ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਖਟਕੜ ਕਲਾਂ
ਸੁਰਜੀਤ ਮਜਾਰੀ
ਬੰਗਾ, 28 ਸਤੰਬਰ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਅੱਜ ਖਟਕੜ ਕਲਾਂ ਪੁੱਜ ਕੇ ਵਿਦਿਆਰਥੀਆਂ ਦੇ ਕਾਫ਼ਲੇ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਪੁੱਜੇ ਸੈਂਕੜੇ ਵਿਦਿਆਰਥੀਆਂ ਨੇ ਪਿੰਡ ਅੰਦਰ ਰੈਲੀ ਕਰਨ ਮਗਰੋਂ ਸ਼ਹੀਦ ਦੇ ਜੱਦੀ ਘਰ ਤੱਕ ਮਾਰਚ ਕੀਤਾ। ਇਨਕਲਾਬ-ਜ਼ਿੰਦਾਬਾਦ ਤੇ ਸਾਮਰਾਜਵਾਦ-ਮੁਰਦਾਬਾਦ ਦੇ ਨਾਅਰਿਆਂ ਨਾਲ ਪਿੰਡ ਦੀਆਂ ਗਲੀਆਂ ਗੂੰਜ ਉੱਠੀਆਂ। ਵਿਦਿਆਰਥੀਆਂ ਦੇ ਇਸ ਕਾਫਲੇ ’ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੈਂਕੜੇ ਵਿਦਿਆਰਥੀਆਂ ਦਾ ਕਾਫਲਾ ਵੀ ਸ਼ਾਮਲ ਸੀ। ਵਿਦਿਆਰਥੀ ਰੈਲੀ ਨੂੰ ਸੰਬੋਧਨ ਕਰਦਿਆਂ ਪੀਐੱਸਯੂ (ਸ਼ਹੀਦ ਰੰਧਾਵਾ) ਦੇ ਸੂਬਾਈ ਆਗੂਆਂ ਹੁਸ਼ਿਆਰ ਸਲੇਮਗੜ੍ਹ, ਅਮਿਤੋਜ ਮੌੜ ਤੇ ਬਿੰਦਰ ਬਠਿੰਡਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਇਨਕਲਾਬ ਦੇ ਨਾਅਰੇ ਦੀ ਘੋਰ ਦੁਰਵਰਤੋਂ ਕੀਤੀ ਜਾ ਰਹੀ ਹੈ। ਇਨਕਲਾਬ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਮਜ਼ਾਕ ਬਣਾ ਦਿੱਤਾ ਗਿਆ ਹੈ ਤੇ ਇਸ ਦੀ ਆੜ ਹੇਠ ਸਾਮਰਾਜੀ ਨੀਤੀਆਂ ਲੋਕਾਂ ’ਤੇ ਮੜ੍ਹੀਆਂ ਜਾ ਰਹੀਆਂ ਹਨ। ਇਨ੍ਹਾਂ ਨੀਤੀਆਂ ਨੇ ਹੀ ਪੰਜਾਬ ਦੇ ਨੌਜਵਾਨਾਂ ਤੋਂ ਸਿੱਖਿਆ ਤੇ ਰੁਜ਼ਗਾਰ ਦਾ ਹੱਕ ਖੋਹਿਆ ਹੋਇਆ ਹੈ ਤੇ ਪੰਜਾਬ ਨੂੰ ਉਜਾੜੇ ਦੇ ਮੂੰਹ ਵਿੱਚ ਧੱਕਿਆ ਹੋਇਆ ਹੈ।
ਇਸ ਮੌਕੇ ਵਿਦਿਆਰਥੀ ਆਗੂ ਬਿੱਕਰਜੀਤ ਪੂਹਲਾ ਵੱਲੋਂ ਫਲਸਤੀਨੀ ਲੋਕਾਂ ਦੇ ਸੰਘਰਸ਼ ਦੀ ਹਮਾਇਤ ’ਚ ਅਤੇ ਇਜ਼ਰਾਇਲੀ ਅਮਰੀਕੀ ਸਾਮਰਾਜੀ ਜੰਗੀ ਮੁਹਿੰਮ ਦਾ ਵਿਰੋਧ ਕਰਦਾ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਵਿਦਿਆਰਥੀਆਂ ਨੇ ਪਾਸ ਕੀਤਾ। ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਜਨਮ ਭੂਮੀ ’ਤੇ ਵਿਦਿਆਰਥੀਆਂ ਦੀ ਆਮਦ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਵਿਦਿਆਰਥੀ ਕਾਫ਼ਲੇ ਦੀ ਇਹ ਆਮਦ ਗਵਾਹ ਹੈ ਕਿ ਪੰਜਾਬ ਦੀ ਜਵਾਨੀ ਨੂੰ ਸ਼ਹੀਦ ਭਗਤ ਸਿੰਘ ਸਦਾ ਯਾਦ ਰਹੇਗਾ। ਸ਼ਹੀਦ ਭਗਤ ਸਿੰਘ ਯਾਦਗਾਰ ਕਮੇਟੀ ਇਲਾਕਾ ਬੰਗਾ ਵੱਲੋਂ ਵੀ ਵਿਦਿਆਰਥੀਆਂ ਦਾ ਭਰਪੂਰ ਸਵਾਗਤ ਕੀਤਾ ਗਿਆ। ਰੈਲੀ ਦਾ ਮੰਚ ਸੰਚਾਲਨ ਸੁਨੀਲ ਕੁਮਾਰ ਵੱਲੋਂ ਕੀਤਾ ਗਿਆ।
ਭਗਤ ਸਿੰਘ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਅਹਿਦ ਦੁਹਰਾਇਆ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀਐਸਐਫ) ਵੱਲੋਂ ਅੱਜ ਖਟਕੜ ਕਲਾਂ ਵੱਲ ਵੱਖ-ਵੱਖ ਥਾਵਾਂ ਤੋਂ ਆਰੰਭੇ ਮੋਟਰਸਾਈਕਲ ਮਾਰਚ ’ਚ ਸ਼ਾਮਲ ਸੈਂਕੜੇ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਨੂੰ ਭਗਤ ਸਿੰਘ ਦੇ ਪਿੰਡ ਖੱਟਕੜ ਕਲਾਂ ਪੁੱਜ ਕੇ ਆਪਣੀ ਅਕੀਦਤ ਭੇਟ ਕੀਤੀ। ਇਸ ਮੌਕੇ ਮਾਰਚ ਦੀ ਅਗਵਾਈ ਸੂਬਾ ਪ੍ਰਧਾਨ ਮਨਜਿੰਦਰ ਢੇਸੀ, ਗੁਰਦੀਪ ਗੋਗੀ, ਦਲਵਿੰਦਰ ਕੁਲਾਰ, ਮੱਖਣ ਸੰਗਰਾਮੀ, ਬਹਾਦਰ ਮੁਕੰਦਪੁਰ ਨੇ ਕੀਤੀ। ਮਨਜਿੰਦਰ ਢੇਸੀ ਅਤੇ ਸੂਬਾ ਸਕੱਤਰ ਧਰਮਿੰਦਰ ਮੁਕੇਰੀਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਸਾਮਰਾਜਵਾਦ ਖ਼ਿਲਾਫ਼ ਆਰੰਭੀ ਜੰਗ ਅੰਤਿਮ ਸਾਹਾਂ ਤੱਕ ਲੜੀ ਜਾਵੇਗੀ। ਉਨ੍ਹਾਂ ਭਗਤ ਸਿੰਘ ਦੇ ਅਧੂਰੇ ਕਾਰਜ ਪੂਰੇ ਕਰਨ ਦਾ ਅਹਿਦ ਦੁਹਰਾਇਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਅਜੈ ਫ਼ਿਲੌਰ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਸ਼ਰੇਆਮ ਨਸ਼ਾ ਵਰਤਾਇਆ ਜਾ ਰਿਹਾ ਹੈ ਅਤੇ ਦੇਸ਼ ਦੇ ਹਾਕਮ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ।