For the best experience, open
https://m.punjabitribuneonline.com
on your mobile browser.
Advertisement

ਰੰਗ ਬਦਲਦਾ ਸਿਆਸੀ ਮੌਸਮ

08:18 AM Mar 31, 2024 IST
ਰੰਗ ਬਦਲਦਾ ਸਿਆਸੀ ਮੌਸਮ
ਰਵਨੀਤ ਬਿੱਟੂ ਦਾ ਭਾਜਪਾ ’ਚ ਸ਼ਾਮਲ ਹੋਣ ਮੌਕੇ ਸਵਾਗਤ ਕਰਦੇ ਹੋਏ ਵਿਨੋਦ ਤਾਵੜੇ। ਸੱਜੇ: ‘ਆਪ’ ਆਗੂਆਂ ਸ਼ੀਤਲ ਅੰਗੁਰਾਲ ਤੇ ਸੁਸ਼ੀਲ ਕੁਮਾਰ ਰਿੰਕੂ (ਐਨ ਸੱਜੇ) ਦਾ ਭਾਜਪਾ ’ਚ ਸ਼ਾਮਲ ਹੋਣ ’ਤੇ ਸਵਾਗਤ ਕਰਦੇ ਹੋਏ ਸੁਨੀਲ ਜਾਖੜ, ਹਰਦੀਪ ਪੁਰੀ ਤੇ ਵਿਨੋਦ ਤਾਵੜੇ। -ਫੋਟੋ: ਮੁਕੇਸ਼ ਅਗਰਵਾਲ
Advertisement

ਅਰਵਿੰਦਰ ਜੌਹਲ

ਮੌਸਮ ਬਦਲ ਰਿਹਾ ਹੈ। ਸਿਆਸੀ ਮੌਸਮ ਵੀ ਬਦਲ ਰਿਹਾ ਹੈ। ਦੋਹਾਂ ਵਿੱਚ ਇੱਕ ਗੱਲ ਸਾਂਝੀ ਹੈ ਕਿ ਦੋਵੇਂ ਹੀ ਆਏ ਦਿਨ ਗਰਮ ਹੁੰਦੇ ਜਾ ਰਹੇ ਹਨ। ਕਦੇ ਸਿਆਸੀ ਮੌਸਮ ਦਾ ਬਦਲਾਅ ਸਹਿਜ ਵਰਤਾਰਾ ਹੁੰਦਾ ਸੀ। ਹੁਣ ਤਾਂ ਰੁੱਤ ਬਦਲਣ ਤੋਂ ਵੀ ਵੱਧ ਤੇਜ਼ੀ ਨਾਲ ਵਫ਼ਾਦਾਰੀਆਂ ਬਦਲ ਰਹੀਆਂ ਹਨ। ਦਿਨ ਚੜ੍ਹਦੇ ਜਿਹੜਾ ਰੰਗ ਸਫ਼ੈਦ ਹੁੰਦਾ ਹੈ, ਉਹ ਸੂਰਜ ਢਲਣ ਵੇਲੇ ਤੱਕ ਭਗਵਾ ਹੋ ਜਾਂਦਾ ਹੈ। ਸਵੇਰੇ ਹੱਥ ’ਚ ਹੱਥ ਪਾ ਕੇ ਤੁਰਨ ਵਾਲਾ ਸ਼ਾਮ ਤੱਕ ਹੱਥ ਛੁਡਾ ਕੇ ਕਿਸੇ ਹੋਰ ਨੂੰ ਗਲਵੱਕੜੀ ਪਾ ਲੈਂਦਾ ਹੈ। ਸੱਜਰੀ ਸਵੇਰ ਵਾਲੀ ਰੁਮਕਦੀ ਪੌਣ ਕਦੋਂ ਸਿਖ਼ਰ ਦੁਪਹਿਰ ਦੀ ਲੂ ਬਣ ਜਾਵੇ, ਕਿਸੇ ਨੂੰ ਕੁਝ ਪਤਾ ਨਹੀਂ। ਅਜਿਹਾ ਰੰਗ ਬਦਲਦਾ ਸਿਆਸੀ ਮੌਸਮ ਚੋਣ ਪ੍ਰਚਾਰ ’ਚ ਰੁੱਝੀਆਂ ਪਾਰਟੀਆਂ ’ਚ ਕਿਧਰੇ ਨਵਾਂ ਰੰਗ ਭਰ ਰਿਹਾ ਹੈ ਅਤੇ ਕਿਧਰੇ ਰੰਗਾਂ ਦੀ ਲਾਲੀ ਨੂੰ ਪਿਲੱਤਣ ’ਚ ਬਦਲ ਰਿਹਾ ਹੈ।
