੰਮ ਕਰਦੀ ਸੀ ਜਿਸ ਲਈ ਹੁਣ ਤੱਕ ਕਰੋੜਾਂ ਰੁਪਏ ਸਿਰਫ਼ ਕਿਰਾਇਆ ਦਿੱਤਾ ਜਾ ਚੁੱਕਾ ਹੈ। ਹੁਣ ਇਸ ਮਸ਼ੀਨ ਦੇ ਖਰੀਦਣ ਤੋਂ ਬਾਅਦ ਜਿੱਥੇ ਜ਼ਰੂਰੀ ਹੋਵੇਗੀ, ਉਥੇ ਇਸ ਮਸ਼ੀਨ ਨੂੰ ਲਗਾ ਕੇ ਸਫ਼ਾਈ ਕੀਤੀ ਜਾ ਸਕੇਗੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਨਗਰ ਨਿਗਮ, ਲੁਧਿਆਣਾ ਨੇ 2.22 ਕਰੋੜ ਕਰੋੜ ਰੁਪਏ ਦੀ ਲਾਗਤ ਨਾਲ 50 ਟਰੈਕਟਰ ਖਰੀਦੇ ਹਨ। ਉਨ੍ਹਾਂ ਕਿਹਾ ਕਿ ਇਹ ਟਰੈਕਟਰ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਲਈ ਖਰੀਦੇ ਗਏ ਹਨ ਜਿਨ੍ਹਾਂ ਵਿਚ ਬੀ ਐਂਡ ਆਰ ਸ਼ਾਖਾ, ਓ ਐਂਡ ਐੱਮ ਸ਼ਾਖਾ, ਸਿਹਤ ਸ਼ਾਖਾ, ਬਾਗਬਾਨੀ ਸ਼ਾਖਾ ਸ਼ਾਮਲ ਹਨ। ਮਾਨ ਨੇ ਕਿਹਾ ਕਿ ਇਹ ਟਰੈਕਟਰ ਮਲਬਾ ਚੁੱਕਣ, ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕਰਨ, ਕੂੜਾ-ਕਰਕਟ ਚੁੱਕਣ ਤੇ ਹੋਰ ਕਾਰਜਾਂ ਲਈ ਵਰਤੇ ਜਾਣਗੇ।