For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਘਿਓ-ਖਿਚੜੀ ਹੋਣ ਦੇ ਰੌਂਅ ’ਚ

08:47 AM Aug 31, 2024 IST
ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਘਿਓ ਖਿਚੜੀ ਹੋਣ ਦੇ ਰੌਂਅ ’ਚ
ਰਾਜਪਾਲ ਗੁਲਾਬ ਚੰਦ ਕਟਾਰੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੁਰਾਣੀ ਤਸਵੀਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਅਤੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਭਲਕੇ ਪਹਿਲਾ ਹਵਾਈ ਸਫ਼ਰ ਇਕੱਠੇ ਕਰਨਗੇ। ਮੁੱਖ ਮੰਤਰੀ ਰਾਜ ਭਵਨ ਨਾਲ ਕਿਸੇ ਤਰ੍ਹਾਂ ਦੀ ਕੋਈ ਤਲਖ਼ੀ ਨਹੀਂ ਚਾਹੁੰਦੇ ਜਿਸ ਕਰਕੇ ਉਨ੍ਹਾਂ ਨੇ ਰਾਜਪਾਲ ਨਾਲ ਭਲਕੇ ਇਕੱਠੇ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਣ ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸੂਬਾ ਸਰਕਾਰ ਦਾ ਹੈਲੀਕਾਪਟਰ ਵਰਤਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਸੂਬਾ ਸਰਕਾਰ ਨਾਲ ਛੱਤੀ ਦਾ ਅੰਕੜਾ ਰਿਹਾ ਸੀ।
ਮੁੱਖ ਮੰਤਰੀ ਅਤੇ ਰਾਜ ਭਵਨ ਦਰਮਿਆਨ ਹੁਣ ਸੁਖਾਵੇਂ ਸਬੰਧਾਂ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ। ਭਲਕੇ ਕਰੀਬ ਸਵੇਰੇ 11 ਵਜੇ ਮੁੱਖ ਮੰਤਰੀ ਅਤੇ ਰਾਜਪਾਲ ਇਕੱਠੇ ਇੱਥੋਂ ਅੰਮ੍ਰਿਤਸਰ ਲਈ ਰਵਾਨਾ ਹੋਣਗੇ। ਕੁਝ ਦਿਨ ਪਹਿਲਾਂ ਵੀ ਦੋਵੇਂ ਹਸਤੀਆਂ ਵੱਲੋਂ ਅੰਮ੍ਰਿਤਸਰ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਪ੍ਰੰਤੂ ਉਸ ਦਿਨ ਮੌਸਮ ਦੀ ਖ਼ਰਾਬੀ ਕਰਕੇ ਦੌਰਾ ਟਾਲਣਾ ਪਿਆ ਸੀ। ਹਾਲਾਂਕਿ ਰਾਜਪਾਲ ਵੱਲੋਂ ਪਿਛਲੇ ਦਿਨੀਂ ਵਿਭਾਗੀ ਸਕੱਤਰਾਂ ਦੀ ਮੀਟਿੰਗ ਬੁਲਾਏ ਜਾਣ ਤੋਂ ਕਈ ਤਰ੍ਹਾਂ ਦੇ ਕਿਆਸ ਲੱਗ ਰਹੇ ਸਨ। ਪਿਛਲੇ ਦਿਨੀਂ ਜਦੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਉਦੈਪੁਰ ਵਿਚ ਸਨ ਤਾਂ ਉਨ੍ਹਾਂ ਨੂੰ ਸਿਹਤ ਦੀ ਸਮੱਸਿਆ ਆ ਗਈ ਸੀ। ਉਸ ਵੇਲੇ ਮੁੱਖ ਮੰਤਰੀ ਨੇ ਬਕਾਇਦਾ ਫ਼ੋਨ ਕਰਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਸੀ। ਹੁਣ ਤੱਕ ਪੰਜਾਬ ਸਰਕਾਰ ਵੱਲੋਂ ਰਾਜ ਭਵਨ ਨੂੰ ਜੋ ਵੀ ਫਾਈਲਾਂ ਭੇਜੀਆਂ ਗਈਆਂ ਹਨ, ਉਨ੍ਹਾਂ ਨੂੰ ਰਾਜਪਾਲ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਪਿਛਲੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜਦੋਂ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਸ਼ੁਰੂ ਕੀਤੇ ਸਨ ਤਾਂ ਉਸ ਵਕਤ ਵੀ ਮੁੱਖ ਮੰਤਰੀ ਉਨ੍ਹਾਂ ਨਾਲ ਗਏ ਸਨ।
ਕੁੱਝ ਦਿਨ ਪਹਿਲਾਂ ਜਦੋਂ ਮੀਡੀਆ ਨੇ ਮੁੱਖ ਮੰਤਰੀ ਨੂੰ ਰਾਜਪਾਲ ਵੱਲੋਂ ਵਿਭਾਗੀ ਸਕੱਤਰਾਂ ਦੀ ਮੀਟਿੰਗ ਬੁਲਾਏ ਜਾਣ ਬਾਰੇ ਸੁਆਲ ਕੀਤੇ ਤਾਂ ਮੁੱਖ ਮੰਤਰੀ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ ਸੀ। ਪੰਜਾਬ ਵਿਧਾਨ ਸਭਾ ਦਾ 2 ਸਤੰਬਰ ਨੂੰ ਮੌਨਸੂਨ ਸੈਸ਼ਨ ਹੋ ਰਿਹਾ ਹੈ, ਜਿਸ ਵਿਚ ਰਾਜਪਾਲ ਤਰਫ਼ੋਂ ਅਜਿਹਾ ਕੋਈ ਵੀ ਅੜਿੱਕਾ ਖੜ੍ਹਾ ਨਹੀਂ ਕੀਤਾ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਜ ਭਵਨ ਸਹਿਯੋਗੀ ਰੌਂਅ ਵਿਚ ਹੈ ਅਤੇ ਸੂਬਾ ਸਰਕਾਰ ਆਪਣੀ ਤਰਫ਼ੋਂ ਅਜਿਹਾ ਕੋਈ ਮੌਕਾ ਨਹੀਂ ਦੇਵੇਗੀ ਕਿ ਦੋਵੇਂ ਧਿਰਾਂ ਵਿਚ ਕੋਈ ਟਕਰਾਅ ਬਣੇ। ਬਾਕੀ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਸਾਫ਼ ਹੋ ਜਾਵੇਗੀ।

Advertisement
Advertisement
Author Image

sukhwinder singh

View all posts

Advertisement