For the best experience, open
https://m.punjabitribuneonline.com
on your mobile browser.
Advertisement

ਮੁੱਖ ਮੰਤਰੀ ਵੱਲੋਂ ਨਸ਼ਾ ਤਸਕਰਾਂ ਤੇ ਪੁਲੀਸ ਦਾ ਗੱਠਜੋੜ ਤੋੜਨ ਦਾ ਐਲਾਨ

06:37 AM Jun 19, 2024 IST
ਮੁੱਖ ਮੰਤਰੀ ਵੱਲੋਂ ਨਸ਼ਾ ਤਸਕਰਾਂ ਤੇ ਪੁਲੀਸ ਦਾ ਗੱਠਜੋੜ ਤੋੜਨ ਦਾ ਐਲਾਨ
ਮੁੱਖ ਮੰਤਰੀ ਭਗਵੰਤ ਮਾਨ ਜ਼ਿਲ੍ਹਾ ਪੁਲੀਸ ਕਪਤਾਨਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ’ਚੋਂ ਨਸ਼ਿਆਂ ਦੀ ਅਲਾਮਤ ਦੇ ਖ਼ਾਤਮੇ ਲਈ ਨਵੀਂ ਵਿਉਂਤਬੰਦੀ ਐਲਾਨਦੇ ਹੋਏ ਹੇਠਲੇ ਪੱਧਰ ’ਤੇ ਪੁਲੀਸ ਅਫ਼ਸਰਾਂ ਅਤੇ ਨਸ਼ਾ ਤਸਕਰਾਂ ਵਿਚਲੇ ਗੱਠਜੋੜ ਨੂੰ ਤੋੜਨ ਦਾ ਅਹਿਦ ਲਿਆ ਹੈ। ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਸਬਕ ਲੈਂਦਿਆਂ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਵਾਸਤੇ ਨਵੇਂ ਕਦਮ ਚੁੱਕਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਪੁਲੀਸ ਥਾਣਿਆਂ ’ਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਪੁਲੀਸ ਨੂੰ ਲੋਕ ਪੱਖੀ ਸਰੂਪ ਦੇਣ ਲਈ ਪੁਲੀਸ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਅੱਜ ਦੂਜੇ ਪੜਾਅ ਤਹਿਤ ਸੂਬੇ ਦੇ ਜ਼ਿਲ੍ਹਾ ਪੁਲੀਸ ਕਪਤਾਨਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨਵੇਂ ਪੁਲੀਸ ਸੁਧਾਰਾਂ ’ਤੇ ਚਰਚਾ ਵੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਇਕੱਲੇ ਨਸ਼ਾ ਤਸਕਰਾਂ ਦੀ ਨਹੀਂ ਬਲਕਿ ਤਸਕਰੀ ਵਿਚ ਸ਼ਾਮਲ ਪਾਏ ਗਏ ਪੁਲੀਸ ਮੁਲਾਜ਼ਮਾਂ ਦੀ ਜਾਇਦਾਦ ਵੀ ਜ਼ਬਤ ਹੋਵੇਗੀ। ਅਜਿਹੇ ਪੁਲੀਸ ਮੁਲਾਜ਼ਮਾਂ/ਅਫ਼ਸਰਾਂ ਨੂੰ ਨੌਕਰੀ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਗੁਜਰਾਤ ਤੋਂ ਆਉਂਦੇ ਹਨ ਪ੍ਰੰਤੂ ਇਸ ਮੁੱਦੇ ’ਤੇ ਸੂਬੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਅਧਿਕਾਰੀ ਮਿਸ਼ਨਰੀ ਭਾਵਨਾ ਨਾਲ ਨਸ਼ਿਆਂ ਖ਼ਿਲਾਫ਼ ਜੰਗ ਨੂੰ ਇੱਕ ਜਨਤਕ ਲਹਿਰ ਵਿਚ ਬਦਲਣ। ਉਨ੍ਹਾਂ ਦੱਸਿਆ ਕਿ ਤਸਕਰੀ ਲਈ ਡਰੋਨਾਂ ਦੀ ਵਰਤੋਂ ਕਰਨ ਵਾਲੇ ਤਸਕਰਾਂ, ਗੈਂਗਸਟਰਾਂ ਤੇ ਅਤਿਵਾਦੀਆਂ ਨਾਲ ਸਿੱਝਣ ਲਈ ਤਫ਼ਸੀਲ ਨਾਲ ਰਣਨੀਤੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਤਸਕਰੀ ਹੋਰਨਾਂ ਸੂਬਿਆਂ ਤੇ ਸਰਹੱਦ ਪਾਰੋਂ ਹੋ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਚੋਣ ਜ਼ਾਬਤੇ ਦੌਰਾਨ ਫੜੇ ਨਸ਼ਿਆਂ ਅਤੇ ਉਨ੍ਹਾਂ ਦੀ ਸਪਲਾਈ ਲਾਈਨ ਬਾਰੇ ਅਹਿਮ ਸੂਚਨਾਵਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੇ ਆਧਾਰ ’ਤੇ ਨਵੀਂ ਯੋਜਨਾਬੰਦੀ ਕੀਤੀ ਗਈ ਹੈ। ਪੁਲੀਸ ਮੁਲਾਜ਼ਮਾਂ ਦੀ ਤਸਕਰਾਂ ਨਾਲ ਗੰਢਤੁੱਪ ਦਾ ਪਤਾ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement

