For the best experience, open
https://m.punjabitribuneonline.com
on your mobile browser.
Advertisement

ਬੰਦ ਘਰ ’ਚੋਂ ਔਰਤ ਦੀ ਗਲੀ ਸੜੀ ਲਾਸ਼ ਬਰਾਮਦ

10:27 AM Apr 01, 2024 IST
ਬੰਦ ਘਰ ’ਚੋਂ ਔਰਤ ਦੀ ਗਲੀ ਸੜੀ ਲਾਸ਼ ਬਰਾਮਦ
ਤਫਤੀਸ਼ ਲਈ ਪੁੱਜੇ ਪੁਲੀਸ ਅਧਿਕਾਰੀ।
Advertisement

ਪੱਤਰ ਪ੍ਰੇਰਕ
ਜਲੰਧਰ, 31 ਮਾਰਚ
ਇਥੋਂ ਦੇ ਡਿਵੀਜ਼ਨ ਨੰਬਰ-1 ਤਹਿਤ ਪੈਂਦੇ ਸੀਤਲ ਨਗਰ ਦੇ ਤਾਲਾਬੰਦ ਘਰ ’ਚੋਂ ਭੇਤਭਰੀ ਹਾਲਾਤ ’ਚ ਅਰਧ ਨਗਨ ਹਾਲਤ ’ਚ ਔਰਤ ਦੀ ਗਲੀ ਸੜੀ ਲਾਸ਼ ਮਿਲੀ ਹੈ। ਬਦਬੂ ਆਉਣ ਦੌਰਾਨ ਉਸੇ ਮਕਾਨ ਵਿੱਚ ਉਪਰ ਵਾਲੇ ਕਮਰੇ ਵਿੱਚ ਰਹਿ ਰਹੇ ਕਿਰਾਏਦਾਰ ਹਰਬੀਰ ਸਿੰਘ ਨੇ ਮਕਾਨ ਨੂੰ ਸੂਚਨਾ ਦਿੱਤੀ। ਮਕਾਨ ਮਾਲਕ ਵੱਲੋਂ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਆਰੰਭ ਕੀਤੀ। ਫਿਲਹਾਲ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ। ਪੁਲੀਸ ਵਲੋਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੇ ਸਿਰ ’ਤੇ ਸੱਟ ਦੇ ਨਿਸ਼ਾਨ ਹਨ। ਲਾਸ਼ ’ਚ ਕੀੜੇ ਪੈ ਚੁੱਕੇ ਹਨ ਅਤੇ ਉਸ ਦੇ ਸਰੀਰ ਵਿੱਚੋਂ ਬਦਬੂ ਆ ਰਹੀ ਹੈ। ਪੁਲੀਸ ਨੇ ਦੱਸਿਆ ਕਿ ਵੇਖਣ ’ਤੇ ਉਹ ਪ੍ਰਵਾਸੀ ਲੱਗ ਰਹੀ ਹੈ ਅਤੇ ਉਸ ਦੀ ਉਮਰ ਤਕਰੀਬਨ 35 ਤੋਂ 40 ਸਾਲ ਤੱਕ ਦੀ ਲੱਗ ਰਹੀ ਹੈ। ਬਸਤੀ ਗੁਜਾਂ ਦੇ ਰਹਿਣ ਵਾਲੇ ਸੀਤਲ ਨਗਰ ਵਿੱਚ ਡਿੱਪੂ ਹੋਲਡਰ ਦਾ ਕੰਮ ਕਰਦੇ ਮਕਾਨ ਮਾਲਕ ਨਰਿੰਦਰ ਕੁਮਾਰ ਨੇ ਦੱਸਿਆ ਕਿ ਕਿਰਾਏ ਦੇ ਮਕਾਨ ਦੇ ਨਾਲ ਲੱਗਦੇ ਮਕਾਨ ਵਿੱਚ ਉਨ੍ਹਾਂ ਦੀ ਰਿਸ਼ਤੇਦਾਰ ਔਰਤ ਨੇ ਉਨ੍ਹਾਂ ਨੂੰ ਦੱਸਿਆ ਕਿ ਸ਼ਨਿੱਚਵਾਰ ਨੂੰ ਉਸ ਕੋਲ ਇੱਕ ਮਰਦ ਅਤੇ ਔਰਤ ਬੱਚੇ ਸਮੇਤ ਆਏ ਸੀ ਜੋ ਆਪਣੇ ਆਪ ਨੂੰ ਪਤੀ-ਪਤਨੀ ਕਹਿ ਰਹੇ ਸਨ। ਉਨ੍ਹਾਂ ਨੇ ਉਸ ਕੋਲ ਆ ਕੇ ਕਿਰਾਏ ਲਈ ਕਮਰੇ ਦੀ ਮੰਗ ਕੀਤੀ ਤੇ ਕਿਹਾ ਕਿ ਉਨ੍ਹਾਂ ਦਾ ਬੱਚਾ ਬਿਮਾਰ ਹੈ ਅਤੇ ਉਨ੍ਹਾਂ ਨੇ ਬੱਚੇ ਦਾ ਇਲਾਜ ਜਲੰਧਰ ਵਿੱਚ ਕਰਵਾਉਣਾ ਹੈ। ਇਸ ਲਈ ਉਨ੍ਹਾਂ ਨੂੰ ਕੁਝ ਦਿਨਾਂ ਲਈ ਮਕਾਨ ਕਿਰਾਏ ਲਈ ਦੇ ਦਿੱਤਾ ਜਾਵੇ। ਕਿਰਨ ਬਾਲਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ 23 ਮਾਰਚ ਨੂੰ ਕਿਰਾਏ ਲਈ ਕਮਰਾ ਦੇ ਦਿੱਤਾ ਸੀ ਤੇ ਉਕਤ ਵਿਅਕਤੀ ਸੋਮਵਾਰ ਨੂੰ ਉਸ ਨੂੰ ਦੱਸ ਕੇ ਗਿਆ ਕਿ ਉਹ ਬੱਚੇ ਦੀ ਦਵਾਈ ਲੈਣ ਜਾ ਰਹੇ ਹਨ। ਇਸ ਉਪਰੰਤ ਬੀਤੇ ਦਿਨੀਂ ਉਸੇ ਹੀ ਮਕਾਨ ਵਿੱਚ ਉਪਰ ਵਾਲੇ ਹਿੱਸੇ ਵਿੱਚ ਰਹਿ ਰਹੇ ਕਿਰਾਏਦਾਰ ਜਦ ਆਪਣੇ ਪਰਿਵਾਰ ਸਮੇਤ ਪਿੰਡ ਤੋਂ ਵਾਪਸ ਆਇਆ ਤਾਂ ਉਸ ਨੇ ਦਸਿਆ ਕਿ ਹੇਠਲੇ ਕਮਰੇ ਵਿੱਚੋਂ ਬਦਬੂ ਆ ਰਹੀ ਹੈ। ਜਿਸ ਦੀ ਜਾਣਕਾਰੀ ਮਕਾਨ ਮਾਲਕ ਨੂੰ ਦਿੱਤੀ। ਇਸੇ ਦੌਰਾਨ ਮੁਹੱਲੇ ਵਾਲੇ ਵੀ ਇੱਕਠੇ ਹੋ ਗਏ ਤੇ ਜੱਦ ਉਨ੍ਹਾਂ ਰੋਸ਼ਨਦਾਨ ਰਾਹੀਂ ਕਮਰੇ ਦੇ ਅੰਦਰ ਦੇਖਿਆ ਤਾਂ ਉਥੇ ਇੱਕ ਲਾਸ਼ ਪਈ ਸੀ। ਮੌਕੇ ’ਤੇ ਪੁੱਜੇ ਥਾਣਾ-1 ਦੇ ਥਾਣੇਦਾਰ ਸ਼ਾਮ ਜੀ ਲਾਲ ਸਮੇਤ ਪੁਲੀਸ ਪਾਰਟੀ ਵੱਲੋਂ ਕਮਰੇ ਦਾ ਤਾਲਾ ਤੋੜ ਕੇ ਲਾਸ਼ ਕੱਢੀ ਗਈ। ਥਾਣਾ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਕੰਬੋਜ ਵੱਲੋਂ ਕਿਰਾਏ ’ਤੇ ਕਮਰਾ ਦੇਣ ਵਾਲੀ ਔਰਤ ਕੋਲੋਂ ਗੰਭੀਰਤਾ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×