For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਦਿੱਲੀ ਕੂਚ ਲਈ ਸ਼ੰਭੂ ਬਾਰਡਰ ਤੋਂ ਲਾਂਘਾ ਮਿਲਣ ਦੇ ਆਸਾਰ ਘੱਟ

07:23 AM Dec 05, 2024 IST
ਕਿਸਾਨਾਂ ਦੇ ਦਿੱਲੀ ਕੂਚ ਲਈ ਸ਼ੰਭੂ ਬਾਰਡਰ ਤੋਂ ਲਾਂਘਾ ਮਿਲਣ ਦੇ ਆਸਾਰ ਘੱਟ
ਢਾਬੀ ਗੁੱਜਰਾਂ ’ਤੇ ਜਗਜੀਤ ਸਿੰਘ ਡੱਲੇਵਾਲ ਦਾ ਹਾਲ ਪੁੱਛਦੇ ਹੋਏ ਏਡੀਸੀ ਰਵਨੀਤ ਕੌਰ ਸੇਖੋਂ।
Advertisement

ਸਰਬਜੀਤ ਸਿੰਘ ਭੰਗੂ
ਸ਼ੰਭੂ ਬਾਰਡਰ (ਪਟਿਆਲਾ), 4 ਦਸੰਬਰ
ਕਿਸਾਨਾਂ ਨੇ 6 ਦਸੰਬਰ ਨੂੰ ਪੈਦਲ ਹੀ ਸ਼ੰਭੂ ਮੋਰਚੇ ਤੋਂ ਸ਼ੰਭੂ ਬਾਰਡਰ ਰਾਹੀਂ ਦਿੱਲੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨ ਦਿੱਲੀ ਪਹੁੰਚ ਕੇ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਜਿਸ ਸਬੰਧੀ ਈਮੇਲ ਭੇਜ ਕੇ ਦਿੱਲੀ ਸਰਕਾਰ ਤੋਂ ਪ੍ਰਵਾਨਗੀ ਵੀ ਮੰਗੀ ਗਈ ਹੈ ਪਰ ਅਜੇ ਤੱਕ ਅੱਗੋਂ ਕੋਈ ਹੁੰਗਾਰਾ ਨਹੀਂ ਮਿਲਿਆ। ਦੂਜੇ ਪਾਸੇ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਤੋਂ ਰੋਕਾਂ ਨੂੰ ਹਟਾਉਣ ਦਾ ਕੋਈ ਇਰਾਦਾ ਨਜ਼ਰ ਨਹੀਂ ਆ ਰਿਹਾ। ਬਲਕਿ ਹਰਿਆਣਾ ਪੁਲੀਸ ਵੀ ਹਰਕਤ ’ਚ ਆ ਗਈ ਹੈ, ਜਿਸ ਨੇ ਬਾਰਡਰ ’ਤੇ ਨਫਰੀ ਵੀ ਵਧਾ ਦਿੱਤੀ ਹੈ। ਇਥੇ ਰੋਕਾਂ ਦੇ ਉਪਰੋਂ ਦੀ ਲੰਘਣ ਦੀ ਕੋਸ਼ਿਸ਼ ਦੌਰਾਨ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਜਾ ਸਕਦਾ ਹੈ। ਅੱਜ ਤਾਂ ਹਰਿਆਣਾ ਸਰਕਾਰ ਨੇ ਸਰਵਣ ਪੰਧੇਰ ਅਤੇ ਜਸਵਿੰਦਰ ਲੌਂਗੋਵਾਲ ਦੇ ਨਾਮ ਲਿਖ ਕੇ ਇੱਕ ਪੋਸਟਰ ਵੀ ਸ਼ੰਭੂ ਬਾਰਡਰ ’ਤੇ ਪੰਜਾਬ ਵਾਲੇ ਪਾਸੇ ਚਿਪਕਾ ਦਿੱਤਾ, ਜਿਸ ਵਿਚ ਦਿੱਲੀ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਕੂਚ ਨਾ ਕਰਨ ਲਈ ਚਿਤਾਵਨੀ ਦਿੱਤੀ ਗਈ ਹੈ। ਇਸ ’ਚ ਹਰਿਆਣਾ ’ਚ ਧਾਰਾ 144 ਲੱਗੀ ਹੋਣ ਦਾ ਜ਼ਿਕਰ ਵੀ ਕੀਤਾ ਹੈ। ਜ਼ਿਕਰਯੋਗ ਹੈ ਕਿ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਮੰਗਾਂ ਪ੍ਰਵਾਨ ਕਰਵਾਉਣ ਲਈ ‘ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ)’ ਅਤੇ ‘ਕਿਸਾਨ ਮਜ਼ਦੂਰ ਮੋਰਚਾ’ ਦੀ ਅਗਵਾਈ ਹੇਠਾਂ ਕਿਸਾਨਾਂ ਨੇ 13 ਫਰਵਰੀ 2024 ਨੂੰ ਦਿੱਲੀ ਵੱਲ ਕੂਚ ਕੀਤਾ ਸੀ। ਪਰ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਸਮੇਤ ਹੋਰਨਾਂ ਥਾਈਂ ਅਗਾਊਂ ਬੈਰੀਕੇਡਿੰਗ ਕਰਨ ਕਰਕੇ ਉਹ ਸਾਢੇ ਨੌਂ ਮਹੀਨਿਆਂ ਤੋਂ ਬਾਰਡਰਾਂ ’ਤੇ ਹੀ ਡਟੇ ਹੋਏ ਹਨ।