ਕਦੇ ਸਿਆਸਤ ’ਚ ਅਸੂਲ, ਵਿਚਾਰਧਾਰਾ ਅਤੇ ਅਕੀਦਿਆਂ ਦੀ ਗੱਲ ਹੁੰਦੀ ਸੀ। ਹੱਕ-ਸੱਚ ਦੇ ਰਾਹ ’ਤੇ ਚੱਲਣ ਅਤੇ ਲੋਕਾਂ ਦੇ ਭਲੇ ਲਈ ਡਟਣ ਦੇ ਵਾਅਦੇ ਕੀਤੇ ਅਤੇ ਪੁਗਾਏ ਜਾਂਦੇ ਸਨ। ਇਸ ਰਾਹ ਤੋਂ ਤਿਲਕਣ ਵਾਲੇ ਨੂੰ ਲੋਕ ਮੁੜ ਖੜ੍ਹਾ ਹੋਣ ਜੋਗਾ ਨਹੀਂ ਛੱਡਦੇ ਸਨ। ਮੁੱਕਰਨ ਤੇ ਵਾਅਦੇ ਵਫ਼ਾ ਨਾ ਕਰ ਸਕਣ ਵਾਲੇ ਵੀ ਆਪਣੀ ਗ਼ਲਤੀ ’ਤੇ ਸ਼ਰਮਿੰਦਾ ਹੁੰਦਿਆਂ ਅੱਖਾਂ ਨੀਵੀਂਆਂ ਕਰ ਲੈਂਦੇ ਸਨ ਤੇ ਹੁਣ ਦੇ ਨਵੇਂ ਪੋਚ ਦੇ ਸਿਆਸੀ ਆਗੂਆਂ ਵਾਂਗ ਅੱਖਾਂ ’ਚ ਅੱਖਾਂ ਪਾ ਕੇ ਸਫ਼ੈਦ ਝੂਠ ਨਹੀਂ ਬੋਲਣ ਲੱਗ ਜਾਂਦੇ ਸਨ। ਹੁਣ ਤਾਂ ਜੋ ਇੱਕ ਵਾਰ ਸੱਤਾ ’ਚ ਆਉਂਦਾ ਹੈ, ਉਹ ਇਸ ਨੂੰ ਆਪਣੇ ਪਾਵੇ ਨਾਲ ਬੰਨ੍ਹ ਕੇ ਰੱਖਣ ਲਈ ਹਰ ਰੱਸਾ ਵੱਟਦਾ ਹੈ। ਸੱਤਾ ’ਤੇ ਕਾਬਜ਼ ਰਹਿਣ ਦੀ ਲਾਲਸਾ ਹੁਣ ਅੰਬਰੀਂ ਪੀਂਘਾਂ ਝੂਟ ਰਹੀ ਹੈ ਅਤੇ ਇਸ ਦੇ ਸਤਰੰਗੀ ਹੁਲਾਰਿਆਂ ਦਾ ਸੁਆਦ ਚੰਗੇ ਜਾਂ ਮਾੜੇ, ਨੈਤਿਕ ਜਾਂ ਅਨੈਤਿਕ, ਹੱਕ ਜਾਂ ਹਲਾਲ ’ਚ ਕੋਈ ਫ਼ਰਕ ਨਹੀਂ ਕਰਦਾ, ਬੱਸ ਇਸ ਨੂੰ ਸੱਤਾ ਦਾ ਝੂਟਾ ਆਉਣਾ ਚਾਹੀਦਾ ਹੈ।
ਆਪਣੀਆਂ ਵਫ਼ਾਦਾਰੀਆਂ ਅਤੇ ਪਾਰਟੀਆਂ ਬਦਲਣ ਵਾਲੇ ਆਗੂ ਆਪਣੇ ਫ਼ੈਸਲਿਆਂ ਦੇ ਹੱਕ ’ਚ ਜਿਹੜੀਆਂ ਦਲੀਲਾਂ ਦਿੰਦੇ ਹਨ, ਉਹ ਅਕਸਰ ਬੇਦਲੀਲੀਆਂ ਹੁੰਦੀਆਂ ਹਨ ਜੋ ਸਹੀ ਰਾਹ ’ਤੇ ਚੱਲਣ ਵਾਲੇ ਮਨੁੱਖ ਨੂੰ ਝੰਜੋੜ ਸੁੱਟਦੀਆਂ ਹਨ। ਆਪਣੀਆਂ ਖ਼ਾਹਿਸ਼ਾਂ, ਇੱਛਾਵਾਂ ਤੇ ਲਾਲਸਾਵਾਂ ਦੇ ਰਾਹ ਵਾਹੋਦਾਹੀ ਤੁਰਦੇ ਆਗੂ ਬਿਆਨ ਦਿੰਦੇ ਹਨ ਕਿ ਪਹਿਲਾਂ ਉਹ ਹਨੇਰੇ ’ਚ ਭਟਕਦੇ ਰਹੇ ਜਦੋਂਕਿ ਉਨ੍ਹਾਂ ਨੂੰ ਸਿਆਸੀ ਚਾਨਣ ਤਾਂ ਹੁਣ ਹੀ ਹੋਇਆ ਹੈ। ਹੁਣ ਉਹ ਨਵੀਂ ਵਿਚਾਰਧਾਰਾ ਤੇ ਨਵੀਂ ਵਫ਼ਾਦਾਰੀ ਦਾ ਅਜਿਹਾ ਸੂਰਜ ਸਿਆਸੀ ਵਿਹੜੇ ’ਚ ਲਿਆ ਉਤਾਰਨਗੇ ਜੋ ਅਤੀਤ ਦੇ ਸਾਰੇ ਹਨੇਰੇ ਦੂਰ ਕਰ ਦੇਵੇਗਾ।
ਇਸ ਬਦਲਦੇ ਮੌਸਮ ’ਚ ਇਸੇ ਹਫ਼ਤੇ ਕਾਂਗਰਸ ਦੇ ਐੱਮਪੀ ਰਵਨੀਤ ਬਿੱਟੂ ਅਤੇ ‘ਆਪ’ ਦੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਆਪੋ-ਆਪਣੀਆਂ ਪਾਰਟੀਆਂ ਛੱਡ ਕੇ ਇੱਕ ਦਿਨ ਦੇ ਫ਼ਰਕ ਨਾਲ ਭਾਜਪਾ ’ਚ ਸ਼ਾਮਲ ਹੋ ਗਏ। ਇਸ ਹਫ਼ਤੇ ਸਭ ਤੋਂ ਪਹਿਲਾਂ ਮੰਗਲਵਾਰ ਨੂੰ ਰਵਨੀਤ ਬਿੱਟੂ, ਜੋ ਕਦੇ ਰਾਹੁਲ ਗਾਂਧੀ ਦੇ ਨੇੜਲਿਆਂ ’ਚੋਂ ਰਹੇ ਹਨ, ਭਗਵੀ ਪੱਗ ਬੰਨ੍ਹ ਕੇ ਭਾਜਪਾ ’ਚ ਸ਼ਾਮਲ ਹੋਏ। ਆਪਣੇ ਨਵੇਂ ਘਰ ’ਚ ਦਾਖ਼ਲ ਹੋਣ ਵੇਲੇ ਬਹੁਤ ਆਤਮਵਿਸ਼ਵਾਸ ਨਾਲ ਭਰੇ ਅਤੇ ਮੰਦ-ਮੰਦ ਮੁਸਕਰਾਉਂਦੇ ਬਿੱਟੂ ਦਾ ਦਾਅਵਾ ਸੀ ਕਿ ਉਹ ਪਿਛਲੇ ਦਸ ਸਾਲ ਤੋਂ ਸੰਸਦ ’ਚ ਦੇਖ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੰਜਾਬ ਨਾਲ ਬਹੁਤ ਜ਼ਿਆਦਾ ਪਿਆਰ ਹੈ ਅਤੇ ਉਹ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਿੱਟੂ ਨੇ ਹੁਣ ਇਨ੍ਹਾਂ ਆਗੂਆਂ ਦੇ ਪੰਜਾਬ ਪ੍ਰਤੀ ਪ੍ਰੇਮ ਨੂੰ ਪੰਜਾਬੀਆਂ ਦੇ ਦਿਲਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕ ਲਿਆ ਹੈ। ਸ੍ਰੀ ਰਵਨੀਤ ਬਿੱਟੂ ਨੂੰ ਜਦੋਂ ਦਸ ਸਾਲਾਂ ਤੋਂ ਇਹ ਸਭ ਕੁਝ ਮਹਿਸੂਸ ਹੋ ਰਿਹਾ ਸੀ ਤਾਂ ਉਹ ਏਨੀ ਦੇਰ ਕਾਂਗਰਸ ’ਚ ਬੈਠੇ ਕੀ ਕਰਦੇ ਰਹੇ? ਕਿਉਂ ਨਹੀਂ ਪਹਿਲਾਂ ਹੀ ਕਾਂਗਰਸ ਛੱਡ ਕੇ ਪੰਜਾਬ ਦਾ ਭਲਾ ਚਾਹੁਣ ਵਾਲੇ ਨੇਤਾਵਾਂ ਦੇ ਹੱਥ ਮਜ਼ਬੂਤ ਕੀਤੇ? ਪੰਜਾਬ ਦੇ ਹੱਕ ’ਚ ਇਹ ਫ਼ੈਸਲਾ ਲੈਣ ਲਈ ਦੇਰੀ ਕਰਨ ਦੇ ਕਿਤੇ ਉਹ ਗੁਨਾਹਗਾਰ ਤਾਂ ਨਹੀਂ?
ਬਿੱਟੂ ਦਾ ਆਪਣਾ ਦਾਅਵਾ ਹੈ ਕਿ ਭਾਜਪਾ ਦੇ ਰਾਜ ਵਾਲੇ ਸਾਰੇ ਸੂਬੇ ਵਿਕਾਸ ਦੀ ਰਾਹ ’ਤੇ ਛੜੱਪੇ ਮਾਰਦੇ ਕਿਤੇ ਅੱਗੇ ਲੰਘ ਗਏ ਅਤੇ ਪੰਜਾਬ ਪਿੱਛੇ ਰਹਿ ਗਿਆ। ਬਾਕੀ ਸੂਬਿਆਂ ਅਤੇ ਪੰਜਾਬ ਦੇ ਵਿਕਾਸ ਵਿੱਚ ਜੋ ਖੱਪਾ ਰਹਿ ਗਿਆ, ਹੁਣ ਉਹ ਉਸ ਖੱਪੇ ਨੂੰ ਪੂਰਨ ਲਈ ਇਨ੍ਹਾਂ ਸਰਵਉੱਚ ਨੇਤਾਵਾਂ ਕੋਲ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਸਨਅਤਕਾਰਾਂ, ਦੁਕਾਨਦਾਰਾਂ ਅਤੇ ਲੋਕਾਂ ਦੇ ਮੁੱਦੇ ਨਾ ਕੇਵਲ ਉਠਾਉਣਗੇ ਸਗੋਂ ਉਨ੍ਹਾਂ ਦਾ ਹੱਲ ਵੀ ਕਰਵਾਉਣਗੇ। ਇਸ ਮੌਕੇ ਰਵਨੀਤ ਬਿੱਟੂ ਦੀ ਇਹ ਦਲੀਲ ਤਾਂ ਬਹੁਤ ਹੀ ਕਾਇਲ ਕਰਨ ਵਾਲੀ ਸੀ, ‘‘ਪਿਛਲੇ 10 ਸਾਲ ਮੋਦੀ ਜੀ ਦੀ ਸਰਕਾਰ ਰਹੀ ਹੈ ਅਤੇ ਅੱਗੇ ਵੀ ਲੋਕਾਂ ਨੇ ਜੋ ਫ਼ੈਸਲਾ ਕੀਤਾ ਹੈ, ਉਸ ਅਨੁਸਾਰ ਤੀਜੀ ਵਾਰ ਵੀ ਮੋਦੀ ਜੀ ਦੀ ਸਰਕਾਰ ਬਣਨੀ ਹੈ, ਫਿਰ ਅਸੀਂ ਕਿਉਂ ਪਿੱਛੇ ਰਹੀਏ, ਪੰਜਾਬ ਕਿਉਂ ਪਿੱਛੇ ਰਹੇ?’’ ਕਿਸੇ ਤੋਂ ਪਿੱਛੇ ਨਾ ਰਹਿਣ ਦਾ ਸਹੀ ਫ਼ੈਸਲਾ ਹੀ ਤਾਂ ਲਿਆ ਹੈ ਰਵਨੀਤ ਬਿੱਟੂ ਨੇ। ਵਿਹਾਰਕ ਨਫ਼ਾ-ਨੁਕਸਾਨ ਦੇਖ ਕੇ ਹੀ ਤਾਂ ‘ਸਮਝਦਾਰ’ ਨੇਤਾ ਏਦਾਂ ਦੇ ਫ਼ੈਸਲੇ ਲੈਂਦੇ ਹਨ। ਨਵੀਂ ਪਾਰਟੀ ’ਚ ਸ਼ਾਮਲ ਹੋਣ ਵੇਲੇ ਬਿੱਟੂ ਨੇ ਆਪਣੇ ਦਾਦਾ ਬੇਅੰਤ ਸਿੰਘ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਜਿਨ੍ਹਾਂ ਪੰਜਾਬ ਵਿੱਚ ਖਾੜਕੂਵਾਦ ਦੇ ਦੌਰ ਵਿੱਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਜਾਨ ਵੀ ਗੁਆਉਣੀ ਪਈ। ਆਪਣੇ ਦਾਦਾ ਦੀ ਕੁਰਬਾਨੀ ਦੀ ਗੱਲ ਕਰਦਿਆਂ ਉਹ ਆਪਣੀ ਨਵੀਂ ਪਾਰਟੀ ਭਾਜਪਾ ਅਤੇ ਆਰਐੱਸਐੱਸ ਵੱਲੋਂ ਉਸ ਦੌਰ ’ਚ ਪੰਜਾਬ ਵਿੱਚ ਸ਼ਾਂਤੀ ਬਹਾਲੀ ਲਈ ਨਿਭਾਈ ਅਹਿਮ ਭੂਮਿਕਾ ਦਾ ਜ਼ਿਕਰ ਕਰਨਾ ਵੀ ਨਹੀਂ ਭੁੱਲੇ। ਉਹ ਇਹ ਭੁੱਲ ਗਏ ਕਿ ਕਾਂਗਰਸ ’ਚ ਰਹਿੰਦਿਆਂ ਉਹ ਇਸੇ ਪਾਰਟੀ ਨੂੰ ਕੋਸਦੇ ਰਹੇ ਹਨ।
ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਭਾਜਪਾ ਪਹਿਲਾਂ ਹੀ ਪੰਜਾਬ ਵਿੱਚ ਅਕਾਲੀ ਦਲ ਨਾਲ ਗੱਠਜੋੜ ਨਾ ਕਰਨ ਦਾ ਐਲਾਨ ਕਰ ਚੁੱਕੀ ਹੈ ਅਤੇ ਹੁਣ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਤਿੰਨ ਖੇਤੀ ਕਾਨੂੰਨਾਂ ’ਤੇ ਅਕਾਲੀਆਂ ਨੇ ਭਾਜਪਾ ਨੂੰ ਗੁਮਰਾਹ ਕੀਤਾ। ਪਹਿਲਾਂ ਅਕਾਲੀਆਂ ਨੇ ਭਾਜਪਾ ਨੂੰ ਇਹ ਬਿੱਲ ਲਿਆਉਣ ਮੌਕੇ ਸੰਸਦ ’ਚ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਫਿਰ ਉਹ ਇਸ ਮੁੱਦੇ ’ਤੇ ਪਿੱਛੇ ਹਟ ਗਏ। ਭਲਾ ਦੱਸੋ ਉਨ੍ਹਾਂ ਦੀ ਨਵੀਂ ਪਾਰਟੀ ਦਾ ਇਸ ’ਚ ਕੀ ਕਸੂਰ? ਇਹ ਤਾਂ ਅਕਾਲੀ ਹੀ ਸਨ ਜਿਨ੍ਹਾਂ ਭਾਜਪਾ ਨੂੰ ਗੁਮਰਾਹ ਕੀਤਾ।
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਪਰਿਵਾਰਕ ਸਬੰਧਾਂ ਅਤੇ ਪੰਜਾਬ ਬਾਰੇ ਅਕਸਰ ਗੱਲਬਾਤ ਹੋਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਹੁਣ ਉਨ੍ਹਾਂ ਦਾ ਮਕਸਦ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਵਾਉਣਾ ਅਤੇ ਭਾਜਪਾ ਨੂੰ ਪੰਜਾਬ ਦੇ ਸਾਰੇ ਵਰਗਾਂ ਨਾਲ ਜੋੜਨਾ ਹੋਵੇਗਾ, ਨਾਲੇ ਓਦਾਂ ਵੀ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਕਰ ਕੇ ਹੀ ਤਾਂ ਉਨ੍ਹਾਂ ਇਹ ਕਦਮ ਚੁੱਕਿਆ ਹੈ ਜੋ ਉਨ੍ਹਾਂ ਨੂੰ ਵਾਰ-ਵਾਰ ਕਹਿ ਰਹੇ ਸਨ ਕਿ ਐੱਮਪੀ ਬਣ ਕੇ ਵਿਰੋਧੀ ਧਿਰ ’ਚ ਬੈਠਣ ਦਾ ਕੀ ਫ਼ਾਇਦਾ? ਪੰਜਾਬ ਲਈ ਵੱਡੇ ਪ੍ਰਾਜੈਕਟ ਲਿਆਉਣ ਲਈ ਉਨ੍ਹਾਂ ਦਾ ਇਹ ਕਦਮ ਤਾਂ ਚੁੱਕਣਾ ਹੀ ਬਣਦਾ ਹੈ। ਕਿੰਨੇ ਸਾਦਾ ਤੇ ਮਾਸੂਮ ਨੇ ਬਿੱਟੂ ਜਿਨ੍ਹਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਸਮਝਣ ’ਚ ਏਨਾ ਵਕਤ ਲੱਗ ਗਿਆ।
ਇੱਥੇ ਇਹ ਗੱਲ ਦਿਲਚਸਪ ਸੀ ਕਿ ਬਿੱਟੂ ਦੇ ਦਿੱਲੀ ਵਿੱਚ ਭਾਜਪਾ ’ਚ ਸ਼ਾਮਲ ਹੋਣ ਵੇਲੇ ਭਾਜਪਾ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਮੌਜੂਦ ਨਹੀਂ ਸਨ ਪਰ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੇ ਸ਼ਾਮਲ ਹੋਣ ਵੇਲੇ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਨਾਲ ਜਾਖੜ ਵੀ ਮੰਚ ’ਤੇ ਹਾਜ਼ਰ ਸਨ। ਸੁਸ਼ੀਲ ਰਿੰਕੂ ਦੇ ਗਲ਼ ’ਚ ਭਾਜਪਾ ਦਾ ਪਰਨਾ ਪਾਉਣ ਵੇਲੇ ਜਾਖੜ ਨੇ ਭਾਜਪਾ ’ਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਤੋੜਨ ਦੇ ਲਾਏ ਜਾਂਦੇ ਇਲਜ਼ਾਮ ਦਾ ਜਵਾਬ ਦਿੰਦਿਆਂ ਕਿਹਾ ਕਿ ਮੁੱਦਾ ਦੂਜੀਆਂ ਪਾਰਟੀਆਂ ਦੇ ਆਗੂ ਤੋੜਨ ਦਾ ਨਹੀਂ ਸਗੋਂ ਅਸਲ ਗੱਲ ਇਹ ਹੈ ਕਿ ਸਾਰੇ ਆਗੂ ‘ਸਮਝਦਾਰ’ ਨੇ ਜੋ ਆਪਣਾ ਅੱਛਾ-ਬੁਰਾ ਦੇਖ ਕੇ ਫ਼ੈਸਲਾ ਲੈਂਦੇ ਹਨ। ਜਾਖੜ ਨੇ ਕਿਹਾ ਕਿ ਉਹ ਤੇ ਉਨ੍ਹਾਂ ਦਾ ਭਰਾ ਸੁਸ਼ੀਲ ਰਿੰਕੂ ਹੁਣ ਮੁੜ ਇਸ ਪਾਰਟੀ ’ਚ ਇਕੱਠੇ ਹੋ ਗਏ ਹਨ (ਸੁਸ਼ੀਲ ਰਿੰਕੂ ਪਹਿਲਾਂ ਕਾਂਗਰਸੀ ਸਨ ਤੇ ਪਿਛਲੇ ਸਾਲ ‘ਆਪ’ ਵਿੱਚ ਸ਼ਾਮਲ ਹੋ ਕੇ ਜਲੰਧਰ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ਜਿੱਤੇ ਸਨ) ਅਤੇ ਦੋਵੇਂ ਭਰਾ ਹੁਣ ਪੰਜਾਬ ਦੇ ਵਿਕਾਸ ਲਈ ਰਲ ਕੇ ਕੰਮ ਕਰਨਗੇ ਤਾਂ ਜੋ ਪੰਜਾਬ ਵੀ ਮੋਦੀ ਜੀ ਦੇ ਵਿਕਸਿਤ ਭਾਰਤ ਦਾ ਹਿੱਸਾ ਬਣ ਸਕੇ।
ਸੁਸ਼ੀਲ ਰਿੰਕੂ ਨੂੰ ਵੀ ਪੰਜਾਬ ਦੇ ਵਿਕਾਸ ’ਚ ਪੱਛੜਨ ਦਾ ਡੂੰਘਾ ਝੋਰਾ ਲੱਗਿਆ ਹੋਇਆ ਹੈ। ਭਾਜਪਾ ’ਚ ਵਿਧੀਪੂਰਵਕ ਸ਼ਾਮਲ ਹੋਣ ਵੇਲੇ ਉਨ੍ਹਾਂ ਵੀ ਆਪਣਾ ਦੁੱਖ ਪੱਤਰਕਾਰਾਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਨਾਲ ਲੱਗਦੇ ਭਾਜਪਾ ਦੀ ਸੱਤਾ ਵਾਲੇ ਸੂਬਿਆਂ ’ਚ ਤਰੱਕੀ ਹੋ ਰਹੀ ਹੈ, ਦੇਸ਼ ਅੱਗੇ ਵਧ ਰਿਹਾ ਹੈ, ਪਰ ਪੰਜਾਬ ਤੇ ਉਨ੍ਹਾਂ ਦਾ ਸੰਸਦੀ ਖੇਤਰ ਅਜੇ ਵੀ ਪੱਛੜਿਆ ਹੋਇਆ ਹੈ। ਜ਼ਿਮਨੀ ਚੋਣ ’ਚ ਜਲੰਧਰ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ’ਚ ਸੂਬਾ ਸਰਕਾਰ ਦਾ ਉਨ੍ਹਾਂ ਨੂੰ ਸਹਿਯੋਗ ਨਹੀਂ ਮਿਲਿਆ, ਜਿਸ ਕਰ ਕੇ ਉਹ ਹਲਕੇ ਦੇ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੇ ਨਹੀਂ ਉਤਰ ਸਕੇ। ਦੂਜੇ ਪਾਸੇ ਉਨ੍ਹਾਂ ਦੀ ਬੇਨਤੀ ’ਤੇ ਕੇਂਦਰ ਸਰਕਾਰ ਨੇ ਆਦਮਪੁਰ ਏਅਰਪੋਰਟ, ਨਵੀਂ ਵੰਦੇ ਭਾਰਤ ਗੱਡੀ ਅਤੇ ਜਲੰਧਰ ਦੇ ਰੇਲਵੇ ਕਰਾਸਿੰਗ ਜਿਹੇ ਮਸਲਿਆਂ ’ਤੇ ਝੱਟ ਉਨ੍ਹਾਂ ਦੀ ਬੇਨਤੀ ਪ੍ਰਵਾਨ ਕਰ ਲਈ। ਰਿੰਕੂ ਜੀ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਨਾ ਕੋਈ ਨਿੱਜੀ ਲਾਲਚ ਹੈ ਅਤੇ ਨਾ ਹੀ ਸੱਤਾ ਦਾ ਲੋਭ ਹੈ। ਉਹ ਸਿਰਫ਼ ਜਲੰਧਰ ਦੀ ਬਿਹਤਰੀ ਲਈ ਇਹ ਕਦਮ ਚੁੱਕਣ ਲਈ ਮਜਬੂਰ ਹੋਏ ਹਨ। ਇਸੇ ਕਾਰਨ ਉਨ੍ਹਾਂ ਨੂੰ ਯਕੀਨ ਹੈ ਕਿ ਜਲੰਧਰ ਦੇ ਲੋਕ ਉਨ੍ਹਾਂ ਨੂੰ ਹੁਣ ਵੀ ਪਹਿਲਾਂ ਵਾਂਗ ਮਾਣ ਦੇਣਗੇ। ਉਨ੍ਹਾਂ ਆਪਣੇ ਹਲਕੇ ਦੇ ਵਿਕਾਸ ਲਈ ਹੀ ਤਾਂ ਪ੍ਰਧਾਨ ਮੰਤਰੀ ਦੇ ਵਿਕਸਿਤ ਭਾਰਤ ਦੇ ਸੰਕਲਪ ਅਨੁਸਾਰ ਜਲੰਧਰ ਨੂੰ ਨਵਾਂ ਜਲੰਧਰ ਬਣਾਉਣ ਦਾ ਤਹੱਈਆ ਕੀਤਾ ਹੈ। ਭਾਜਪਾ ਨੇ ਰਿੰਕੂ ਨੂੰ ਵੀ ਜਲੰਧਰ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।
ਉਧਰ ਸ਼ੀਤਲ ਅੰਗੁਰਾਲ, ਜੋ ਪਹਿਲਾਂ ਭਾਜਪਾ ’ਚ ਸਰਗਰਮ ਸਨ, 2022 ਵਿੱਚ ‘ਆਪ’ ’ਚ ਸ਼ਾਮਲ ਹੋ ਕੇ ਜਲੰਧਰ ਪੱਛਮੀ ਤੋਂ ਵਿਧਾਇਕ ਚੁਣੇ ਗਏ ਸਨ, ਨੂੰ ਵੀ ਪੰਜਾਬ ਦੀ ਤਰੱਕੀ ਦਾ ਫ਼ਿਕਰ ਵੱਢ-ਵੱਢ ਕੇ ਖਾ ਰਿਹਾ ਹੈ। ਬਕੌਲ ਅੰਗੁਰਾਲ, ‘‘ਦੇਸ਼ ਦੇ ਦੂਜੇ ਸੂਬਿਆਂ ਵਿੱਚ ਤਰੱਕੀ ਦੀ ਲਹਿਰ ਚੱਲ ਰਹੀ ਹੈ ਤੇ ਹੁਣ ਪੰਜਾਬ ਅਤੇ ਖ਼ਾਸ ਕਰ ਕੇ ਜਲੰਧਰ ਨੂੰ ਵੀ ਉਸੇ ਤਰੱਕੀ ਦੀ ਲੋੜ ਹੈ। ਮੇਰਾ ਨਿੱਜੀ ਕੋਈ ਮੁੱਦਾ ਨਹੀਂ। ਮੈਂ ਤਾਂ ਹਮੇਸ਼ਾ ਲੋਕਾਂ ਦੀ ਲੜਾਈ ਲੜੀ ਹੈ।’’ ਇਹੀ ਕਾਰਨ ਹੈ ਕਿ ਉਨ੍ਹਾਂ ਸੂਬੇ ਤੇ ਜਲੰਧਰ ਦੀ ਬਿਹਤਰੀ ਲਈ ਭਾਜਪਾ ਦਾ ਪਰਨਾ ਗਲ਼ ’ਚ ਪੁਆਇਆ ਹੈ। ਕੁਝ ਦਿਨ ਪਹਿਲਾਂ ਤੱਕ ਉਹ ਜਿਸ ਪਾਰਟੀ ’ਚ ਸਨ, ਅੱਜ ਉਸੇ ਪਾਰਟੀ ਦੇ ਆਗੂਆਂ ਨੂੰ ਚਿਤਾਵਨੀ ਦੇ ਰਹੇ ਹਨ ਕਿ ਉਨ੍ਹਾਂ ਕੋਲ ਇੱਕ-ਇੱਕ ਆਗੂ ਦਾ ਕੱਚਾ ਚਿੱਠਾ ਹੈ, ਉਹ ਉਨ੍ਹਾਂ ਨੂੰ ਸਭ ਕੁਝ ਬੋਲਣ ਲਈ ਮਜਬੂਰ ਨਾ ਕਰਨ।
