ਗੂਹਲਾ ਪੰਚਾਇਤ ਸਮਿਤੀ ਦੀ ਚੇਅਰਪਰਸਨ ਨੂੰ ਅਹੁਦੇ ਤੋਂ ਹਟਾਇਆ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 27 ਨਵੰਬਰ
ਇਥੇ ਗੂਹਲਾ ਪੰਚਾਇਤ ਕਮੇਟੀ ਦੀ ਚੇਅਰਪਰਸਨ ਖ਼ਿਲਾਫ਼ ਅੱਜ ਲਿਆਂਦਾ ਬੇਭਰੋਸਗੀ ਮਤਾ ਵੀ ਪਾਸ ਕਰ ਦਿੱਤਾ ਗਿਆ। ਗੂਹਲਾ ਪੰਚਾਇਤ ਸਮਿਤੀ ਦੇ ਕੁੱਲ 22 ਮੈਂਬਰਾਂ ਵਿੱਚੋਂ 19 ਕੌਂਸਲਰਾਂ ਨੇ ਚੇਅਰਮੈਨ ਦੇ ਖ਼ਿਲਾਫ਼ ਵੋਟ ਪਾ ਕੇ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ। 18 ਨਵੰਬਰ ਨੂੰ ਗੂਹਲਾ ਪੰਚਾਇਤ ਸਮਿਤੀ ਦੇ 18 ਕੌਂਸਲਰਾਂ ਨੇ ਵਧੀਕ ਡਿਪਟੀ ਕਮਿਸਨਰ ਦੀਪਕ ਬਾਬੂ ਲਾਲ ਕਰਵਾ ਨੂੰ ਬੇਭਰੋਸਗੀ ਮਤਾ ਸੌਂਪ ਕੇ ਚੇਅਰਪਰਸਨ ਡਿਪਲ ਰਾਣੀ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਸੀ। ਵਧੀਕ ਡਿਪਟੀ ਕਮਿਸਨਰ ਨੇ 27 ਨਵੰਬਰ ਨੂੰ ਵੋਟਿੰਗ ਦਾ ਦਿਨ ਤੈਅ ਕੀਤਾ ਸੀ। ਅੱਜ ਦੁਪਹਿਰ 2.15 ਵਜੇ ਦੇ ਕਰੀਬ ਗੂਹਲਾ ਦੇ ਸਾਬਕਾ ਵਿਧਾਇਕ ਕੁਲਵੰਤ ਬਾਜੀਗਰ ਦੀ ਅੁਗਵਾਈ ਹੇਠ ਕੁੱਲ 19 ਕੌਂਸਲਰ ਟੈਂਪੂ ਟਰੈਵਲ ਗੱਡੀ ਵਿੱਚ ਚੀਕਾ ਸਥਿਤ ਗੂਹਲਾ ਪੰਚਾਇਤ ਦਫ਼ਤਰ ਪੁੱਜੇ, ਜਿੱਥੇ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸਨਰ ਕੈਥਲ ਦੀਪਕ ਬਾਬੂ ਲਾਲ ਕਾਰਵਾ ਦੀ ਦੇਖ-ਰੇਖ ਹੇਠ ਚੋਣ ਕਰਵਾਈ ਗਈ।ਚੋਣਾਂ ਸਮੇਂ ਹਾਜ਼ਰ ਸਾਰੇ 19 ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਪ੍ਰਧਾਨ ਦੇ ਖ਼ਿਲਾਫ਼ ਹੋਣ ਦੀ ਗੱਲ ਕਹੀ। ਚੋਣ ਮੁਕੰਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਟਰਨਿੰਗ ਅਫ਼ਸਰ ਵਧੀਕ ਡਿਪਟੀ ਕਮਿਸਨਰ ਕੈਥਲ ਦੀਪਕ ਬਾਬੂ ਲਾਲ ਕਾਰਵਾ ਨੇ ਦੱਸਿਆ ਕਿ ਅੱਜ 19 ਕੌਂਸਲਰਾਂ ਨੇ ਪ੍ਰਧਾਨ ਦੇ ਖ਼ਿਲਾਫ਼ ਵੋਟ ਪਾਈ ਹੈ ਅਤੇ ਬੇਭਰੋਸਗੀ ਮਤਾ 19-3 ਦੇ ਫਰਕ ਨਾਲ ਪਾਸ ਹੋ ਗਿਆ ਹੈ। ਚੋਣਾਂ ਕਰਵਾਉਣ ਲਈ ਤਹਿਸੀਲਦਾਰ ਗੂਹਲਾ ਮਨਜੀਤ ਸਿੰਘ ਨੂੰ ਡਿਊਟੀ ਮੈਜਿਸਟਰੇਟ ਨਿਯੁਕਤ ਕੀਤਾ ਗਿਆ ।ਚੋਣ ਪ੍ਰਕਿਰਿਆ ਦੌਰਾਨ ਅਮਨ-ਸਾਂਤੀ ਬਣਾਈ ਰੱਖਣ ਲਈ ਚੀਕਾ ਥਾਣਾ ਇੰਚਾਰਜ ਸੁਰੇਸ਼ ਕੁਮਾਰ ਭਾਰੀ ਪੁਲੀਸ ਫੋਰਸ ਨਾਲ ਮੌਜੂਦ ਸਨ। ਅੱਜ 19 ਕੌਂਸਲਰ ਚੋਣਾਂ ਵਿੱਚ ਹਿੱਸਾ ਲੈਣ ਲਈ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਦੀ ਅੁਗਵਾਈ ਹੇਠ ਪੰਚਾਇਤ ਦਫ਼ਤਰ ਪੁੱਜੇ ਸਨ। ਅਖੀਰ ਤੱਕ ਨਾ ਤਾਂ ਖੁਦ ਚੇਅਰਪਰਸਨ ਉੱਥੇ ਪਹੁੰਚੀ ਅਤੇ ਨਾ ਹੀ ਕੋਈ ਕੌਂਸਲਰ ਉਨ੍ਹਾਂ ਦੇ ਸਮਰਥਨ ਵਿੱਚ ਆਇਆ।