ਸਵੱਲੜਾ ਰਾਹ
ਰਸ਼ਪਿੰਦਰ ਪਾਲ ਕੌਰ
ਮਾਸੀ ਨੂੰ ਮਿਲਣ ਦਾ ਮਨ ਬਣਿਆ। ਘਰ ਪਰਿਵਾਰ ਦੇ ਸਾਰੇ ਕੰਮ ਧੰਦੇ ਛੱਡ ਮਾਸੀ ਦੇ ਪਿੰਡ ਵਾਲੀ ਬੱਸ ਫੜ ਲਈ। ਬੱਸ ’ਚ ਬੈਠਿਆਂ ਬਚਪਨ ’ਚ ਮਾਸੀ ਨਾਲ ਬਿਤਾਏ ਪਲ ਜਾਗਣ ਲੱਗੇ। ਜਦ ਵੀ ਨਾਨਕੇ ਜਾਣਾ, ਮਾਸੀ ਉਡੀਕਦੀ ਹੁੰਦੀ। ਚਾਹ ਪਾਣੀ ਤੋਂ ਵਿਹਲੇ ਹੋ ਮੇਰੀ ਉਂਗਲ ਫੜ ਲਿਜਾਂਦੀ। ਘਰ ਦੇ ਸਾਹਮਣੇ ਸਰੋਂ ਦੇ ਖੇਤ ਦੀਆਂ ਪਗਡੰਡੀਆਂ ’ਤੇ ਤੋਰਦੀ। ਫੁੱਲਾਂ ’ਤੇ ਤਿਤਲੀਆਂ ਨਾਲ ਮਿਲਾਉਂਦੀ। ਅਜਿਹੇ ਰੰਗਾਂ ’ਚ ਰਹਿਣਾ ਮਨ ਨੂੰ ਭਾਉਂਦਾ। ਰਾਤ ਪੈਂਦੀ ਤਾਂ ਨਾਨੀ ਕੋਲ ਜਾ ਬਿਠਾਉਂਦੀ। ਬਾਤਾਂ ਸੁਣਦਿਆਂ ਨੀਂਦ ਦੀ ਗੋਦ ਦਾ ਨਿੱਘ ਮਿਲਦਾ।
ਵਕਤ ਬਦਲਿਆ। ਸਕੂਲ ਕਾਲਜ ਦੀ ਪੜ੍ਹਾਈ ਕਰਦਿਆਂ ਰੁਜ਼ਗਾਰ ਮਿਲਿਆ। ਮਾਸੀ ਪੰਜ ਸੱਤ ਜਮਾਤਾਂ ਪੜ੍ਹੀ। ਫਿਰ ਵਿਆਹੀ ਗਈ। ਹੁਣ ਘਰ ਪਰਿਵਾਰ ਤੇ ਪੁੱਤ, ਪੋਤਰੀਆਂ ਵਾਲੀ ਹੈ। ਉਸ ਨਾਲ ਦੁਖ ਸੁਖ ਦੇ ਮੌਕਿਆਂ ’ਤੇ ਹੀ ਮੇਲ ਹੁੰਦਾ। ਮਾਸੀ ਦੇ ਘਰ ਪਹੁੰਚੀ ਤਾਂ ਉਹ ਘਰ ਨਹੀਂ ਮਿਲੀ। ਨੂੰਹ ਨੇ ਦੱਸਿਆ ਕਿ ਬੇਜੀ ਤਾਂ ਮੁਹੱਲੇ ਦੀਆਂ ਸੁਆਣੀਆਂ ਨਾਲ ਧਰਮਸ਼ਾਲਾ ਵਿਚ ਲੰਗਰ ਸੇਵਾ ਲਈ ਗਏ ਨੇ। ਘਰੋਂ ਚਾਹ ਪਾਣੀ ਪੀ ਮੈਂ ਮਾਸੀ ਨੂੰ ਮਿਲਣ ਲਈ ਧਰਮਸ਼ਾਲਾ ਵੱਲ ਹੋ ਤੁਰੀ।
ਦਰਜਨ ਭਰ ਔਰਤਾਂ ਲੋਹ ’ਤੇ ਰੋਟੀ ਪਕਾਉਣ ਵਿਚ ਜੁਟੀਆਂ ਨਜ਼ਰ ਆਈਆਂ। ਸਰੋਂ ਫੁੱਲੀਆਂ ਪੱਗਾਂ ਤੇ ਪਰਨਿਆਂ ਵਾਲੇ ਨੌਜਵਾਨ ਦਾਲ ਸਬਜ਼ੀ ਬਣਾ ਰਹੇ ਸਨ। ਇੱਕ ਪਾਸੇ ਟੂਟੀਆਂ ਕੋਲ ਬੈਠੇ ਬਾਪੂ ਭਾਂਡੇ ਧੋਣ ਦੀ ਸੇਵਾ ਵਿਚ ਲੱਗੇ ਸਨ। ਠੰਢ ਵਿਚ ਸਾਂਝੇ ਕੰਮ ਲੱਗੀਆਂ ਔਰਤਾਂ ਵਿਚੋਂ ਉੱਠ ਕੇ ਮਾਸੀ ਮੇਰੇ ਕੋਲ ਆ ਗਈ। ਪਿਆਰ ਨਾਲ ਸਿਰ ਪਲੋਸਿਆ ਤੇ ਕਲਾਵੇ ਵਿਚ ਲੈ ਲਿਆ। ਘਰ ਪਰਿਵਾਰ ਦੀ ਰਾਜ਼ੀ ਖੁਸ਼ੀ ਪੁੱਛ ਚਾਹ ਮੰਗਵਾ ਲਈ। ਕਹਿਣ ਲੱਗੀ, “ਧੀਏ, ਘਰ ਦਾ ਕੰਮ ਤਾਂ ਕਰਦੇ ਈ ਰਹੀਦਾ; ਸੋਚਿਆ, ਸਾਂਝੇ ਪੁੰਨ ਦੇ ਕੰਮ ਵਿਚ ਵੀ ਹੱਥ ਵਟਾ ਦੇਵਾਂ। ਏਥੇ ਸਮਾਂ ਵੀ ਚੰਗਾ ਲੰਘ ਜਾਂਦਾ। ਨਾਲੇ ਨਵੀਆਂ, ਚੰਗੀਆਂ ਗੱਲਾਂ ਦਾ ਪਤਾ ਲਗਦਾ ਰਹਿੰਦਾ।”
ਫਿਰ ਬੋਲੇ, “ਪੁੱਤ, ਸਾਡੇ ਪਿੰਡ ਆਲੇ ਮੰਤਰੀ ਦੇ ਘਰ ਮੂਹਰੇ ਮਜ਼ਦੂਰਾਂ ਦੇ ਮੋਰਚੇ ਨੇ ਤਿੰਨ ਦਿਨਾਂ ਦਾ ਧਰਨਾ ਲਾਇਆ। ਕਹਿੰਦੇ, ਜਦੋਂ ਦੀ ਸਰਕਾਰ ਬਣੀ ਆ, ਸਾਡੀ ਕੋਈ ਸਾਰ ਨ੍ਹੀਂ ਲਈ। ਕਿਸਾਨ ਯੂਨੀਅਨ ਸਦਕਾ ਸਾਡੇ ਪਿੰਡ ਮਜ਼ਦੂਰਾਂ ਕਿਸਾਨਾਂ ਵਿਚ ਬਹੁਤ ’ਤਫਾਕ ਐ। ਸੁਖ ਦੁਖ ਵਿਚ ਇੱਕ ਦੂਜੇ ਨਾਲ ਨਿਭਦੇ ਆ। ਯੂਨੀਅਨ ਆਲੇ ਮੁੰਡਿਆਂ ਨੇ ਇਹ ਫੈਸਲਾ ਕੀਤਾ ਕਿ ਆਪਾਂ ਮਜ਼ਦੂਰਾਂ ਦੇ ਧਰਨੇ ਵਿਚ ਕਿਸਾਨਾਂ ਵੱਲੋਂ ਲੰਗਰ ਲਾਉਣਾ। ਸਾਰਿਆਂ ਨੇ ਹਾਮੀ ਭਰ ਦਿੱਤੀ। ਜਦੋਂ ਖੇਤਾਂ ਵਿਚ ’ਕੱਠੇ ਕੰਮ ਕਰਨਾ, ਔਖ ਸੌਖ ਵੀ ਮਿਲ ਕੇ ਝੱਲਣੀ ਚਾਹੀਦੀ। ਲੋੜ ਵੇਲੇ ਨਾਲ ਖੜ੍ਹਨਾ ਸ਼ੋਭਦਾ ਵੀ ਹੈ। ਆਪਣੇ ਵੱਡ ਵਡੇਰਿਆਂ ਨੇ ਇਹੋ ਸਿੱਖਿਆ ਦਿੱਤੀ ਆ।”
ਮਾਸੀ ਦੇ ਬੋਲਾਂ ਨੇ ਦਿੱਲੀ ਮੋਰਚੇ ਦੀ ਯਾਦ ਦਿਵਾ ਦਿੱਤੀ। ਨਰਮੇ ਦੇ ਫੁੱਟ ਚੁਗਦੀਆਂ ਮਾਵਾਂ ਦੇ ਹੱਥਾਂ ਵਿਚ ਕਿਸਾਨੀ ਝੰਡੇ। ਦਿੱਲੀ ਤੇ ਬਾਰਡਰਾਂ ਤੇ ਸਵੇਰ ਸ਼ਾਮ ਬਲਦੇ ਚੁੱਲ੍ਹਿਆਂ ਦਾ ਚਾਨਣ ਦੇਸ-ਦੁਨੀਆ ਦੇ ਮਨ ਰੁਸ਼ਨਾ ਗਿਆ। ਕਿਸਾਨ ਦਿਨ ਭਰ ਦੇ ਧਰਨਿਆਂ ਤੋਂ ਬਾਅਦ ਲੰਗਰ ਬਣਾਉਣ ਵਿਚ ਜੁਟ ਜਾਂਦੇ। ਮਰਦ ਚੁੱਲ੍ਹਾ ਚੌਂਕਾ ਸਾਂਭਦੇ। ਔਰਤਾਂ ਨਾਲ ਲਗਦੀਆਂ। ਸਾਰੇ ਮਿਲ ਬੈਠ ਕੇ ਖਾਂਦੇ। ਆਸ ਪਾਸ ਰਹਿੰਦੇ ਕਿਰਤੀ ਕਾਮੇ ਕਿਸਾਨ ਲੰਗਰਾਂ ਵਿਚੋਂ ਖਾਣਾ ਖਾਂਦੇ। ਉਨ੍ਹਾਂ ਨਿੱਕੇ ਨਿਆਣੇ ਵੀ ਸਵੇਰ ਸ਼ਾਮ ਉੱਥੋਂ ਹੀ ਰੋਟੀ ਪਾਣੀ ਛਕਦੇ। ਕਿਰਤੀਆਂ ਦੀ ਇਸ ਸਾਂਝ ਨੇ ਕੁੱਲ ਦੁਨੀਆ ਦਾ ਦਿਲ ਜਿੱਤਿਆ।
ਪੀਲੇ ਪਰਨੇ ਵਾਲਾ ਜਵਾਨ ਸਾਡੇ ਲਈ ਦੁਬਾਰਾ ਚਾਹ ਲਿਆਇਆ। ਉਸ ਦੇ ਬੋਲਾਂ ਵਿਚ ਚੇਤਨਾ ਦੀ ਲੋਅ ਨਜ਼ਰ ਆਈ। ਕਹਿਣ ਲੱਗਾ, “ਭੈਣੇ, ਤੁਸੀਂ ਤਾਂ ਪੜ੍ਹੇ ਲਿਖੇ ਓ। ਤੁਹਾਨੂੰ ਸਾਡੇ ਨਾਲੋਂ ਜਿ਼ਆਦਾ ਪਤਾ। ਕਿਰਤ ਕਰਨ ਵਾਲੇ ਲੋਕਾਂ ਦੀ ਸਾਂਝ ਵਕਤ ਦੀ ਲੋੜ ਏ। ਇਹ ਸਾਂਝ ਹੀ ਮਿਹਨਤ ਕਰਨ ਵਾਲਿਆਂ ਦਾ ਭਵਿੱਖ ਏ। ਇਸ ਨੂੰ ਜਿੰਨਾ ਪਕੇਰਾ ਕਰਦੇ ਜਾਵਾਂਗੇ, ਸਾਡੇ ਲਈ ਜਿੱਤ ਦੇ ਰਾਹ ਖੁੱਲ੍ਹਦੇ ਜਾਣਗੇ। ਮੈਂ ਧਰਨੇ ਵਿਚ ਲੰਗਰ ਵਰਤਾਉਣ ਵੀ ਜਾਨਾ ਰਹਿਨਾ। ਦੂਰ ਦੁਰਾਡੇ ਪਿੰਡਾਂ ਤੋਂ ਆਏ ਖ਼ੇਤ ਮਜ਼ਦੂਰ ਅਪਣਤ ਨਾਲ ਮਿਲਦੇ। ਸਾਡੇ ਸਹਿਯੋਗ ਤੋਂ ਸਦਕੇ ਜਾਂਦੇ। ਜ਼ਮੀਨਾਂ ਤੋਂ ਵਿਹੂਣੇ ਇਹ ਕਿਰਤੀ ਤਾਂ ਬੇਜ਼ਮੀਨੇ ਕਿਸਾਨ ਨੇ। ਕਿਸਾਨ ਲਹਿਰ ਦਾ ਹੀ ਅੰਗ ਨੇ। ਸਿਰੜ, ਸਿਦਕ ਤੇ ਸਬਰ ਦੇ ਸੰਗ ਸਾਥ ਜਿਊਂਦੇ। ਜਿਨ੍ਹਾਂ ਦੀਆਂ ਕਮਾਈਆਂ ਨੇ ਦੇਸ-ਦੁਨੀਆ ਦੇ ਅੰਨ ਭੰਡਾਰ ਭਰੇ ਪਰ ਕਿਸੇ ਨੇ ਏਹਨਾਂ ਦੀ ਕਿਰਤ ਦਾ ਮੁੱਲ ਨੀ ਪਾਇਆ।” ਇਹ ਆਖਦਾ ਨੌਜਵਾਨ ਉੱਠਿਆ ਤੇ ਲੰਗਰ ਵਰਤਾਉਣ ਚਲਾ ਗਿਆ।
ਮਾਸੀ ਕੋਲ ਬੈਠਿਆਂ ਸੂਰਜ ਢਲਣ ਲੱਗਾ ਸੀ। ਉੱਥੋਂ ਉੱਠਣ ਨੂੰ ਦਿਲ ਨਹੀਂ ਸੀ ਕਰਦਾ। ਨੌਜਵਾਨ ਦੀਆਂ ਗੱਲਾਂ ਵਿਚ ਜਿ਼ੰਦਗ਼ੀ ਦਾ ਗੂੜ੍ਹ ਗਿਆਨ ਸੀ। ਮੈਨੂੰ ਲੰਗਰ ਬਣਾਉਣ ਵਿਚ ਜੁਟੇ ਨੌਜਵਾਨ ਤੇ ਔਰਤਾਂ ਜਿ਼ੰਦਗੀ ਦੇ ਅਧਿਆਪਕ ਜਾਪੇ ਜਿਹੜੇ ਸਾਂਝ, ਏਕੇ ਤੇ ਮਿਲ ਕੇ ਤੁਰਨ ਦਾ ਪਾਠ ਪੜ੍ਹਾ ਰਹੇ ਸਨ। ਉਨ੍ਹਾਂ ਦੇ ਹੱਥਾਂ ਦਾ ਸੁਹਜ ਤੇ ਮਨਾਂ ਦਾ ਉਤਸ਼ਾਹ ਪ੍ਰੇਰਨਾ ਦਾ ਲਖਾਇਕ ਸੀ। ਮਜ਼ਦੂਰਾਂ ਦੇ ਇਕੱਠਾਂ ਵਿਚ ਕਿਸਾਨਾਂ ਦੇ ਲੰਗਰ। ਇਹ ਨਰੋਈ ਪਿਰਤ ਮਨ ਰੁਸ਼ਨਾ ਗਈ। ਇਹੋ ਤਾਂ ਜੀਵਨ ਦਾ ਸੱਚਾ ਮਾਰਗ ਹੈ। ਜਾਤ, ਧਰਮ, ਗੋਤ, ਰੰਗ, ਨਸਲ ਦੇ ਵਿਤਕਰਿਆਂ ਤੋਂ ਮੁਕਤ ਸੁਵੱਲੜਾ ਰਾਹ ਜਿਸ ’ਤੇ ਹੱਕ ਸੱਚ ਤੇ ਜਿੱਤ ਦੀ ਇਬਾਰਤ ਉੱਕਰੀ ਹੈ।
ਮਾਸੀ ਦੇ ਪਿੰਡੋਂ ਪ੍ਰੇਰਨਾ ਲੈ ਸਕੂਨ ਨਾਲ ਘਰ ਪਰਤਦੀ ਹਾਂ।
ਸੰਪਰਕ: rashpinderpalkaur@gmail.com