ਉਧਰ ‘ਆਪ’ ਵਰਕਰਾਂ ਨੇ ਸਾਰੇ ਜਲੰਧਰ ਵਿੱਚ ‘ਗੱਦਾਰ’ ਲਿਖ ਕੇ ਰਿੰਕੂ ਅਤੇ ਅੰਗੁਰਾਲ ਦੇ ਪੋਸਟਰ ਲਾ ਦਿੱਤੇ ਅਤੇ ਉਨ੍ਹਾਂ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ। ਦੂਜੇ ਪਾਸੇ ਕਾਂਗਰਸ ਵਾਲੇ ਵੀ ਬਿੱਟੂ ਨੂੰ ਬੁਰਾ-ਭਲਾ ਆਖ ਰਹੇ ਹਨ ਪਰ ਇਨ੍ਹਾਂ ਪਾਰਟੀਆਂ ਦਾ ਇਨ੍ਹਾਂ ਨੂੰ ਭੰਡਣਾ ਨਹੀਂ ਬਣਦਾ ਕਿਉਂਕਿ ਇਨ੍ਹਾਂ ਸਾਰਿਆਂ ਨੇ ‘ਪੰਜਾਬ ਦੇ ਵਿਕਾਸ’ ਜਿਹੇ ‘ਮੁਕੱਦਸ ਕਾਜ’ ਲਈ ਅਜਿਹਾ ਕੀਤਾ ਹੈ।
ਪੰਜਾਬ ਦੇ ਲੋਕਾਂ ਨੂੰ ਵੀ ਹੁਣ ਸੂਬੇ ਲਈ ਪ੍ਰੇਸ਼ਾਨ ਅਤੇ ਫ਼ਿਕਰਮੰਦ ਹੋਣ ਦੀ ਲੋੜ ਨਹੀਂ। ਸਾਡੇ ਕੋਲ ਅਜਿਹੇ ਆਗੂ ਮੌਜੂਦ ਹਨ ਜੋ ਸੂਬੇ ਦੀ ਤਰੱਕੀ, ਵਿਕਾਸ ਅਤੇ ਬਿਹਤਰੀ ਲਈ ਲੋੜ ਪੈਣ ’ਤੇ ਆਪਣੀ ਮਾਂ-ਪਾਰਟੀ ਅਤੇ ਵਿਚਾਰਧਾਰਾ ਦਾ ਤਿਆਗ ਕਰਨ ਦਾ ਹੌਸਲਾ ਰੱਖਦੇ ਹਨ। ਜਾਪਦੈ ਇਨ੍ਹਾਂ ਆਗੂਆਂ ਤੋਂ ਪ੍ਰੇਰਨਾ ਲੈ ਕੇ ਆਉਂਦੇ ਦਿਨਾਂ ’ਚ ਸੂਬੇ ਦੀ ਬਿਹਤਰੀ ਲਈ ਅਜਿਹੀ ਹੀ ਤਿਆਗ ਦੀ ਭਾਵਨਾ ਵਾਲੇ ਹੋਰ ਆਗੂ ਵੀ ਸਾਹਮਣੇ ਆਉਣਗੇ।
ਇਸ ਸਮੁੱਚੇ ਹਾਲੀਆ ਘਟਨਾਕ੍ਰਮ ਤੋਂ ਇੱਕ ਸਵਾਲ ਸਾਹਮਣੇ ਆ ਖਲੋਂਦਾ ਹੈ ਕਿ ਲੀਡਰ ਕਿਵੇਂ ਬਣਦੇ ਹਨ ਅਤੇ ਉਨ੍ਹਾਂ ਨੂੰ ਬਣਾਉਣ ਤੇ ਪ੍ਰਵਾਨ ਚੜ੍ਹਾਉਣ ’ਚ ਕਿਸ ਦਾ ਹੱਥ ਹੁੰਦਾ ਹੈ? ਨਿਰਸੰਦੇਹ ਜਵਾਬ ਹੋਵੇਗਾ ਕਿ ਲੋਕ ਹੀ ਉਨ੍ਹਾਂ ਨੂੰ ਲੀਡਰ ਬਣਾਉਂਦੇ ਹਨ ਤੇ ਸਵੀਕਾਰਦੇ ਹਨ ਪਰ ਹੁਣ ਤਾਂ ਲੀਡਰ ਆਪਸ ’ਚ ਹੀ ਖਿੱਦੋ-ਖੂੰਡੀ ਖੇਡੀ ਜਾਂਦੇ ਹਨ। ਜਿਸ ਜੁਮਲੇਬਾਜ਼ੀ, ਸਾਹਸ ਅਤੇ ਫੁਰਤੀ ਨਾਲ ਉਹ ਪਾਰਟੀ ਬਦਲਦੇ ਹਨ, ਲੋਕ-ਮਾਨਸਿਕਤਾ ਤਾਂ ਇਸ ਤਰ੍ਹਾਂ ਨਹੀਂ ਬਦਲਦੀ। ਲੋਕਾਂ ਨਾਲ ਤਾਂ ‘ਮਰ ਜਾਓ ਚਿੜੀਓ, ਜੀਅ ਜਾਓ ਚਿੜੀਓ’ ਵਾਲੀ ਖੇਡ ਖੇਡੀ ਜਾ ਰਹੀ ਹੈ। ਕਦੇ ਸਾਡਾ ਗੁਆਂਢੀ ਸੂਬਾ ਹਰਿਆਣਾ ‘ਆਇਆ ਰਾਮ, ਗਿਆ ਰਾਮ’ ਦੀ ਸਿਆਸਤ ਲਈ ਜਾਣਿਆ ਜਾਂਦਾ ਸੀ ਪਰ ਲੱਗਦੈ ਇਨ੍ਹਾਂ ਚੋਣਾਂ ਵਿੱਚ ਪੰਜਾਬ ਬਾਜ਼ੀ ਮਾਰ ਜਾਵੇਗਾ। ਆਖ਼ਰ ਪੰਜਾਬ ਹਰਿਆਣਾ ਦੇ ਵੱਡੇ ਭਰਾ ਵਜੋਂ ਜੋ ਜਾਣਿਆ ਜਾਂਦਾ ਹੈ! ਖ਼ੁਦਾ ਖ਼ੈਰ ਕਰੇ!!

Advertisement

Advertisement
Advertisement
Author Image

sukhwinder singh

View all posts

Advertisement