For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਨੇ ਕੱਢੀ ਪੈਟਰੋਲ ਪੰਪਾਂ ਦੀ ਹਵਾ..!

06:12 AM Feb 03, 2025 IST
ਮੁੱਖ ਮੰਤਰੀ ਨੇ ਕੱਢੀ ਪੈਟਰੋਲ ਪੰਪਾਂ ਦੀ ਹਵਾ
ਕਾਰਟੂਨ: ਸੰਦੀਪ ਜੋਸ਼ੀ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 2 ਫਰਵਰੀ
ਮੁੱਖ ਮੰਤਰੀ ਦੇ ਦਬਕੇ ਨੇ ਤੇਲ ਪੰਪਾਂ ਦੇ ਬੰਦ ਪਏ ਪਖਾਨੇ ਖੁੱਲ੍ਹਵਾ ਦਿੱਤੇ ਹਨ ਅਤੇ ਇਨ੍ਹਾਂ ਪਖਾਨਿਆਂ ਦੀ ਫ਼ੌਰੀ ਸਫ਼ਾਈ ਵੀ ਹੋਣ ਲੱਗੀ ਹੈ। ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਫ਼ੌਰੀ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਕੁੱਝ ਤੇਲ ਪੰਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਗਈ ਹੈ।
ਹੋਇਆ ਇੰਝ ਕਿ ਮੁੱਖ ਮੰਤਰੀ ਭਗਵੰਤ ਮਾਨ 15 ਜਨਵਰੀ ਨੂੰ ਪਟਿਆਲਾ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਰਾਜਪੁਰਾ-ਪਟਿਆਲਾ ਦਰਮਿਆਨ ਇੱਕ ਪੈਟਰੋਲ ਪੰਪ ’ਤੇ ਰੁਕੇ ਤਾਂ ਗੰਨਮੈਨਾਂ ਨੇ ਦੇਖਿਆ ਕਿ ਪਖਾਨੇ ਗੰਦੇ ਸਨ। ਅਗਲੇ ਪੈਟਰੋਲ ਪੰਪ ’ਤੇ ਰੁਕੇ ਤਾਂ ਉੱਥੋਂ ਦੇ ਪਖਾਨੇ ਨੂੰ ਜਿੰਦਰਾ ਲੱਗਿਆ ਹੋਇਆ ਸੀ ਅਤੇ ਚਾਬੀ ਕਰਿੰਦੇ ਕੋਲ ਸੀ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਫ਼ੌਰੀ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਮੁੱਖ ਸਕੱਤਰ ਨੂੰ ਵੀ ਹਦਾਇਤ ਕੀਤੀ ਕਿ ਸਾਰੇ ਪੈਟਰੋਲ ਪੰਪਾਂ ’ਤੇ ਆਮ ਲੋਕਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਈਆਂ ਜਾਣ ਤਾਂ ਜੋ ਰਾਹਗੀਰਾਂ, ਖ਼ਾਸ ਕਰ ਕੇ ਔਰਤਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਪਤਾ ਲੱਗਿਆ ਹੈ ਕਿ ਜੇਬੀ ਫਿਊਲ ਪੁਆਇੰਟ, ਢੀਂਡਸਾ ਨੂੰ ਸਾਫ਼ ਸਫ਼ਾਈ ਅਤੇ ਏਅਰ ਮਸ਼ੀਨ ਵਰਕਿੰਗ ਨਾ ਹੋਣ ਕਰ ਕੇ 35 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ ਜਦੋਂ ਕਿ ਵਿਕਰਮ ਆਇਲ ਭਦਕ ਨੂੰ ਤਾੜਨਾ ਕੀਤੀ ਗਈ ਹੈ। ਤੇਲ ਕੰਪਨੀਆਂ ਨੇ ਵੀ ਤੇਲ ਪੰਪਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ।
ਪੰਜਾਬ ’ਚ ਕਰੀਬ ਚਾਰ ਹਜ਼ਾਰ ਪੈਟਰੋਲ ਪੰਪ ਹਨ, ਜਿਨ੍ਹਾਂ ’ਚੋਂ ਕਰੀਬ ਇੱਕ ਹਜ਼ਾਰ ਪੈਟਰੋਲ ਪੰਪ ਕੌਮੀ ਸ਼ਾਹਰਾਹਾਂ ’ਤੇ ਹਨ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦੇ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਕੁੱਝ ਪੈਟਰੋਲ ਪੰਪਾਂ ਵਾਲੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਤੇਲ ਪੰਪਾਂ ’ਤੇ ਜਨਤਕ ਸਹੂਲਤਾਂ ਵਰਤਣ ਦਿੰਦੇ ਹਨ ਜਿਹੜੇ ਕੇ ਉਨ੍ਹਾਂ ਦੇ ਪੰਪ ਤੋਂ ਤੇਲ ਪਵਾਉਂਦੇ ਹਨ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਕਿਹਾ ਕਿ ਪਖਾਨਿਆਂ ਨੂੰ ਲੱਗੇ ਤਾਲੇ ਖੁੱਲ੍ਹਵਾਏ ਜਾਣ ਅਤੇ ਸਾਰੀਆਂ ਸਹੂਲਤਾਂ ਲੋਕਾਂ ਨੂੰ ਮਿਲਣੀਆਂ ਯਕੀਨੀ ਬਣਾਈਆਂ ਜਾਣ। ਪਤਾ ਲੱਗਿਆ ਹੈ ਕਿ ਲਿੰਕ ਸੜਕਾਂ ’ਤੇ ਪੈਂਦੇ ਪੈਟਰੋਲ ਪੰਪਾਂ ’ਤੇ ਕਈ ਸਹੂਲਤਾਂ ਤਾਂ ਸਿਰਫ਼ ਕਾਗ਼ਜ਼ਾਂ ਵਿੱਚ ਹੀ ਹੁੰਦੀਆਂ ਹਨ। ਕੇਂਦਰ ਨੇ ਜਦੋਂ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਨ੍ਹਾਂ ਵਰ੍ਹਿਆਂ ਵਿੱਚ ਪੈਟਰੋਲ ਪੰਪਾਂ ਨੂੰ ਵੀ ਸਫ਼ਾਈ ਰੱਖਣ ਦੀ ਹਦਾਇਤ ਕੀਤੀ ਗਈ ਸੀ। ਕੌਮੀ ਸ਼ਾਹਰਾਹਾਂ ’ਤੇ ਪੈਂਦੇ ਪ੍ਰਮੁੱਖ ਪੈਟਰੋਲ ਪੰਪਾਂ ’ਤੇ ਤਾਂ ਜਨਤਕ ਸਹੂਲਤਾਂ ਹੁੰਦੀਆਂ ਹਨ ਜਦੋਂ ਕਿ ਕਈ ਪੈਟਰੋਲ ਪੰਪ ਇਸ ਪਾਸੇ ਧਿਆਨ ਹੀ ਨਹੀਂ ਦਿੰਦੇ ਹਨ। ਖੁਰਾਕ ਤੇ ਸਪਲਾਈ ਵਿਭਾਗ ਨੇ ਤੇਲ ਕੰਪਨੀਆਂ ਨਾਲ ਰਾਬਤਾ ਕਰ ਕੇ ਇਹ ਸਹੂਲਤਾਂ ਯਕੀਨੀ ਬਣਾਉਣ ਲਈ ਕਿਹਾ ਹੈ। ਕਈ ਥਾਵਾਂ ’ਤੇ ਚੈਕਿੰਗ ਦੌਰਾਨ ਸਭ ਸਹੂਲਤਾਂ ਠੀਕ ਵੀ ਪਾਈਆਂ ਗਈਆਂ ਹਨ।

Advertisement

ਪੈਟਰੋਲ ਪੰਪਾਂ ’ਤੇ ਹਰੇਕ ਸਹੂਲਤ ਮੌਜੂਦ: ਐਸੋਸੀਏਸ਼ਨ

ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੋਆਬਾ ਦਾ ਕਹਿਣਾ ਹੈ ਕਿ ਸਾਰੇ ਪੈਟਰੋਲ ਪੰਪਾਂ ’ਤੇ ਬੁਨਿਆਦੀ ਸਹੂਲਤਾਂ ਜਿਵੇਂ ਕਿ ਪੀਣ ਵਾਲਾ ਪਾਣੀ, ਪਖਾਨਾ, ਹਵਾ ਭਰਨ ਦੀ ਸੁਵਿਧਾ ਅਤੇ ਫ਼ਸਟ ਏਡ ਆਦਿ ਮੌਜੂਦ ਹੁੰਦੀਆਂ ਹਨ। ਜਿਨ੍ਹਾਂ ਦੋ ਪੈਟਰੋਲ ਪੰਪਾਂ ’ਤੇ ਕੁੱਝ ਕਮੀ ਪਾਈ ਗਈ ਹੈ, ਅਸਲ ਵਿੱਚ ਉੱਥੇ ਸਵੇਰ ਵੇਲੇ ਸਫ਼ਾਈ ਕਰਨ ਵਾਲਾ ਸਟਾਫ਼ ਪੁੱਜਿਆ ਨਹੀਂ ਸੀ। ਉਨ੍ਹਾਂ ਦੱਸਿਆ ਕਿ ਉਸ ਮਗਰੋਂ ਪੰਜਾਬ ਵਿੱਚ ਕਈ ਪੈਟਰੋਲ ਪੰਪਾਂ ਦੀ ਚੈਕਿੰਗ ਹੋਈ ਹੈ ਜਿੱਥੇ ਕੋਈ ਕਮੀ ਸਾਹਮਣੇ ਨਹੀਂ ਆਈ ਹੈ।

Advertisement

Advertisement
Author Image

sukhwinder singh

View all posts

Advertisement