ਵਿਧਾਇਕਾਂ ਦੀ ਗੱਲ ਵੀ ਸੁਣੋ

ਮੁੱਖ ਮੰਤਰੀ ਨੇ ਪੁਲੀਸ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਕਿ ਚੁਣੇ ਹੋਏ ਵਿਧਾਇਕਾਂ ਅਤੇ ਪ੍ਰਤੀਨਿਧਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਦੱਸਣਯੋਗ ਹੈ ਕਿ ਪੁਲੀਸ ਅਫ਼ਸਰ ਵਿਧਾਇਕਾਂ ਨੂੰ ਟਿੱਚ ਕਰਕੇ ਜਾਣਦੇ ਸਨ ਅਤੇ ਬਹੁਤੇ ਵਿਧਾਇਕਾਂ ਨੇ ਪਹਿਲਾਂ ਵੀ ਮੁੱਖ ਮੰਤਰੀ ਨੂੰ ਪੁਲੀਸ ਅਫ਼ਸਰਾਂ ਦੇ ਇਸ ਰਵੱਈਏ ਤੋਂ ਜਾਣੂ ਕਰਾਇਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪੁਲੀਸ ਅਫ਼ਸਰ ਵਿਧਾਇਕਾਂ ਦੀ ਗੱਲ ਸੁਣਨ ਕਿਉਂਕਿ ਉਹ ਲੋਕਾਂ ਦੇ ਨੁਮਾਇੰਦੇ ਹਨ ਅਤੇ ਲੋਕ ਸਮੱਸਿਆਵਾਂ ਹੱਲ ਕਰਾਉਣਾ ਉਨ੍ਹਾਂ ਦਾ ਫ਼ਰਜ਼ ਵੀ ਹੈ।

Advertisement

ਪੁਲੀਸ ’ਚ 10 ਹਜ਼ਾਰ ਜਵਾਨ ਭਰਤੀ ਹੋਣਗੇ

ਮੁੱਖ ਮੰਤਰੀ ਨੇ ਪੰਜਾਬ ਪੁਲੀਸ ਵਿੱਚ 10 ਹਜ਼ਾਰ ਨਵੇਂ ਪੁਲੀਸ ਮੁਲਾਜ਼ਮ ਭਰਤੀ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਭਰਤੀ ਜ਼ਰੀਏ ਜਿੱਥੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਉੱਥੇ ਸੂਬੇ ਵਿੱਚ ਅਪਰਾਧ ਰੋਕਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਕੀਤਾ ਜਾ ਰਿਹਾ ਹੈ। ਸੜਕ ਸੁਰੱਖਿਆ ਫੋਰਸ ਨਾਲ ਕੀਮਤੀ ਜਾਨਾਂ ਬਚਣ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਇੱਕੋ ਥਾਂ ’ਤੇ ਤਾਇਨਾਤੀ ਵਾਲੇ ਕਰੀਬ 10 ਹਜ਼ਾਰ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਪ੍ਰਕਿਰਿਆ ਜਾਰੀ ਹੈ।

Advertisement
Author Image

sukhwinder singh

View all posts

Advertisement