ਸਮਾਜਿਕ ਕਦਰਾਂ ਦੇ ਬਦਲਦੇ ਪ੍ਰਸੰਗ
ਸਮਾਜ ਦੀ ਵਰਤਮਾਨ ਤੋਰ ਦੀ ਗੱਲ ਕਰਨ ਤੋਂ ਪਹਿਲਾਂ ਸਾਨੂੰ ਬਦਲਦੇ ਸਮਾਜਿਕ ਹਾਲਾਤ ਦੀ ਗੱਲ ਕਰਨੀ ਪਵੇਗੀ। ਇਸ ਧਰਤੀ ਦੇ ਸਾਰੇ ਦੇਸ਼ ਹੁਣ ਪਿੰਡ ਵਿਚ ਤਬਦੀਲ ਹੋ ਚੁੱਕੇ ਹਨ। ਸੱਤ ਸਮੁੰਦਰੋਂ ਪਾਰ ਦਾ ਪੰਜਾਬੀ ਵਾਕੰਸ਼ ਹੁਣ ਹਵਾਈ ਸਫ਼ਰ ਦੀ ਕੁਝ ਹੀ ਪਲਾਂ ਵਿਚ ਮੁੱਕਣ ਵਾਲੀ ਵਾਟ ਵਿਚ ਬਦਲ ਗਿਆ ਹੈ। ਹੁਣ ਆਪਣਿਆਂ ਨੂੰ ਉਡੀਕਦਿਆਂ ਦੀਆਂ ਅੱਖਾਂ ਪੱਕਦੀਆਂ ਨਹੀਂ ਸਗੋਂ ਇਹ ਵਾਟ ਤਾਂ ਅੱਖ ਝਪਕਦਿਆਂ ਹੀ ਬਦਲੇ ਹੋਏ ਵਾਤਾਵਰਨ ਵਿਚ ਆਣ ਪਹੁੰਚਣ ਵਾਲੀ ਬਣ ਗਈ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਬੈਠੇ ਸਕੇ-ਸਬੰਧੀ ਥੋੜ੍ਹੇ ਜਿਹੇ ਵੱਧ ਪੈਸੇ ਖਰਚ ਕੇ ਆਪਣਿਆਂ ਦੀ ਖੁਸ਼ੀ ਗ਼ਮੀ ਵਿਚ ਸ਼ਰੀਕ ਹੋ ਸਕਦੇ ਹਨ। ਇਕ ਤੋਂ ਦੂਸਰੇ ਥਾਂ ਆਉਂਦੇ ਜਾਂਦੇ ਲੋਕ ਬੜਾ ਕੁਝ ਪੱਲੇ ਵੀ ਬੰਨ੍ਹ ਲਿਆਉਂਦੇ/ਲਿਜਾਂਦੇ ਹਨ। ਇਹ ਮਨੁੱਖੀ ਵਿਹਾਰ ਦਾ ਸਭ ਤੋਂ ਉੱਤਮ ਗੁਣ ਹੈ ਕਿ ਉਹ ਜੇ ਕਿਤੇ ਆਉਂਦਾ ਜਾਂਦਾ ਹੈ ਤਾਂ ਕਦੇ ਵੀ ਇਕੱਲਾ ਨਹੀਂ ਹੁੰਦਾ ਸਗੋਂ ਬੜਾ ਕੁਝ ਉਸ ਦੇ ਸਾਥ ਤੁਰਦਾ ਹੈ। ਇਸ ‘ਬੜੇ ਕੁਝ’ ਵਿਚ ਸਾਰਾ ਕੁਝ ਅੱਖਾਂ ਦੇਖਦੀਆਂ ਨਹੀਂ ਸਗੋਂ ਇਸ ਵਿਚ ਕੁਝ ਅਦਿੱਖ ਵੀ ਹੁੰਦਾ ਹੈ। ਇਹ ਪੋਟਲੀਆਂ ਬੰਦੇ ਨੂੰ ਆਪਣੇ ਅਤੀਤ ਨਾਲ ਬੰਨ੍ਹਣ ਦਾ ਭੁਲੇਖਾ ਪਾਉਂਦੀਆਂ ਰਹਿੰਦੀਆਂ ਹਨ। ਫਿਰ ਇਹ ਕੁਦਰਤੀ ਵਰਤਾਰਾ ਹੈ ਕਿ ਇਹ ਪੋਟਲੀ ਜਿੱਥੇ ਜਾਂਦੀ ਹੈ, ਉੱਥੇ ਕੁਝ ਆਪਣੇ ਵਿਚੋਂ ਛੱਡਦੀ ਹੈ ਅਤੇ ਕੁਝ ਆਪਣੇ ਨਾਲ ਜੋੜਦੀ ਹੈ। ਇੱਥੇ ਬੜਾ ਕੁਝ ਰਲ਼ਗੱਡ ਹੋ ਜਾਂਦਾ ਹੈ। ਮਨੁੱਖਾਂ ਦੇ ਆਪਸੀ ਸੰਵਾਦ ਵਾਲੀ ਭਾਸ਼ਾ ਦੀ ਸ਼ੁੱਧਤਾ ਘਟਦੀ ਮਹਿਸੂਸ ਕੀਤੀ ਜਾ ਸਕਦੀ ਹੈ ਜਾਂ ਕਹੀਏ ਉਸ ਦੀ ਮੌਲਿਕਤਾ ਗੁਆਚਿਆਂ ਵਰਗੀ ਹੋ ਜਾਂਦੀ ਹੈ। ਉਂਝ ਵੀ ਭਾਸ਼ਾ ਵਿਚ ਲਚਕੀਲਾਪਣ ਹੋਰ ਕਿਸੇ ਵੀ ਵਰਤਾਰੇ ਨਾਲੋਂ ਵਧੇਰੇ ਹੁੰਦਾ ਹੈ। ਇਸੇ ਤਰ੍ਹਾਂ ਜੀਵਨ ਜਾਚ ਦੇ ਹੋਰ ਪੱਖਾਂ ਵਿਚ ਸੁਭਾਵਿਕ ਤਬਦੀਲੀਆਂ ਅਨੁਭਵ ਕੀਤੀਆਂ ਜਾ ਸਕਦੀਆਂ ਹਨ। ਮਨੁੱਖੀ ਵਿਹਾਰ ਦਾ ਤਬਦੀਲ ਹੋਣਾ ਇੰਨਾ ਸਹਿਜ ਹੁੰਦਾ ਹੈ ਕਿ ਸਭ ਕੁਝ ਅਚੇਤ ਹੀ ਹੁੰਦਾ ਰਹਿੰਦਾ ਹੈ।
ਇਸ ਨਾਲੋਂ ਵੀ ਜਿ਼ਆਦਾ ਜਾਣਨ ਸਮਝਣ ਵਾਲੀ ਗੱਲ ਹੋਰ ਵੀ ਹੈ। ਸਿੱਖਿਆ ਸਾਡੀ ਬੁਨਿਆਦੀ ਲੋੜ ਬਣ ਗਈ ਹੈ ਅਤੇ ਇਸ ਦਾ ਵਸੀਹ ਪਸਾਰਾ ਹੋਇਆ ਹੈ। ਸਿੱਖਿਆ ਦੇ ਇਸ ਫ਼ੈਲਾਓ ਵਿਚ ਸੂਚਨਾ ਅਤੇ ਤਕਨਾਲੋਜੀ ਦੇ ਸੰਦਾਂ ਨੇ ਵੱਡਾ ਰੋਲ ਅਦਾ ਕੀਤਾ ਹੈ। ਜੇ ਇਹ ਕਹੀਏ ਕਿ ਵਿਦਿਆ ਦੇ ਇਸ ਪਸਾਰੇ ਨੇ ਸਾਡੀ ਪੂਰੀ ਜੀਵਨ ਜਾਚ ਨੂੰ ਹੀ ਪ੍ਰਭਾਵਿਤ ਕੀਤਾ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ। ਮਨੁੱਖ ਦਾ ਅੱਧਾ ਅੰਗ ਜਿਹੜਾ ਸਹੀ ਅਰਥਾਂ ਵਿਚ ਸੱਭਿਆਚਾਰ ਦਾ ਸਿਰਜਕ ਹੈ, ਇਸ ਨੂੰ ਵਿਕਸਤ ਹੋਣ ਦੇ ਅਵਸਰ ਤੇ ਅੰਤਾਂ ਦੀਆਂ ਵਲਗਣਾਂ ਆਇਦ ਕੀਤੀਆਂ ਹੋਈਆਂ ਸਨ। ਇਹ ਵਲਗਣਾਂ ਪ੍ਰਤੱਖ ਅਤੇ ਅਪ੍ਰਤੱਖ, ਦੋਨੇ ਤਰ੍ਹਾਂ ਦੀਆਂ ਹਨ।
ਸਿੱਖਿਆ ਦੇ ਫ਼ੈਲਾਓ ਨੇ ਇਸ ਦੂਸਰੇ ਅੰਗ ਦੀਆਂ ਵਲਗਣਾਂ ਨੂੰ ਕੁਝ ਹੀ ਸਮੇਂ ਵਿਚ ਚਕਨਾਚੂਰ ਕਰ ਦਿੱਤਾ ਹੈ। ਅੱਜ ਔਰਤ ਕੁੜੀ-ਚਿੜੀ ਨਾ ਰਹਿ ਕੇ ਮੁਕਾਬਲੇ ਵਿਚ ਮੁੰਡਿਆਂ/ਮਰਦਾਂ ਨੂੰ ਦੂਸਰਾ ਅੰਗ ਬਣਾਉਣ ਲਈ ਪੁਲਾਂਘਾਂ ਪੁੱਟ ਰਹੀ ਹੈ। ਗੁਰੂਆਂ, ਪੀਰਾਂ-ਫ਼ਕੀਰਾਂ, ਚਿੰਤਕਾਂ ਦੁਆਰਾ ਜਿਸ ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦਾ ਹੋਕਾ ਦੇਣ ਦੇ ਬਾਵਜੂਦ ਸਮਾਜ ਨੇ ਦੂਜੇ ਦਰਜੇ ’ਤੇ ਹੀ ਰੱਖਿਆ ਹੋਇਆ ਸੀ, ਉਸ ਔਰਤ ਨੇ ਸਿੱਖਿਆ ਦੇ ਇਸ ਪਸਾਰੇ ਸਦਕਾ ਦੋਇਮ ਤੋਂ ਪ੍ਰਥਮ ਵੱਲ ਆਪਣੇ ਕਦਮ ਵਧਾ ਲਏ ਹਨ। ‘ਉੱਠ ਬਹੂ ਤੂੰ ਥੱਕੀ, ਤੂੰ ਵੇਲਣੇ ਮੈਂ ਚੱਕੀ’ ਵਾਲੀ ਅਖਉਤ ਨੂੰ ਅੱਜ ਉਸ ਨੇ ਵਿਸਾਰ ਦਿੱਤਾ ਹੈ। ਘਰ ਤੋਂ ਬਾਹਰ ਉਹ ਅੰਬਰੀਂ ਉਡਾਰੀਆਂ ਭਰਦੀ ਆਮ ਹੀ ਦੇਖੀ ਜਾ ਸਕਦੀ ਹੈ। ਮਾਂ/ਸੱਸ ਅੱਜ ਬਾਖ਼ੂਬੀ ਜਾਣਦੀ ਸਮਝਦੀ ਹੈ ਕਿ ਪੁੱਤਰ ਅਤੇ ਧੀ, ਪੁੱਤ ਅਤੇ ਨੂੰਹ ਦੀ ਖੁਰਾਕ ਅਤੇ ਸਿੱਖਿਆ ਦੀ ਲੋੜ ਇੱਕੋ ਜਿਹੀ ਹੈ। ਧੀ ਦਾ ਪਾਲਣ ਪੋਸ਼ਣ ਅੱਜ ਬਿਗਾਨਾ ਧਨ ਸਮਝ ਕੇ ਨਹੀਂ ਕੀਤਾ ਜਾਂਦਾ। ਕੁੜੀਆਂ ਲਈ ਸਿਰ ’ਤੇ ਚੁੰਨੀ ਲੈਣਾ ਅੱਜ ਇੱਜ਼ਤ ਦਾ ਪ੍ਰਤੀਕ ਨਹੀਂ ਰਹਿ ਗਿਆ। ‘ਲੱਜਾ’ ਵਰਤਮਾਨ ਸਮੇਂ ਵਿਚ ਉਸ ਦਾ ਗਹਿਣਾ ਨਹੀਂ ਸਗੋਂ ਇਸ ਲੱਜਾ ਦੇ ਨਾਮ ’ਤੇ ਲਾਈਆਂ ਪਾਬੰਦੀਆਂ ਨੂੰ ਵਗਾਹ ਕੇ ਮਾਰਨਾ ਹੁਣ ਵਿਕਾਸ ਦੀ ਗਤੀ ਦਾ ਚਿੰਨ੍ਹ ਬਣ ਗਿਆ ਹੈ। ‘ਵਿਦਿਆ ਪੜ੍ਹਾ ਦੇ ਬਾਬਲਾ ਭਾਵੇਂ ਦੇਈਂ ਨਾ ਦਾਜ ਵਿਚ ਗਹਿਣੇ’ ਅੱਜ ਤੋਂ ਕੁਝ ਸਾਲ ਪਹਿਲਾਂ ਸਿਰਜਿਆ ਗੀਤ ਅਜੋਕੇ ਸਮੇਂ ਵਿਚ ਗਹਿਣਿਆਂ ਦੀ ਪਰਿਭਾਸ਼ਾ ਸਿਰਜ ਰਿਹਾ ਹੈ।
ਅਜੋਕਾ ਨੌਜਵਾਨ ਪੜ੍ਹ ਲਿਖ ਕੇ ਕਮਾਊ ਵੀ ਹੁੰਦਾ ਹੈ ਅਤੇ ਉਹ ਆਪਣੀਆਂ ਜੜ੍ਹਾਂ ਨਵੀਂ ਕਰਮਭੂਮੀ ਵਿਚ ਲਾਉਂਦਾ ਹੋਇਆ ਝਿਜਕਦਾ ਨਹੀਂ। ਉਹ ਪਿਤਾ ਪੁਰਖੀ ਧੰਦਾ ਵਿਸਰ ਕੇ ਆਪਣੇ ਹਮਉਮਰਾਂ ਵਾਲੇ ਕਰਮ ਕਰਦਾ ਹੋਇਆ ਮੁਕਾਬਲੇਬਾਜ਼ੀ ਵਿਚ ਸ਼ਰੀਕ ਹੁੰਦਾ ਹੈ। ‘ਲਾਮਾਂ’ ਨੂੰ ਕਮਾਈ ਕਰਨ ਨਹੀਂ ਜਾਇਆ ਜਾਂਦਾ ਸਗੋਂ ਅਜੋਕੀ ਪੀੜ੍ਹੀ ਪਰਵਾਸ ਕਰਨ ਨੂੰ ਸੁਭਾਵਿਕ ਪ੍ਰਕਿਰਿਆ ਸਮਝ ਕੇ ਅਪਣਾ ਰਹੀ ਹੈ। ਇਹ ਪਰਵਾਸ ਜ਼ਰੂਰੀ ਨਹੀਂ ਵਿਦੇਸ਼ ਵਿਚ ਹੋਵੇ ਸਗੋਂ ਇਹ ਆਪਣੀ ਧਰਤੀ ’ਤੇ ਵੀ ਹੁੰਦਾ ਹੈ। ਸਾਡੇ ਦੇਸ਼ ਦੇ ਆਈਟੀ ਦੇ ਹੱਬ ਵਜੋਂ ਜਾਣੇ ਜਾਂਦੇ ਬੰਗਲੌਰ, ਗੁੜਗਾਉਂ, ਮੁੰਬਈ, ਦਿੱਲੀ, ਹੈਦਰਾਬਾਦ ਆਦਿ ਵਰਗੇ ਸ਼ਹਿਰ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਕਦੇ ਨੌਜਵਾਨ ਆਪਣੇ ਮਾਪਿਆਂ ਕੋਲ ਰਹਿੰਦੇ ਹੁੰਦੇ ਸਨ ਅਤੇ ਅੱਜ ਮਾਪੇ ‘ਆਪਣੀ ਜਨਮ ਅਤੇ ਕਰਮ ਭੂਮੀ’ ਛੱਡ ਕੇ ਆਪਣੀ ਔਲ਼ਾਦ ਕੋਲ ਜਾਂਦੇ ਹਨ। ਇਹ ਭਿੰਨ ਗੱਲ ਹੈ ਕਿ ਮਾਪੇ ਪਹਿਲੀਆਂ ਵਿਚ ਭਟਕਿਆਂ ਵਰਗੇ ਜਾਪਦੇ ਹਨ ਅਤੇ ਕਦੇ ਇਧਰ ਕਦੇ ਉਧਰ ਆਉਂਦੇ ਜਾਂਦੇ ਹਨ ਅਤੇ ਫਿਰ ‘ਆਪਣੇ ਘਰ’ ਜਾਂ ਫਿਰ ‘ਆਪਣੇ ਪੁੱਤਰ ਧੀ ਦੇ ਘਰ’ ਰਹਿੰਦੇ ਹੋਏ ‘ਬਿਰਧ ਆਸ਼ਰਮ’ ਵਿਚ ਰਹਿਣ ਵਾਂਗ ਮਹਿਸੂਸ ਕਰਦੇ ਹਨ। ਬੜੀ ਵਾਰੀ ਨੌਜਵਾਨਾਂ ਦੀ ‘ਮਸ਼ੀਨੀ ਜ਼ਿੰਦਗੀ’ ਦੀ ਉਹ ਨੁਕਤਾਚੀਨੀ ਕਰਦੇ ਹੋਏ ਰੁਲ਼-ਖ਼ੁਲ਼ ਕੇ ਦਿਨ ਕਟੀ ਕਰਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਮਸ਼ੀਨਾਂ ਕੇਵਲ ਪੈਸਾ ਹੀ ਨਹੀਂ ਦਿੰਦੀਆਂ ਹਨ ਸਗੋਂ ਉਹ ਆਪਣੇ ਵਰਤਣ ਵਾਲਿਆਂ ਨੂੰ ਆਪਣੇ ਵਰਗੀ ਹੀ ਜ਼ਿੰਦਗੀ ਜਿਊਣ ਲਾ ਦਿੰਦੀਆਂ ਹਨ। ਇਹ ਵੀ ਉਨ੍ਹਾਂ ਨੂੰ ਵਿਸਰ ਗਿਆ ਹੁੰਦਾ ਹੈ ਕਿ ਪਹਿਲੀਆਂ ਵਿਚ ਮਿਲੇ ਹੋਏ ਪੈਕੇਜ ਨੂੰ ਜਿੰਨ੍ਹਾਂ ਮਾਪਿਆਂ ਨੇ ਬੜਾ ਹੁੱਬ ਕੇ ਲੋਕਾਂ ਨੂੰ ਦੱਸਿਆ ਹੁੰਦਾ ਹੈ, ਅੱਜ ਉਹ ਉਸੇ ਪੈਕੇਜ ਦੇ ਹੱਥੋਂ ਹੀ ਤੰਗ ਆਏ ਹੋਏ ਜਾਪਦੇ ਹਨ।
ਯਾਦ ਰੱਖਣ ਵਾਲੀ ਗੱਲ ਹੈ ਕਿ ਬੋਤਾ ਸਿੰਘ, ਪਿੱਪਲ ਸਿੰਘ, ਕਿੱਕਰ ਸਿੰਘ, ਬੋਹੜ ਸਿੰਘ ਵਰਗੇ ਨਾਵਾਂ ਦੀ ਥਾਂ ਆਕਾਸ਼ ਸਿੰਘ, ਜਰਮਨਜੀਤ ਸਿੰਘ ਵਰਗੇ ਨਾਂ ਤਾਂ ਮਾਪਿਆਂ ਨੇ ਹੀ ਬੱਚਿਆਂ ਨੂੰ ਦਿੱਤੇ ਸਨ। ਕਿਧਰੇ ਨਾ ਕਿਧਰੇ ਮਾਪਿਆਂ ਦੇ ਸੁਫ਼ਨਿਆਂ ਵਿਚ ਧਰਤੀ ਨਾਲ ਜੁੜਨ ਦੀ ਚਾਹਤ ਦੀ ਥਾਂ ਆਪਣੇ ਬੱਚਿਆਂ ਵਾਸਤੇ ਅੰਬਰੀਂ ਉਡਾਰੀਆਂ ਬਾਰੇ ਚਿਤਵਿਆ ਹੋਇਆ ਸੀ।
ਸੰਸਾਰੀਕਰਨ ਨੇ ਸਾਨੂੰ ਕਿਸੇ ਇਕ ਪੱਖ ਤੋਂ ਹੀ ਪ੍ਰਭਾਵਿਤ ਨਹੀਂ ਕੀਤਾ, ਸਮੁੱਚਤਾ ਵਿਚ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ। ਡਾਲਰਾਂ ਪਾਊਂਡਾਂ ਦੇ ਨਾਲ ਹੀ ਸਾਡੇ ਕੋਲ ਉਨ੍ਹਾਂ ਧਰਤੀਆਂ ਦੀ ਤੋਰ ਵੀ ਪਹੁੰਚ ਚੁੱਕੀ ਹੈ। ਅਜੋਕੇ ਮਨੁੱਖ ਦੀ ਸੋਚ ਵਿਚ ਹਵਾਈ ਜਹਾਜ਼ ਦੀ ਗਤੀ ਤੋਂ ਵੀ ਵਧੇਰੇ ਗਤੀਸ਼ੀਲਤਾ ਅਨੁਭਵ ਕੀਤੀ ਜਾ ਸਕਦੀ ਹੈ। ਧਰਤੀ ਦੀ ਥਾਵੇਂ ਹੁਣ ਅਸਮਾਨ ਵੱਲ ਵਧੇਰੇ ਤੱਕਣ ਦੀ ਲਾਲਸਾ ਕੇਵਲ ਵਿਗਿਆਨੀਆਂ ਤੱਕ ਹੀ ਸੀਮਤ ਨਹੀਂ ਹੈ, ਇਹ ਪੂਰੀ ਮਨੁੱਖੀ ਸੋਚ ਵਿਚ ਸ਼ਾਮਲ ਹੋ ਗਈ ਹੈ। ਬੱਚਿਆਂ ਵਾਸਤੇ ਹੁਣ ‘ਚੰਦਾ ਮਾਮਾ ਦੂਰ’ ਦਾ ਸੰਕਲਪ ਟੁੱਟ ਕੇ ਧਰਤੀ ਦਾ ਇਕ ਟੁਕੜਾ ਬਣ ਗਿਆ ਹੈ। ‘ਚੰਦ ਚੜ੍ਹਿਆ ਅਸਾਂ ਨਹੀਂਓਂ ਦੇਖਣਾ, ਤੇਰੀ ਮਾਂ ਨੂੰ ਮੱਥਾ ਨਹੀਂਓਂ ਟੇਕਣਾ’ ਦੇ ਲੋਕ ਬੋਲਾਂ ਨੂੰ ਸਿੱਖਿਆ ਦੇ ਪਸਾਰ ਨੇ ਹੁਣ ਪੂਰਾ ਕੀਤਾ ਹੈ। ਖੇਤੀ ਦੇ ਮਸ਼ੀਨੀਕਰਨ ਅਤੇ ਨਵੀਨੀਕਰਨ ਸਦਕਾ ਕਿਸਾਨੀ ਨਾਲ ਵਾਬਸਤਾ ਲੋਕਾਂ ਦੀ ਸੋਚ ਹੀ ਬਦਲ ਗਈ ਹੈ। ਧਰਤੀ (ਵਾਹੀਯੋਗ ਜ਼ਮੀਨ) ਹੁਣ ਮਾਂ ਨਹੀਂ ਸਗੋਂ ਇਹ ਉਤਪਾਦਕਤਾ ਦੇ ਸ੍ਰੋਤ ਵਿਚ ਬਦਲ ਗਈ ਹੈ। ਮਾਲ ਮਾਰਕੀਟ ਅਤੇ ਬਾਜ਼ਾਰ ਨੇ ‘ਹੱਟੀਆਂ ਭੱਠੀਆਂ ’ਤੇ ਮਿਲਣੋਂ ਰਹਿ ਗਏ’ ਦੀ ਗੱਲ ਸਾਡੇ ਸਨਮੁੱਖ ਕੀਤੀ ਹੈ। ਦੂਜੇ ਪਾਸੇ ਮੋਬਾਈਲ ਫੋਨ ਅਤੇ ਇੰਟਰਨੈੱਟ ਨੇ ਹਰ ਤਰ੍ਹਾਂ ਦੀਆਂ ਦੂਰੀਆਂ ਘਟਾ ਦਿੱਤੀਆਂ ਹਨ। ਘਰਾਂ ਦੀ ਚਾਰਦੀਵਾਰੀ ਹੁਣ ਸਮਾਪਤੀ ਵੱਲ ਵਧ ਰਹੀ ਹੈ। ਰਹਿਣ-ਸਹਿਣ ਅਤੇ ਖਾਣ-ਪੀਣ ਆਪਣੇ ਮੂਲ ਨੂੰ ਤਿਆਗਦੇ ਹੋਣ ਦਾ ਅਹਿਸਾਸ ਕਰਵਾ ਰਹੇ ਹਨ। ਆਪਣੀ ਭਾਸ਼ਾ ਅਤੇ ਹੋਰ ਸੱਭਿਆਚਾਰਕ ਅੰਗਾਂ ਵਿਚ ਸਹੀ ਅਰਥਾਂ ਵਿਚ ਹੁਣ ਬਦਲਾਓ ਆ ਰਿਹਾ ਹੈ। ਸਮਾਜਿਕ ਕਦਰਾਂ ਕੀਮਤਾਂ ਨੂੰ ਨਵ-ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਇਸ ਵਿਚ ਭਾਵੇਂ ਕੋਈ ਸ਼ੱਕ ਨਹੀਂ ਕਿ ਦਰਖ਼ਤ ਦੇ ਆਪਣੀਆਂ ਜੜ੍ਹਾਂ ਨਾ ਛੱਡਣ ਵਾਂਗ ਮਨੁੱਖ ਵੀ ਆਪਣੀਆਂ ਜੜ੍ਹਾਂ ਦਾ ਤਿਆਗ ਨਹੀਂ ਕਰਦਾ ਪਰ ਇਹ ਨਵੀਂ ਥਾਂ ’ਤੇ ਛੇਤੀ ਹੀ ਆਪਣੀਆਂ ਜੜ੍ਹਾਂ ਲਾਉਣਾ ਸਿੱਖ ਗਿਆ ਹੈ। ਮਨੁੱਖੀ ਵਿਹਾਰ ਨੇ ਸਮੁੱਚਤਾ ਵਿਚ ਕਦਰਾਂ ਕੀਮਤਾਂ ਦਾ ਨਵ-ਨਿਰਮਾਣ ਕੀਤਾ ਹੈ। ਅੱਜ ਨਾਲੋਂ ਭਲਕ ਕਾਹਲ਼ਾ ਹੁੰਦਾ ਜਾਂਦਾ ਹੈ।
ਸੰਪਰਕ: 95010-20731