Advertisement

ਉਪ ਰਾਸ਼ਟਰਪਤੀ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਮੋਹਰ ਲਾਈ: ਡੱਲੇਵਾਲ

ਪਾਤੜਾਂ (ਗੁਰਨਾਮ ਸਿੰਘ ਚੌਹਾਨ):

Advertisement

ਕਿਸਾਨੀ ਮੰਗਾਂ ਲਈ ਢਾਬੀ ਗੁੱਜਰਾਂ ਬਾਰਡਰ ’ਤੇ ਮਰਨ ਵਰਤ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਕਿਸਾਨਾਂ ਦੇ ਮਸਲਿਆਂ ’ਤੇ ਮੁੜ ਗੰਭੀਰ ਬਿਆਨ ਦੇ ਕੇ ਸਿਆਸੀ ਪਾਰਟੀਆਂ ਤੇ ਖੇਤੀ ਸੰਸਥਾਵਾਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ। ਡੱਲੇਵਾਲ ਨੇ ਕਿਹਾ ਹੈ ਕਿ ਦੋਵੇਂ ਕਿਸਾਨ ਜਥੇਬੰਦੀਆਂ ਉਪ ਰਾਸ਼ਟਰਪਤੀ ਦੇ ਬਿਆਨ ਦਾ ਸਵਾਗਤ ਕਰਦੀਆਂ ਹਨ ਕਿਉਂਕਿ ਉਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ’ਤੇ ਮੋਹਰ ਲਾਉਂਦਿਆਂ ਕਿਹਾ ਹੈ ਕਿ ਅਰਥ ਸ਼ਾਸਤਰੀਆਂ ਨਾਲ ਹੋਈ ਗੱਲਬਾਤ ਦੇ ਆਧਾਰ ’ਤੇ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣ ਨਾਲ ਦੇਸ਼ ਦੀ ਆਰਥਿਕਤਾ ਅਤੇ ਸਮਾਜ ਦੇ ਸਾਰੇ ਵਰਗਾਂ ਨੂੰ ਫਾਇਦਾ ਹੋਵੇਗਾ। ਇਸ ਦੌਰਾਨ ਡੱਲੇਵਾਲ ਦੇ ਮਰਨ ਵਰਤ ਦੇ 9ਵੇਂ ਦਿਨ ਅੱਜ ਕਿਸਾਨਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਦੂਜੇ ਪਾਸੇ ਡੱਲੇਵਾਲ ਦੀ ਮੈਡੀਕਲ ਜਾਂਚ ਕਰਨ ਉਪਰੰਤ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਨਬਜ਼ ਤੇ ਸ਼ੂਗਰ ਆਦਿ ਠੀਕ ਹੈ ਪਰ ਉਨ੍ਹਾਂ ਦੀ ਸਿਹਤ ਲਗਾਤਾਰ ਕਮਜ਼ੋਰ ਹੋ ਰਹੀ ਹੈ। ਇਸ ਦੌਰਾਨ ਏਡੀਸੀ ਸ਼ਹਿਰੀ ਵਿਕਾਸ ਰਵਨੀਤ ਕੌਰ ਸੇਖੋਂ ਨੇ ਢਾਬੀ ਗੁੱਜਰਾਂ ਬਾਰਡਰ ’ਤੇ ਪਹੁੰਚ ਕੇ ਕਿਸਾਨ ਆਗੂ ਦਾ ਹਾਲ ਚਾਲ ਪੁੱਛਿਆ।

ਕਿਸਾਨ ਦਿੱਲੀ ਕੂਚ ਕਰਨ ਲਈ ਦ੍ਰਿੜ੍ਹ

ਉਧਰ, ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਕੂਚ ਜ਼ਰੂਰ ਕਰਨਗੇ ਤੇ ਕਿਸੇ ਵੀ ਤਰ੍ਹਾਂ ਦੇ ‘ਜਬਰ ਤੇ ਜ਼ੁਲਮ’ ਦਾ ਟਾਕਰਾ ਸਬਰ ਤੇ ਸੰਤੋਖ ਨਾਲ ਕਰਨਗੇ। ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਪੰਧੇਰ, ਸੁਰਜੀਤ ਫੂਲ ਤੇ ਜਸਵਿੰਦਰ ਲੌਂਗੋਵਾਲ, ਬਲਵੰਤ ਬਹਿਰਾਮਕੇ ਤੇ ਗੁਰਮਨੀਤ ਮਾਂਗਟ ਨੇ ਦਿੱਲੀ ਕੂਚ ਦੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਕੀਤਾ। ਆਗੂਆਂ ਨੇ ਆਖਿਆ ਕਿ ਉਨ੍ਹਾਂ ਦਾ ਦਿੱਲੀ ਸਣੇ ਕਿਤੇ ਵੀ ਟਰੈਫਿਕ ’ਚ ਵਿਘਨ ਪਾਉਣ ਦਾ ਕੋਈ ਇਰਾਦਾ ਨਹੀਂ ਹੈ, ਬਲਕਿ ਉਹ ਸਿਰਫ਼ ਦਿੱਲੀ ਜਾ ਕੇ ਕਿਸਾਨੀ ਮੰਗਾਂ ਵੱਲ ਕੇਂਦਰ ਧਿਆਨ ਦਿਵਾਉਣਾ ਚਾਹੁੰਦੇ ਹਨ।

Advertisement
Author Image

joginder kumar

View all posts

Advertisement