ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
ਪੱਤਰ ਪ੍ਰੇਰਕ
ਰਤੀਆ, 13 ਨਵੰਬਰ
ਟਰੈਫਿਕ ਪੁਲੀਸ ਨੇ ਸੰਜੇ ਗਾਂਧੀ ਚੌਕ ਤੋਂ ਇਲਾਵਾ ਹੋਰ ਮਾਰਗਾਂ ’ਤੇ ਨਾਕੇਬੰਦੀ ਲਗਾ ਕੇ ਬਿਨਾਂ ਦਸਤਾਵੇਜ਼ਾਂ, ਬਿਨਾਂ ਨੰਬਰ, ਦੁਪਹੀਆ ਵਾਹਨਾਂ ਅਤੇ 3 ਸਵਾਰੀਆਂ, ਚੱਲਦੇ ਵਾਹਨ ਤੇ ਮੋਬਾਈਲ ਦੀ ਵਰਤੋਂ ਕਰਨ ਅਤੇ ਪਟਾਕੇ ਵਜਾਉਣ ਵਾਲੇ ਬੁਲੇਟ ਮੋਟਰਸਾਈਕਲਾਂ ਲਈ ਸਖ਼ਤ ਕਾਰਵਾਈ ਕਰਦੇ ਹੋਏ ਚਲਾਨ ਕੱਟੇ ਹਨ। ਟਰੈਫਿਕ ਪੁਲੀਸ ਦੇ ਇੰਚਾਰਜ ਭੀਮ ਸਿੰਘ ਦੀ ਅਗਵਾਈ ਵਿੱਚ ਦਰਜਨਾਂ ਪੁਲੀਸ ਕਰਮਚਾਰੀਆਂ ਨੇ ਅੱਜ ਸਵੇਰੇ ਹੀ ਚੌਕ ਦੇ ਆਸ-ਪਾਸ ਨਾਕੇ ਲਗਾ ਕੇ ਕੋਈ ਵੀ ਦੁਪਹੀਆ ਜਾਂ ਹੋਰ ਵਾਹਨ ਚਾਲਕ ਜੋ ਚੱਲਦੀ ਗੱਡੀ ਵਿੱਚ ਮੋਬਾਈਲ ਦੀ ਵਰਤੋਂ ਕਰ ਰਹੇ ਸਨ, ਉਨ੍ਹਾਂ ਦੇ ਮੌਕੇ ’ਤੇ ਹੀ ਚਲਾਨ ਕੱਟੇ ਜਾ ਰਹੇ ਸਨ।
ਇਸ ਦੇ ਨਾਲ-ਨਾਲ ਦੁਪਹੀਆ ਵਾਹਨਾਂ ’ਤੇ 2 ਤੋਂ ਜ਼ਿਆਦਾ ਸਵਾਰੀਆਂ ’ਤੇ ਵੀ ਨਜ਼ਰ ਰੱਖੀ ਗਈ ਅਤੇ ਅਜਿਹੇ ਵਾਹਨ ਚਾਲਕਾਂ ਦੇ ਵੀ ਚਲਾਨ ਕੱਟੇ ਗਏ। ਟਰੈਫਿਕ ਪੁਲੀਸ ਨੇ ਵਿਸ਼ੇਸ਼ ਕਰਕੇ ਪਟਾਕੇ ਵਜਾਉਣ ਵਾਲੇ ਬੁਲੇਟ ਮੋਟਰਸਾਈਕਲਾਂ ਦੀ ਫੜੋ ਫੜੀ ਲਈ ਵਿਸ਼ੇਸ਼ ਨਾਕੇ ਲਗਾਏ ਸਨ।
ਹਾਲਾਂਕਿ ਪੁਲੀਸ ਵੱਲੋਂ ਅਜਿਹੇ ਵਾਹਨਾਂ ਦੀ ਫੜੋ ਫੜੀ ਲਈ ਸਮੇਂ-ਸਮੇਂ ’ਤੇ ਮੁਹਿੰਮ ਚਲਾਈ ਜਾਂਦੀ ਹੈ ਪਰ ਅੱਜ ਪੁਲੀਸ ਟੀਮ ਦੀ ਮੁਹਿੰਮ ਪਿਛਲੇ ਮੁਹਿੰਮਾਂ ਤੋਂ ਹਟ ਕੇ ਸੀ ਅਤੇ ਹਰ ਵਾਹਨ ਚਾਲਕ ਤੇ ਸਖਤ ਨਜ਼ਰ ਹੋਣ ਦੇ ਨਾਲ-ਨਾਲ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸੇ ਦੌਰਾਨ ਚੈਕਿੰਗ ਮੌਕੇ ਪ੍ਰਮੁੱਖ ਚੌਕ ਤੇ ਅਨੇਕਾਂ ਵਾਹਨ ਚਾਲਕਾਂ ਦੀ ਟਰੈਫਿਕ ਪੁਲੀਸ ਟੀਮ ਨਾਲ ਨੋਕ ਝੋਕ ਵੀ ਹੁੰਦੀ ਦੇਖੀ ਗਈ, ਜਿਸ ਤਹਿਤ ਟਰੈਫਿਕ ਪੁਲੀਸ ਟੀਮ ਨੇ ਅਜਿਹੇ ਲੋਕਾਂ ਦੇ ਆਨਲਾਈਨ ਚਲਾਨ ਕੱਟੇ।